ਸਿਟ ਵਲੋਂ ਗ੍ਰਿਫਤਾਰ ਕੀਤੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਨੂੰ ਝਟਕਾ
Saturday, Mar 02, 2019 - 06:37 PM (IST)

ਫ਼ਰੀਦਕੋਟ (ਰਾਜਨ) : ਬਹਿਬਲ ਕਲਾਂ ਗੋਲੀਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਵੱਲੋਂ ਆਪਣੀ ਜ਼ਮਾਨਤ ਲਈ ਸਥਾਨਕ ਮਾਨਯੋਗ ਸੈਸ਼ਨ ਕੋਰਟ ਵਿਚ ਲਗਾਈ ਗਈ ਦਰਖਾਸਤ ਨੂੰ ਮਾਨਯੋਗ ਜ਼ਿਲਾ 'ਤੇ ਸੈਸ਼ਨ ਜੱਜ ਫ਼ਰੀਦਕੋਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 1 ਮਾਰਚ ਨੂੰ ਦੋਹਾਂ ਧਿਰਾਂ ਦੇ ਵਕੀਲਾਂ ਦੀ ਬਹਿਸ ਉਪਰੰਤ ਅਦਾਲਤ ਵੱਲੋਂ ਫ਼ੈਸਲਾ 2 ਮਾਰਚ 'ਤੇ ਪਾ ਦਿੱਤਾ ਗਿਆ ਸੀ ਜਦਕਿ ਬਹਿਸ ਦੌਰਾਨ ਸਿਟ ਵੱਲੋਂ ਸਾਬਕਾ ਐੱਸ.ਐੱਸ.ਪੀ. ਦੀ ਜ਼ਮਾਨਤ ਦਰਖਾਸਤ ਨੂੰ ਰੱਦ ਕਰਵਾਉਣ ਲਈ ਆਪਣੀ ਪੂਰੀ ਵਾਹ ਲਾ ਦਿੱਤੀ ਗਈ।
ਦੂਜੇ ਪਾਸੇ 14 ਅਕਤੂਬਰ 2015 ਨੂੰ ਬਤੌਰ ਐੱਸ.ਡੀ.ਐੱਮ ਰਹੇ ਹਰਜੀਤ ਸਿੰਘ ਸੰਧੂ ਨੇ ਗਵਾਹ ਵਜੋਂ ਨਾਮਜ਼ਦ ਹੋਣ ਦੀ ਸੂਰਤ ਵਿਚ ਆਪਣੇ ਬਿਆਨ ਖੁਦ ਲਿਖਣ ਦੀ ਬਜਾਏ ਮੈਜਿਸਟ੍ਰੇਟ ਮਾਨਯੋਗ ਏਕਤਾ ਉੱਪਲ ਦੀ ਅਦਾਲਤ ਵਿਚ ਇਕਬਾਲੀਆ ਬਿਆਨ ਦਰਜ ਕਰਵਾ ਦਿੱਤੇ ਹਨ ਤਾਂ ਜੋ ਭਵਿੱਖ ਵਿਚ ਕਿਸੇ ਸੰਭਾਵੀ ਦਬਾਅ ਦੇ ਚੱਲਦਿਆਂ ਮੁੱਕਰ ਜਾਣ ਦੀ ਗੁੰਜਾਇਸ਼ ਨਾ ਰਹੇ। ਕੋਟਕਪੂਰਾ ਗੋਲੀਕਾਂਡ ਵੇਲੇ ਬਤੌਰ ਇਲਾਕਾ ਵਿਧਾਇਕ ਵਜੋਂ ਸੱਤਾ ਵਿਚ ਰਹੇ ਮਨਤਾਰ ਸਿੰਘ ਬਰਾੜ ਨੇ ਵੀ ਆਪਣੇ ਬਚਾਅ ਲਈ ਸਥਾਨਕ ਮਾਨਯੋਗ ਸੈਸ਼ਨ ਕੋਰਟ ਵਿਚ ਆਪਣੀ ਬਲੈਂਕੇ ਜ਼ਮਾਨਤ ਦੀ ਦਰਖਾਸਤ ਲਗਾ ਦਿੱਤੀ ਹੈ ਜਿਸਦੀ ਸੁਣਵਾਈ ਅਦਾਲਤ ਵੱਲੋਂ 5 ਮਾਰਚ ਨੂੰ ਨਿਰਧਾਰਿਤ ਕੀਤੀ ਗਈ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਸਿਟ ਵੱਲੋਂ ਆਪਣੇ ਕੈਂਪ ਦਫ਼ਤਰ ਫ਼ਰੀਦਕੋਟ ਵਿਖੇ ਬੀਤੀ 27 ਫ਼ਰਵਰੀ ਨੂੰ ਸਾਬਕਾ ਵਿਧਾਇਕ ਬਰਾੜ ਅਤੇ ਐੱਸ.ਡੀ.ਐੱਮ ਹਰਜੀਤ ਸਿੰਘ ਸੰਧੂ ਪਾਸੋਂ ਲਗਾਤਾਰ ਦੇਰ ਰਾਤ ਤੱਕ 10 ਘੰਟੇ ਪੁੱਛ ਪੜਤਾਲ ਕੀਤੀ ਸੀ ਜਿਸਦੇ ਚੱਲਦਿਆਂ ਸੰਧੂ ਅਤੇ ਬਰਾੜ ਨੇ ਆਪਣੇ ਬਚਾਓ ਲਈ ਉਕਤ ਉਪਰਾਲੇ ਕੀਤੇ ਹਨ।