ਮੁੜ ਭੱਖਣ ਲੱਗਾ ਮੰਤਰੀ ਚੰਨੀ ਵਲੋਂ ਮਹਿਲਾ ਅਫ਼ਸਰ ਨੂੰ ਭੇਜੇ ਇਤਰਾਜ਼ਯੋਗ ਮੈਸੇਜ ਦਾ ਮਾਮਲਾ, ਡਿੱਗ ਸਕਦੀ ਹੈ ਗਾਜ
Monday, May 17, 2021 - 06:45 PM (IST)
ਪਟਿਆਲਾ/ਚੰਡੀਗੜ੍ਹ (ਰਾਜੇਸ਼ ਪੰਜੌਲਾ) : ਮਹਿਲਾ ਉਤਪੀੜਨ ਦੇ ਮਾਮਲੇ ’ਚ ਹਾਲ ਹੀ ’ਚ ਕਰਨਾਟਕ ਦੇ ਮੰਤਰੀ ਰਮੇਸ਼ ਜਰਕੀ ਕੋਹਲੀ ਤੇ ਮਹਾਰਾਸ਼ਟਰ ਦੇ ਮੰਤਰੀ ਸੰਜੇ ਰਾਠੌੜ ਨੂੰ ਕੈਬਨਿਟ ’ਚੋਂ ਹਟਾਉਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਵੀ ਤੂਲ ਫੜਨ ਲੱਗਾ ਹੈ। ਸੂਬੇ ਦੀ ਬਿਊਰੋਕ੍ਰੇਸੀ ਚਾਹੁੰਦੀ ਹੈ ਕਿ ਜਿਸ ਤਰ੍ਹਾਂ ਕਰਨਾਟਕ ਅਤੇ ਮਹਾਰਾਸ਼ਟਰ ’ਚ ਸਖ਼ਤ ਫ਼ੈਸਲਾ ਲਿਆ ਹੈ, ਉਸੇ ਤਰ੍ਹਾਂ ਦਾ ਫ਼ੈਸਲਾ ਪੰਜਾਬ ’ਚ ਵੀ ਲਿਆ ਜਾਵੇ ਤਾਂ ਕਿ ਸੂਬੇ ਦੀ ਮਹਿਲਾ ਅਧਿਕਾਰੀਆਂ ਨੂੰ ਇਨਸਾਫ਼ ਮਿਲ ਸਕੇ। ਕੁੱਝ ਸਮਾਂ ਪਹਿਲਾਂ ਹੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਤਕਨੀਕ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਚੰਨੀ ਦੇ ਵਿਭਾਗ ’ਚ ਤਾਇਨਾਤ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਚੁੱਕਿਆ ਸੀ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਮੈਸੇਜ ਭੇਜਿਆ ਹੈ। ਉਸ ਸਮੇਂ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਿਆ ਸੀ। ਚੁਫੇਰਿਓਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਸੀ ਕਿ ਮੰਤਰੀ ਚੰਨੀ ਨੂੰ ਕੈਬਨਿਟ ਤੋਂ ਬਰਖਾਸਤ ਕੀਤਾ ਜਾਵੇ। ਇਹ ਮਾਮਲਾ ਅਜੇ ਵੀ ਪੈਂਡਿੰਗ ਚੱਲ ਰਿਹਾ ਹੈ। ਹੁਣ ਜਿਵੇਂ ਹੀ ਬੀਬੀਆਂ ਨਾਲ ਸਬੰਧਤ ਮਾਮਲੇ ’ਚ ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਆਪਣੇ ਮੰਤਰੀਆਂ ਤੋਂ ਅਸਤੀਫ਼ੇ ਲੈ ਲਏ ਹਨ, ਅਜਿਹੇ ’ਚ ਪੰਜਾਬ ਦੀ ਬਿਊਰੋਕ੍ਰੇਸੀ ਇਸ ਮਾਮਲੇ ’ਚ ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਕਾਰਵਾਈ ’ਤੇ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਦਾ ਵੱਡਾ ਬਿਆਨ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਈ. ਏ. ਐੱਸ. ਅਧਿਕਾਰੀ ਜਲਦੀ ਹੀ ਇਸ ਮਾਮਲੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੂਬੇ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੁਲਾਕਾਤ ਕਰਕੇ ਕਰਨਾਟਕ ਤੇ ਮਹਾਰਾਸ਼ਟਰ ਵਰਗੀ ਕਾਰਵਾਈ ਦੀ ਮੰਗ ਕਰਨਗੇ। ਪੰਜਾਬ ਆਈ. ਏ. ਐੱਸ. ਐਸੋਸੀਏਸ਼ਨ ਨਾਲ ਸਬੰਧਤ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਦੇ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਇਕਜੁੱਟ ਹਨ। ਦੋਸ਼ੀ ਜਿੰਨੇ ਵੀ ਵੱਡੇ ਅਹੁਦੇ ’ਤੇ ਹੋਵੇ, ਉਸ ਦੇ ਖ਼ਿਲਾਫ਼ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਦੇਸ਼ ਦੇ ਹੀ 2 ਸੂਬਿਆਂ ਨੇ ਕੁੱਝ ਦਿਨ ਪਹਿਲਾਂ ਹੀ ਇਸੇ ਤਰ੍ਹਾਂ ਦੇ ਮਾਮਲੇ ’ਚ ਸਖ਼ਤ ਫ਼ੈਸਲਾ ਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਉਹ ਕਰਨਾਟਕ ਤੇ ਮਹਾਰਾਸ਼ਟਰ ਦੀ ਤਰ੍ਹਾਂ ਕੈਬਨਿਟ ਮੰਤਰੀ ਚੰਨੀ ਤੋਂ ਅਸਤੀਫ਼ਾ ਲੈਣ। ਸਖ਼ਤ ਫ਼ੈਸਲਾ ਲੈਣ ਨਾਲ ਸਿਰਫ ਮਹਿਲਾ ਅਫਸਰਾਂ ’ਚ ਹੀ ਨਹੀਂ ਬਲਕਿ ਪੰਜਾਬ ਦੇ ਸਾਰੇ ਵਿਭਾਗਾਂ ’ਚ ਤਾਇਨਾਤ ਬੀਬੀਆੰ ਨੂੰ ਇਹ ਸੰਦੇਸ਼ ਜਾਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਬੀਆਂ ਦੇ ਮਾਣ ਸਨਮਾਨ ਦੇ ਨਾਲ ਕੋਈ ਸਮਝੌਤਾ ਨਹੀਂ ਕਰਦੇ।
ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਪਾਬੰਦੀਆਂ 31 ਮਈ ਤਕ ਵਧਾਈਆਂ
ਮਹਿਲਾਵਾਂ ਦੇ ਕਲਿਆਣ ਲਈ ਕੰਮ ਕਰਨ ਵਾਲੀ ਇਕ ਸੰਸਥਾ ਦੀ ਅਹੁਦੇਦਾਰ ਨੇ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਨੇ ਸਥਾਨਕ ਸੰਸਥਾਵਾਂ ’ਚ ਬੀਬੀਆਂ ਨੂੰ 50 ਫ਼ੀਸਦੀ ਰਾਖਵਾਂਕਰਨ, ਸਰਕਾਰੀ ਨੌਕਰੀਆਂ ’ਚ 33 ਫ਼ੀਸਦੀ ਰਾਖਵਾਂਕਰਨ ਸਮੇਤ ਮਹਿਲਾ ਕਲਿਆਣ ਤੇ ਸਨਮਾਨ ਲਈ ਇਤਿਹਾਸਕ ਫ਼ੈਸਲੇ ਲਏ ਹਨ। ਦੂਜੇ ਪਾਸੇ ਕੈਬਨਿਟ ਮੰਤਰੀ ਚੰਨੀ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦਾਗ ਸਰਕਾਰ ’ਤੇ ਲੱਗਾ ਹੋਇਆ ਹੈ, ਜਿਸ ਨੂੰ ਧੋਣਾ ਅਤਿ ਜ਼ਰੂਰੀ ਹੈ। ਮਹਿਲਾ ਸੰਗਠਨ ਨਾਲ ਜੁੜੀਆਂ ਬੀਬੀਆਂ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਤੇ ਕਰਨਾਟਕ ’ਚ ਵੀ ਮੰਤਰੀਆਂ ’ਤੇ ਸਿਰਫ ਦੋਸ਼ ਲੱਗੇ ਸੀ ਪਰ ਸੂਬੇ ਦੀਆਂ ਬੀਬੀਆਂ ਨੂੰ ਇਨਸਾਫ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਉਥੇ ਦੇ ਮੁੱਖ ਮੰਤਰੀ ਨੇ ਮੰਤਰੀਆਂ ਤੋਂ ਤਿਆਗ ਪੱਤਰ ਲੈ ਲਏ ਹਨ। ਪੰਜਾਬ ’ਚ ਵੀ ਕੈਬਨਿਟ ਮੰਤਰੀ ਚੰਨੀ ਤੋਂ ਤੁਰੰਤ ਅਸਤੀਫ਼ਾ ਲੈ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜਗਰਾਓਂ ’ਚ ਦੋ ਥਾਣੇਦਾਰਾਂ ਨੂੰ ਕਤਲ ਕਰਨ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗੈਂਗਸਟਰ ਜੈਪਾਲ ਭੁੱਲਰ ’ਤੇ ਮਾਮਲਾ ਦਰਜ
ਮਹਿਲਾ ਚੀਫ ਸੈਕਟਰੀ ਕੀ ਇਕ ਮਹਿਲਾ ਅਧਿਕਾਰੀ ਨੂੰ ਦੇਣਗੇ ਇਨਸਾਫ?
ਲੰਮੇ ਸਮੇਂ ਬਾਅਦ ਪੰਜਾਬ ਨੂੰ ਵਿੰਨੀ ਮਹਾਜਨ ਦੇ ਰੂਪ ’ਚ ਇਕ ਮਹਿਲਾ ਚੀਫ ਸੈਕਟਰੀ ਮਿਲੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸੂਬੇ ਦੇ ਪ੍ਰਸ਼ਾਸਨਿਕ ਸਿਸਟਮ ਦੇ ਸੀਨੀਅਰ ਅਹੁਦੇ ’ਤੇ ਬਿਰਾਜਮਾਨ ਚੀਫ ਸੈਕਟਰੀ ਵਿੰਨੀ ਮਹਾਜਨ ਇਕ ਮਹਿਲਾ ਅਧਿਕਾਰੀ ਨੂੰ ਇਨਸਾਫ ਦੇ ਸਕਣਗੇ। ਆਮ ਤੌਰ ’ਤੇ ਇਸ ਤਰ੍ਹਾਂ ਦੇ ਮਾਮਲਿਆਂ ’ਚ ਜੇਕਰ ਸ਼ਿਕਾਇਤ ਨਾ ਵੀ ਹੋਵੇ ਤਾਂ ਵੀ ਉੱਚ ਅਧਿਕਾਰੀ ਉਸ ਦਾ ਨੋਟਿਸ ਲੈ ਕੇ ਕਾਰਵਾਈ ਕਰਦੇ ਹਨ। ਇਸ ਮਾਮਲੇ ’ਚ ਸ਼ਿਕਾਇਤ ਆਉਣ ਤੋਂ ਬਾਅਦ ਕੀ ਚੀਫ ਸੈਕਟਰੀ ਸੂਬੇ ਦੀਆਂ ਮਹਿਲਾ ਅਧਿਕਾਰੀਆਂ ਦੇ ਸਨਮਾਨ ਦੀ ਬਹਾਲੀ ਲਈ ਖੁਦ ਮੁੱਖ ਮੰਤਰੀ ਨਾਲ ਮਿਲ ਕੇ ਕੈਬਨਿਟ ਮੰਤਰੀ ਚੰਨੀ ਨੂੰ ਬਰਖਾਸਤ ਕਰਨ ਜਾਂ ਫਿਰ ਉਨ੍ਹਾਂ ਤੋਂ ਅਸਤੀਫ਼ਾ ਲੈਣ ਦੀ ਦਿਸ਼ਾ ’ਚ ਕੰਮ ਕਰਨਗੇ?
ਇਹ ਵੀ ਪੜ੍ਹੋ : ਬੇਅਦਬੀ ਦੇ ਸਬੂਤ ਮੰਗਣ ਵਾਲੇ ਸੁਖਬੀਰ ਬਾਦਲ ਨੂੰ ਨਵਜੋਤ ਸਿੱਧੂ ਦਾ ਠੋਕਵਾਂ ਜਵਾਬ, ਪੇਸ਼ ਕੀਤੇ ਸਬੂਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?