ਯੂਕ੍ਰੇਨ ਸੰਕਟ ''ਤੇ ਮੁੱਖ ਮੰਤਰੀ ਚੰਨੀ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਕੀਤੀ ਬੈਠਕ

Saturday, Mar 05, 2022 - 10:53 AM (IST)

ਚੰਡੀਗੜ੍ਹ (ਅਸ਼ਵਨੀ) : ਯੂਕ੍ਰੇਨ ਸੰਕਟ ’ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਬੈਠਕ ਕੀਤੀ। ਬੈਠਕ ਦੌਰਾਨ ਯੂਕ੍ਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ’ਤੇ ਚਰਚਾ ਕੀਤੀ ਗਈ। ਬੈਠਕ ਦੌਰਾਨ ਦੱਸਿਆ ਗਿਆ ਕਿ ਯੂਕ੍ਰੇਨ ’ਚ 1 ਹਜ਼ਾਰ ਤੋਂ ਵੱਧ ਵਿਦਿਆਰਥੀ ਫਸੇ ਹੋਏ ਸਨ, ਜਿਨ੍ਹਾਂ ਵਿਚੋਂ 75 ਫ਼ੀਸਦੀ ਵਿਦਿਆਰਥੀ ਸੁਰੱਖਿਅਤ ਵਾਪਸ ਆ ਗਏ ਹਨ ਪਰ ਅਜੇ ਵੀ ਕਰੀਬ 300 ਵਿਦਿਆਰਥੀ ਫਸੇ ਹੋਏ ਹਨ। ਮੰਤਰੀਆਂ ਤੇ ਵਿਧਾਇਕਾਂ ਨੇ ਇਕ ਸੁਰ ਵਿਚ ਕੇਂਦਰ ਸਰਕਾਰ ਨੂੰ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦਾ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : 'ਪੰਜਾਬ ਖੇਤੀਬਾੜੀ ਯੂਨੀਵਰਸਿਟੀ' ਨੇ ਮਾਰਚ-2022 'ਚ ਲੱਗਣ ਵਾਲੇ 'ਕਿਸਾਨ ਮੇਲਿਆਂ ਦੀਆਂ ਤਾਰੀਖ਼ਾਂ ਐਲਾਨੀਆਂ

ਇਸ ਬੈਠਕ ਵਿਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਵਿਧਾਇਕ ਕੁਲਬੀਰ ਜੀਰਾ ਹਾਜ਼ਰ ਸਨ। ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੀਟਿੰਗ ’ਚ ਯੂਕ੍ਰੇਨ ’ਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੇ ਮਾਮਲੇ ਸਬੰਧੀ ਪੰਜਾਬ ਸਰਕਾਰ ਲਗਾਤਾਰ ਕੇਂਦਰ ਸਰਕਾਰ ਦੇ ਸੰਪਰਕ ਵਿਚ ਹੈ। ਡਾ. ਵੇਰਕਾ ਨੇ ਦੱਸਿਆ ਕਿ ਯੂਕ੍ਰੇਨ ਵਿਚ ਇਕ ਹਜ਼ਾਰ ਤੋਂ ਵੱਧ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ’ਚੋਂ 75 ਫ਼ੀਸਦੀ ਵਿਦਿਆਰਥੀਆਂ ਨੂੰ ਪੰਜਾਬ ਵਾਪਸ ਲਿਆਂਦਾ ਜਾ ਚੁੱਕਾ ਹੈ ਅਤੇ ਹੁਣ 300 ਦੇ ਕਰੀਬ ਵਿਦਿਆਰਥੀ ਹਨ, ਜੋ ਇਕ-ਦੋ ਦਿਨਾਂ ਵਿਚ ਭਾਰਤ ਵਾਪਸ ਆ ਜਾਣਗੇ।

ਇਹ ਵੀ ਪੜ੍ਹੋ : ਪਿਆਕੜਾਂ ਲਈ ਮਾੜੀ ਖ਼ਬਰ, ਇਸ ਤਾਰੀਖ਼ ਤੋਂ ਮਹਿੰਗੀ ਹੋਵੇਗੀ ਸ਼ਰਾਬ

ਡਾ. ਵੇਰਕਾ ਨੇ ਦੱਸਿਆ ਕਿ ਯੂਕ੍ਰੇਨ ਵਿਚ ਪੰਜਾਬ ਦੇ ਇਕ ਵਿਦਿਆਰਥੀ ਦੀ ਮੌਤ ਹੋ ਗਈ, ਉਸ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪੰਜਾਬ ਸਰਕਾਰ ਨੂੰ ਆਸ ਹੈ ਕਿ ਭਾਰਤ ਸਰਕਾਰ ਇਸ ਮੁੱਦੇ ਵੱਲ ਗੰਭੀਰਤਾ ਨਾਲ ਧਿਆਨ ਦੇਵੇਗੀ ਅਤੇ ਉਸਦੀ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਂਦਾ ਜਾਵੇਗਾ। ਡਾ. ਵੇਰਕਾ ਨੇ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਹੋਣ ਦੇ ਨਾਤੇ ਮੁੱਖ ਮੰਤਰੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ ਕਿ ਯੂਕ੍ਰੇਨ ਵਿਚ ਪੰਜਾਬ ਨਾਲ ਸਬੰਧਿਤ ਮੈਡੀਕਲ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਡਿਗਰੀ ਅਧੂਰੀ ਨਾ ਰਹੇ ਅਤੇ ਇਸ ਲਈ ਲੋੜੀਂਦੇ ਕਦਮ ਚੁੱਕੇ ਜਾਣ। ਇਸ ਕਾਰਨ ਉਹ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਸੰਪਰਕ ਵਿਚ ਹਨ, ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪੀੜਤ ਵਿਦਿਆਰਥੀਆਂ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਅਤੇ ਆਈ. ਐੱਮ. ਏ. ਨਾਲ ਉਹ ਗੱਲ ਕਰ ਰਹੇ ਹਨ।

ਇਹ ਵੀ ਪੜ੍ਹੋ : ਯੂਕ੍ਰੇਨ 'ਚੋਂ ਵਾਪਸ ਪਰਤੀ ਦਾਮਿਨੀ ਦੀਆਂ ਅੱਖਾਂ 'ਚ ਸੀ ਜੰਗ ਦਾ ਖ਼ੌਫਨਾਕ ਮੰਜ਼ਰ, ਲੋਕਾਂ ਨੇ ਕੀਤਾ ਜ਼ੋਰਦਾਰ ਸੁਆਗਤ
ਨਾਂ ਲਏ ਬਿਨਾਂ ਸੰਸਦ ਮੈਂਬਰਾਂ ’ਤੇ ਕੀਤਾ ਹਮਲਾ
ਮੀਟਿੰਗ ਵਿਚ ਕਿਸੇ ਵੀ ਸੰਸਦ ਮੈਂਬਰ ਦਾ ਨਾਂ ਲਏ ਬਿਨਾਂ ਉਨ੍ਹਾਂ ਰਿਪੋਰਟਾਂ ਦੀ ਵੀ ਨਿਖ਼ੇਧੀ ਕੀਤੀ ਗਈ, ਜਿਨ੍ਹਾਂ ਵਿਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਯੂਕ੍ਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਸਬੰਧੀ ਮਾਮਲੇ ਵਿਚ ਕੋਈ ਠੋਸ ਉਪਰਾਲਾ ਨਹੀਂ ਕਰ ਰਹੀ। ਡਾ. ਵੇਰਕਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਸਮੁੱਚੀ ਕੈਬਨਿਟ ਇਸ ਮੁੱਦੇ ’ਤੇ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News