ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ, ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨ ''ਤੇ CM ਚੰਨੀ ਦਾ ਪਲਟਵਾਰ

Saturday, Nov 27, 2021 - 11:41 AM (IST)

ਸੱਜੇ ਤੇ ਖੱਬੇ ਪਾਸੇ ਮਾਫ਼ੀਆ ਬੈਠਾ, ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨ ''ਤੇ CM ਚੰਨੀ ਦਾ ਪਲਟਵਾਰ

ਜਲੰਧਰ- ਅਰਵਿੰਦ ਕੇਜਰੀਵਾਲ ਵੱਲੋਂ ਸੱਜੇ ਪਾਸੇ ਟਰਾਂਸਪੋਰਟ ਮਾਫ਼ੀਆ ਤੇ ਖੱਬੇ ਪਾਸੇ ਰੇਤ ਮਾਫ਼ੀਆ ਬੈਠਾ ਦੇ ਦਿੱਤੇ ਗਏ ਬਿਆਨ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਲਟ ਜਵਾਬ ਦਿੱਤਾ ਹੈ। 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਲਈ ਗਈ ਇੰਟਰਵਿਊ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕੇਜਰੀਵਾਲ ਡਰਾਮੇਬਾਜ਼ ਆਦਮੀ ਹੈ। ਉਸ ਦੀ ਹਰ ਗੱਲ ਅਸਲੀਅਤ ਤੋਂ ਦੂਰ ਹੁੰਦੀ ਹੈ। ਤੁਸੀਂ ਪਿੰਡਾਂ ਵਿਚ ਜਾ ਕੇ ਪੁੱਛੋ। ਸਾਡਾ ਬਿਜਲੀ ਬਿੱਲ ਮੁਆਫ਼ੀ ਦਾ ਫ਼ੈਸਲਾ ਲਾਗੂ ਹੋ ਚੁੱਕਾ ਹੈ। ਬਿੱਲ ਮੁਆਫ਼ ਹੋ ਚੁੱਕੇ ਹਨ। ਇਸ ਕਾਰਨ 50 ਲੱਖ ਲੋਕਾਂ ਨੂੰ ਫਾਇਦਾ ਹੋਇਆ ਹੈ। ਪੈਟਰੋਲ ਸਸਤਾ ਹੋ ਚੁੱਕਾ ਹੈ। ਜਾ ਕੇ ਪੰਪ ਤੋਂ ਪੁੱਛ ਸਕਦੇ ਹੋ। ਰਹੀ ਗੱਲ ਰੇਤ ਦੀ ਤਾਂ 1-2 ਥਾਵਾਂ ਤੋਂ ਖ਼ਬਰਾਂ ਆਈਆਂ ਕਿ ਰੇਤ ਅਜੇ ਵੀ 7 ਰੁਪਏ ਤੋਂ ਉੱਪਰ ਵਿਕ ਰਹੀ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਦੇ 22 ਰੁਪਏ ਵਿਕਣ ਵਾਲੀ ਰੇਤ ਅੱਜ 7 ਰੁਪਏ ’ਤੇ ਆ ਗਈ ਹੈ। ਜਿਹੜੀ ਵੀ ਕਮੀ ਰਹਿ ਗਈ ਹੈ, ਮੈਂ ਉਸ ਨੂੰ ਦੂਰ ਕਰਕੇ ਰਹਾਂਗਾ। 

ਕਰਮਚਾਰੀਆਂ ਨੂੰ ਪੱਕਾ ਕਰਨ ਲਈ ਅਸੀਂ ਕਾਨੂੰਨ ਲੈ ਕੇ ਆਏ ਹਾਂ। ਇਸ ਅਧੀਨ 10 ਸਾਲ ਤੱਕ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਅਸੀਂ ਪੱਕਾ ਕਰ ਦਿੱਤਾ ਹੈ। ਇਸ ਤਰ੍ਹਾਂ ਜਿਸ ਦੇ ਵੀ ਨੌਕਰੀ ਦੇ 10 ਸਾਲ ਮੁਕੰਮਲ ਹੋ ਜਾਣਗੇ, ਉਹ ਆਪਣੇ-ਆਪ ਪੱਕਾ ਮੁਲਾਜ਼ਮ ਬਣ ਜਾਏਗਾ। ਮੈਂ ਪਹਿਲਾਂ ਕੈਬਨਿਟ ਵਿਚ ਪਾਸ ਕਰਦਾ ਹਾਂ, ਫਿਰ ਨੋਟੀਫਿਕੇਸ਼ਨ ਜਾਰੀ ਕਰਦਾ ਹਾਂ। ਮੈਂ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰਨ ਕਿ ਮੇਰਾ ਕਿਹੜਾ ਫ਼ੈਸਲਾ ਅਜੇ ਤੱਕ ਲਾਗੂ ਨਹੀਂ ਹੋਇਆ। ਕੇਜਰੀਵਾਲ ਦੀਆਂ ਸਭ ਗਾਰੰਟੀਆਂ ਝੂਠੀਆਂ ਹਨ। ਜੇ ਉਹ ਸੱਚੇ ਹਨ ਤਾਂ ਦਿੱਲੀ ਵਿਚ ਇਹ ਸਭ ਲਾਗੂ ਕਿਉਂ ਨਹੀਂ ਕਰ ਦਿੰਦੇ? ਜਿਹੜਾ ਆਦਮੀ ਆਪਣੀ ਹੀ ਪਾਰਟੀ ਨੂੰ ਨਹੀਂ ਬਚਾ ਸਕਿਆ ਉਹ ਪੰਜਾਬ ਨੂੰ ਕਿਵੇਂ ਬਚਾਏਗਾ?

ਇਹ ਵੀ ਪੜ੍ਹੋ: ਜਲੰਧਰ 'ਚ ਰਿਸ਼ਤੇ ਹੋਏ ਤਾਰ-ਤਾਰ, ਭਰਾ ਹੀ ਬਣਾਉਂਦਾ ਰਿਹਾ ਸਕੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ

PunjabKesari

ਪਹਿਲਾਂ ਕਹਿੰਦੇ ਸੀ ਇਸ ਨੇ ਕੀ ਕਰਨਾ ਹੈ, ਹੁਣ ਕਹਿੰਦੇ ਹਨ ਇਸ ਦਾ ਕੀ ਕਰੀਏ
ਮੈਂ ਡਾਕਟਰ ਮਨਮੋਹਨ ਸਿੰਘ ਕੋਲੋਂ ਇਕ ਗੱਲ ਸਿੱਖੀ ਹੈ ਕਿ ਕੰਮ ਵਧੇਰੇ ਕਰਨਾ ਹੈ, ਬੋਲਣਾ ਘੱਟ ਹੈ ਪਰ ਮੈਂ ਟਿਕਦਾ ਨਹੀਂ ਅਤੇ ਨਾ ਹੀ ਮੈਂ ਕਿਸੇ ਨੂੰ ਟਿਕਣ ਦਿੰਦਾ ਹਾਂ। ਸਾਬਕਾ ਸੀ. ਐੱਮ. ਬਾਰੇ ਪਹਿਲਾਂ ਲੋਕ ਕਿਹਾ ਕਰਦੇ ਸਨ ਕਿ ਇਹ ਜਾਗਦਾ ਕਦੋਂ ਹੈ ਅਤੇ ਲੋਕਾਂ ਨੂੰ ਮਿਲਦਾ ਕਦੋਂ ਹੈ। ਹੁਣ ਪੁੱਛਦੇ ਹਨ ਕਿ ਮੌਜੂਦਾ ਸੀ. ਐੱਮ. ਸੌਂਦਾ ਕਦੋਂ ਹੈ? ਜਦੋਂ ਮੈਂ ਮੁੱਖ ਮੰਤਰੀ ਬਣਿਆ ਸੀ ਤਾਂ ਲੋਕ ਕਹਿੰਦੇ ਸਨ ਕਿ ਇਸ ਨੇ ਕੀ ਕਰਨਾ ਹੈ? ਹੁਣ ਉਹੀ ਲੋਕ ਕਹਿੰਦੇ ਹਨ ਕਿ ਇਸ ਦਾ ਕੀ ਕਰੀਏ? ਮੈਂ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਾਂ। ਮੈਂ ਖ਼ੁਦ ਲੋਕਾਂ ਨੂੰ ਫੋਨ ਕਰਕੇ ਕਹਿੰਦਾ ਹਾਂ ਕਿ ਮੇਰੇ ਕੋਲ ਸਮਾਂ ਘੱਟ ਹੈ, ਇਸ ਲਈ ਵੱਧ ਤੋਂ ਵੱਧ ਕੰਮ ਕਰਵਾ ਲਓ। ਮੇਰੀ ਸੋਚ ਹੈ ਕਿ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਮੈਂ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਪ੍ਰਦਾਨ ਕਰਾਂ। ਮੇਰੇ ਤੋਂ ਪਹਿਲਾਂ ਸਿਰਫ਼ ਇਕ ਪਰਿਵਾਰ ਨੂੰ ਸਭ ਕੁਝ ਜਾ ਰਿਹਾ ਸੀ ਪਰ ਅੱਜ ਅਸੀਂ ਸਰਕਾਰੀ ਪੈਸਾ ਪਬਲਿਕ ਵਿਚ ਵੰਡ ਰਹੇ ਹਾਂ। ਇਹੀ ਕਾਰਨ ਹੈ ਕਿ ਵਿਰੋਧੀਆਂ ਦੀ ਚਿੰਤਾ ਵਧ ਰਹੀ ਹੈ।

ਕੈਪਟਨ ਪਹਿਲਾਂ ਤੋਂ ਹੀ ਭਾਜਪਾ ਨਾਲ ਮਿਲੇ ਹੋਏ ਸਨ
ਚਰਨਜੀਤ ਸਿੰਘ ਚੰਨੀ ਕੋਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਕੈਪਟਨ ਪਹਿਲਾਂ ਤੋਂ ਹੀ ਭਾਜਪਾ ਨਾਲ ਮਿਲੇ ਹੋਏ ਸਨ ਅਤੇ ਅੱਜ ਵੀ ਉਨ੍ਹਾਂ ਦੇ ਨਾਲ ਹਨ। ਉਹ ਸਾਡੇ ਲੀਡਰ ਰਹੇ ਹਨ, ਇਸ ਲਈ ਮੈਂ ਉਨ੍ਹਾਂ ਸਬੰਧੀ ਵਧੇਰੇ ਨਹੀਂ ਬੋਲਣਾ ਚਾਹਾਂਗਾ। ਮੇਰੇ ਕੋਲ ਕੰਮ ਹੀ ਇੰਨਾ ਹੈ ਕਿ ਦੂਜਿਆਂ ਦੀ ਆਲੋਚਨਾ ਕਰਨ ਲਈ ਸਮਾਂ ਨਹੀਂ ਹੈ। ਮੇਰਾ ਫੋਕਸ ਲੋਕਾਂ ਨੂੰ ਸਹੂਲਤਾਂ ਦੇਣ ’ਤੇ ਹੈ।

PunjabKesari

ਸੀ. ਐੱਮ. ਚੰਨੀ ਦੇ ਨਿਸ਼ਾਨੇ
ਪੰਜਾਬ ਦੇ ਪਾਣੀ ਅਤੇ ਵਾਤਾਵਰਣ ਨੂੰ ਸਿਹਤਮੰਦ ਬਣਾਉਣਾ
ਇਲੈਕਟ੍ਰਿਕ ਵ੍ਹੀਕਲ ਨੂੰ ਉਤਸ਼ਾਹਿਤ ਕਰਨਾ
ਆਰਗੈਨਿਕ ਖੇਤੀ ਦੀ ਨਵੀਂ ਤਕਨੀਕ ਲਿਆਉਣੀ
ਸਕੂਲਾਂ ਵਿਚ ਵਧੀਆ ਸਿੱਖਿਆ
ਹੈਲਥ ਸਿਸਟਮ ਵਿਚ ਸੁਧਾਰ
ਭ੍ਰਿਸ਼ਟਾਚਾਰ ਮੁਕਤ ਪੰਜਾਬ
ਐੱਨ. ਆਰ. ਆਈਜ਼ ਲਈ ਨਵੀਂ ਪਾਲਿਸੀ

ਇਹ ਵੀ ਪੜ੍ਹੋ: ਪਰਗਟ ਸਿੰਘ ਦੇ ਕੇਜਰੀਵਾਲ ’ਤੇ ਤਿੱਖੇ ਸ਼ਬਦੀ ਹਮਲੇ, ਕਿਹਾ-ਦਿੱਲੀ ਤੇ ਪੰਜਾਬ ਦੀ ਨਹੀਂ ਹੋ ਸਕਦੀ ਤੁਲਨਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News