ਚਰਨਜੀਤ ਚੰਨੀ ਦਾ ਨਵਾਂ ਕਾਰਨਾਮਾ, ਸਿੱਕਾ ਉਛਾਲ ਕੀਤੀ ਉਮੀਦਵਾਰ ਦੀ ਚੋਣ (ਵੀਡੀਓ)

Tuesday, Feb 13, 2018 - 03:58 PM (IST)

ਚੰਡੀਗੜ੍ਹ (ਰਮਨਜੀਤ) : ਤਕਨੀਕੀ ਸਿੱਖਿਆ ਮੰਤਰੀ ਦੇ ਦਫ਼ਤਰ ਵਿਚ ਸੋਮਵਾਰ ਨੂੰ ਇਕ ਵੱਖਰਾ ਹੀ ਨਜ਼ਾਰਾ ਸਾਹਮਣੇ ਆਇਆ। ਤਕਨੀਕੀ ਸਿੱਖਿਆ ਵਿਭਾਗ ਵਲੋਂ ਪਿਛਲੇ ਦਿਨੀਂ ਚੁਣੇ ਗਏ ਮਕੈਨੀਕਲ ਵਿਸ਼ੇ ਨਾਲ ਸਬੰਧਤ 37 ਲੈਕਚਰਾਰ ਪਹੁੰਚੇ ਸਨ। ਲੈਕਚਰਾਰਾਂ ਨੂੰ ਉਨ੍ਹਾਂ ਦੀ ਤਾਇਨਾਤੀ ਦੇ ਸਥਾਨਾਂ ਦੇ ਬਾਰੇ 'ਚ ਦੱਸਿਆ ਜਾਣਾ ਸੀ। ਚੁਣੇ ਗਏ ਲੈਕਚਰਾਰਾਂ ਨੂੰ ਪੁੱਛ ਕੇ ਉਨ੍ਹਾਂ ਦੇ ਘਰ ਦੇ ਨਜ਼ਦੀਕ ਦੇ ਹੀ ਪੋਸਟਿੰਗ ਸਟੇਸ਼ਨ ਦਿੱਤੇ ਗਏ ਪਰ ਜਿਥੇ ਅਹੁਦਿਆਂ ਦੀ ਗਿਣਤੀ ਘੱਟ ਤੇ ਚਾਹੁਣ ਵਾਲਿਆਂ ਦੀ ਵੱਧ ਸੀ, ਉਥੇ ਉਮੀਦਵਾਰਾਂ ਦੀ ਆਪਸੀ ਸਹਿਮਤੀ ਤੇ ਟਾਸ ਕਰਨ ਜਿਹੇ ਤਰੀਕਿਆਂ ਦਾ ਸਹਾਰਾ ਲਿਆ ਗਿਆ।
ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਮਕੈਨੀਕਲ ਟ੍ਰੇਡ ਦੇ ਅਧਿਆਪਕਾਂ ਨੂੰ ਇਸ ਸਬੰਧੀ ਬੁਲਾਇਆ ਗਿਆ ਸੀ ਪਰ ਆਈ. ਟੀ. ਆਈ. ਪਟਿਆਲਾ ਵਿਚ ਇਕ ਹੀ ਅਹੁਦਾ ਖਾਲੀ ਹੋਣ ਅਤੇ ਨਾਭਾ ਤੇ ਦੇਵੀਗੜ੍ਹ ਤੋਂ 2 ਉਮੀਦਵਾਰ ਉਥੇ ਹੋਣ ਕਾਰਨ ਮਾਮਲਾ ਉਲਝ ਗਿਆ। ਦੋਵਾਂ ਨੂੰ ਨਜ਼ਦੀਕ ਦੇ ਹੋਰ ਖਾਲੀ ਅਹੁਦਿਆਂ ਦੀ ਜਾਣਕਾਰੀ ਦਿੰਦਿਆਂ ਆਪਸੀ ਸਹਿਮਤੀ ਬਣਾਉਣ ਲਈ ਕਿਹਾ ਗਿਆ ਪਰ ਦੋਵੇਂ ਉਮੀਦਵਾਰਾਂ ਨੇ ਪਟਿਆਲਾ ਸਟੇਸ਼ਨ ਹੀ ਮੰਗਿਆ।
ਹੱਲ ਨਾ ਨਿਕਲਦਾ ਦੇਖ ਸਾਰੇ ਉਮੀਦਵਾਰਾਂ ਦੇ ਸਾਹਮਣੇ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਦੋਵੇਂ ਸਹਿਮਤ ਹੋਣ ਤਾਂ ਪਟਿਆਲਾ ਵਿਚ ਪੋਸਟਿੰਗ ਦਾ ਫੈਸਲਾ ਟਾਸ ਨਾਲ ਕੀਤਾ ਜਾ ਸਕਦਾ ਹੈ। ਦੋਵੇਂ ਉਮੀਦਵਾਰਾਂ ਦੇ ਸਹਿਮਤੀ ਜਤਾਉਣ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਚੰਨੀ ਨੇ ਖੁਦ ਸਿੱਕਾ ਉਛਾਲਿਆ ਤੇ ਇਕ ਉਮੀਦਵਾਰ ਨੂੰ ਪਟਿਆਲਾ ਵਿਚ ਪੋਸਟਿੰਗ ਮਿਲ ਗਈ।


Related News