ਚੰਨੀ ਸਾਹਮਣੇ 18 ਨਹੀਂ, ਪਹਿਲਾਂ 5 ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਰਹੇਗੀ ਚੁਣੌਤੀ

Tuesday, Sep 21, 2021 - 02:12 AM (IST)

ਚੰਨੀ ਸਾਹਮਣੇ 18 ਨਹੀਂ, ਪਹਿਲਾਂ 5 ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਰਹੇਗੀ ਚੁਣੌਤੀ

ਚੰਡੀਗੜ੍ਹ(ਅਸ਼ਵਨੀ)- ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ ਮਸਲਿਆਂ ਨੂੰ ਹੱਲ ਕਰਨ ’ਤੇ ਹਨ, ਜਿਨ੍ਹਾਂ ਨੂੰ ਲੈ ਕੇ ਚੰਨੀ ਖੁਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਰਹੇ ਹਨ। ਉਂਝ ਤਾਂ ਕਾਂਗਰਸ ਹਾਈਕਮਾਨ ਦੇ 18 ਸੂਤਰੀ ਏਜੰਡੇ ਨੂੰ ਪੂਰਾ ਕਰਨਾ ਚੰਨੀ ਲਈ ਚੁਣੌਤੀ ਭਰਪੂਰ ਰਹੇਗਾ ਪਰ ਸਭ ਤੋਂ ਵੱਡੀ ਚੁਣੌਤੀ ਸਿੱਧੂ ਦੇ 5 ਸੂਤਰੀ ਏਜੰਡੇ ਨੂੰ ਪਹਿਲ ਦੇਣ ਦੀ ਰਹੇਗੀ।
ਨਵਜੋਤ ਸਿੰਘ ਸਿੱਧੂ ਨੇ ਪੁਰਾਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ 27 ਜੁਲਾਈ 2021 ਨੂੰ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕਰ ਕੇ 5 ਸੂਤਰੀ ਏਜੰਡੇ ਦੀ ਕਾਪੀ ਸੌਂਪੀ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਭਰ ਦੇ ਕਾਂਗਰਸ ਪਾਰਟੀ ਵਰਕਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਪੰਜਾਬ ਕਾਂਗਰਸ ਦੀ ਨਵੀਂ ਟੀਮ ਹਾਈਕਮਾਨ ਦੇ 18 ਸੂਤਰੀ ਏਜੰਡੇ ਵਿਚੋਂ 5 ਨੁਕਤੇ ਲਿਖਕੇ ਦੇ ਰਹੀ ਹੈ, ਜਿਨ੍ਹਾਂ ’ਤੇ ਸਰਕਾਰ ਨੂੰ ਤੁਰੰਤ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ।

ਅਜਿਹੇ ਵਿਚ ਹੁਣ ਚੰਨੀ ਸਾਹਮਣੇ ਪਹਿਲ ਦੇ ਆਧਾਰ ’ਤੇ ਇਨ੍ਹਾਂ ਨੁਕਤਿਆਂ ’ਤੇ ਕਾਰਵਾਈ ਕਰਨ ਅਤੇ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਦੀ ਚੁਣੌਤੀ ਰਹੇਗੀ। ਖਾਸ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹਨ ਜਾਂ ਇਸ ਤਰ੍ਹਾਂ ਕਹੀਏ ਸਿੱਧੂ ਖੇਮੇ ਦੇ ਮੰਨੇ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ’ਤੇ ਇਨ੍ਹਾਂ ਨੁਕਤਿਆਂ ਨੂੰ ਪੂਰਾ ਕਰਨ ਦਾ ਜ਼ਿਆਦਾ ਦਬਾਅ ਰਹੇਗਾ।

ਇਹ ਵੀ ਪੜ੍ਹੋ- CM ਚੰਨੀ ਵੱਲੋਂ ਮੀਟਿੰਗ ਦੌਰਾਨ ਗਰੀਬ-ਪੱਖੀ ਅਹਿਮ ਉਪਰਾਲੇ, 2 ਅਕਤੂਬਰ ਤੋਂ ਹੋਣਗੇ ਲਾਗੂ

ਇਹ ਹਨ 5 ਮੁੱਦੇ, ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਬਣਨਗੇ ਚੁਣੌਤੀ

1. ਪੰਜਾਬ ਦੇ ਲੋਕ ਪੰਜਾਬ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ, ਬਹਿਬਲਕਲਾਂ ਵਿਚ ਹੋਈ ਪੁਲਸ ਗੋਲੀਬਾਰੀ ਦੇ ਮੁੱਖ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦੇ ਰੂਪ ਵਿਚ ਇਨਸਾਫ ਮੰਗ ਰਹੇ ਹਨ।

2. ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਨਸ਼ਾ ਸਮੱਗਲਿੰਗ ਦੇ ਵੱਡੇ ਮਗਰਮੱਛਾਂ ਨੂੰ ਤੁਰੰਤ ਗ੍ਰਿਫਤਾਰ ਕਰ ਕੇ ਸਜ਼ਾ ਦਿੱਤੀ ਜਾਵੇ।

3. ਖੇਤੀ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਾਰੇ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਦੀਆਂ ਕੁਝ ਧਾਰਾਵਾਂ ਵਿਚ ਸਿਰਫ ਸੋਧ ਦੀ ਸਿਫਾਰਿਸ਼ ਨਾ ਕਰੇ ਸਗੋਂ ਇਸ ਗੱਲ ਦਾ ਐਲਾਨ ਕਰੇ ਕਿ ਇਹ ਕਿਸੇ ਵੀ ਕੀਮਤ ’ਤੇ ਪੰਜਾਬ ਵਿਚ ਲਾਗੂ ਨਹੀਂ ਹੋਣਗੇ।

4. 2017 ਦੀਆਂ ਚੋਣਾਂ ਮੌਕੇ ਨੁਕਸਦਾਰ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਲਈ ਸਰਕਾਰ ਵਲੋਂ ਕੀਤੇ ਗਏ ਵਾਅਦਿਆਂ ਨੂੰ ਵੀ ਤੁਰੰਤ ਪੂਰਾ ਕਰਨਾ ਹੋਵੇਗਾ ਤਾਂ ਕਿ ਪੰਜਾਬ ਦੇ ਖਜ਼ਾਨੇ ਵਿਚ ਸੰਨ੍ਹ ਨਾ ਲੱਗੇ।

5. ਮੌਜੂਦਾ ਸਮੇਂ ਵਿਚ 20 ਤੋਂ ਜਿਆਦਾ ਅਧਿਆਪਕ, ਡਾਕਟਰ, ਨਰਸ, ਲਾਈਨਮੈਨ ਸਫਾਈ ਕਰਮਚਾਰੀ ਵਰਗੇ ਸੰਗਠਨ ਸੂਬੇ ਭਰ ਵਿਚ ਧਰਨੇ ਦੇ ਰਹੇ ਹਨ। ਇਸ ਲਈ ਸਭ ਦੀ ਸੁਣਨ ਲਈ ਤਿਆਰ ਅਤੇ ਸਰਬੱਤ ਦੇ ਭਲੇ ਦੀ ਖਾਤਰ ਕਦਮ ਚੁੱਕਣ ਵਾਲੀ ਲੀਡਰਸ਼ਿਪ ਦੀ ਜ਼ਰੂਰਤ ਹੈ। ਲਾਜ਼ਮੀ ਹੈ ਕਿ ਸਰਕਾਰ ਗੱਲਬਾਤ ਅਤੇ ਸਲਾਹ-ਮਸ਼ਵਰੇ ਦੇ ਦਰਵਾਜ਼ੇ ਖੋਲ੍ਹੇ ਅਤੇ ਆਪਣੇ ਵਿੱਤੀ ਸਾਧਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਕੁਝ ਕਰੇ।


author

Bharat Thapa

Content Editor

Related News