ਐਡਵੋਕੇਟ ਧਾਮੀ ਦੇ ਸਾਹਮਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੜਨਗੇ ਚੋਣ

Friday, Oct 24, 2025 - 11:06 PM (IST)

ਐਡਵੋਕੇਟ ਧਾਮੀ ਦੇ ਸਾਹਮਣੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਲੜਨਗੇ ਚੋਣ

ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਤਰੀਕ ਨੇੜੇ ਆਉਂਦੇ ਸਾਰ ਹੀ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਪੁਨਰ ਸੁਰਜੀਤ ਨੇ ਆਪੋ-ਆਪਣੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ ਅਤੇ ਇਸ ਦਿਨ ਪੰਥ ਦੀ ਪਾਰਲੀਮੈਂਟ ਵਿਚ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ 11 ਮੈਂਬਰੀ ਅੰਤ੍ਰਿਗ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੱਥੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਮੈਦਾਨ ਵਿਚ ਉਤਾਰ ਸਕਦਾ ਹੈ, ਉਥੇ ਹੀ ਅਕਾਲੀ ਦਲ ਪੁਨਰ ਸੁਰਜੀਤ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਮ ਉਭਾਰ ਕੇ ਮੈਦਾਨ ਵਿਚ ਉਤਾਰ ਸਕਦਾ ਹੈ।

ਭਰੋਸੇਯੋਗ ਸੂਤਰਾਂ ਮੁਤਾਬਕ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਐਡਵੋਕੇਟ ਧਾਮੀ ਦੇ ਨਾਮ ’ਤੇ ਸਹਿਮਤ ਹਨ। ਦੂਜੇ ਪਾਸੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਬਾਕੀ ਲੀਡਰਸ਼ਿਪ ਵੀ ਭਾਈ ਗੋਬਿੰਦ ਸਿੰਘ ਦੇ ਨਾਮ ’ਤੇ ਪੂਰੀ ਤਰਾਂ ਨਾਲ ਸਹਿਮਤ ਹੈ। ਦੱਸਣਯੋਗ ਹੈ ਕਿ ਦੋਵਾਂ ਪਾਰਟੀਆਂ ਦੇ ਉਮੀਦਵਾਰ ਸਾਫ-ਸੁਥਰੀ ਅਤੇ ਧਾਰਮਿਕ ਛਵੀ ਦੇ ਮਾਲਕ ਹਨ। ਕਮੇਟੀ ਦੇ ਮੈਂਬਰ ਜਿੱਥੇ ਐਡਵੋਕੇਟ ਧਾਮੀ ਦੇ ਕੀਤੇ ਕੰਮਾਂ ਤੋ ਸੰਤੁਸ਼ਟ ਹਨ, ਉਥੇ ਹੀ ਭਾਈ ਲੌਂਗੋਵਾਲ ਦੇ ਕਾਰਜਕਾਲ ਵਿਚ ਕੀਤੇ ਕੰਮ ਵੀ ਯਾਦ ਕਰਦੇ ਹਨ। ਭਾਈ ਲੌਂਗੋਵਾਲ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਵਿਚ ਕਈ ਅਜਿਹੇ ਯਾਦਗਾਰੀ ਕੰਮ ਹੋਏ, ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਨ ਮਨਾਉਣਾ ਵੀ ਸ਼ਾਮਲ ਹੈ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੌਰਾਨ ਵੀ ਸ਼੍ਰੋਮਣੀ ਕਮੇਟੀ ਨੇ ਦਿਨ ਰਾਤ ਤਰੱਕੀ ਦੀਆਂ ਕਈ ਮੰਜ਼ਿਲਾਂ ਤੈਅ ਕੀਤੀਆਂ। ਅਨੇਕਾਂ ਸ਼ਤਾਬਦੀਆਂ ਮਨਾਈਆਂ ਤੇ ਕੌਮ ਦੇ ਉੱਜਵਲ ਭਵਿੱਖ ਲਈ ਨੌਜਵਾਨ ਬੱਚਿਆਂ ਨੂੰ ਪੀ. ਸੀ. ਐੱਸ., ਆਈ. ਏ. ਐੱਸ ਅਤੇ ਆਈ. ਪੀ. ਐੱਸ. ਕਰਵਾਉਣ ਦਾ ਕਾਰਜ ਐਡਵੋਕੇਟ ਧਾਮੀ ਦੇ ਹੀ ਕਾਰਜਕਾਲ ਦੌਰਾਨ ਸਿਰੇ ਚੜ੍ਹਿਆ। ਦੋਵਾਂ ਧਿਰਾਂ ਵੱਲੋਂ ਉਤਾਰੇ ਜਾਣ ਵਾਲੇ ਉਮੀਦਵਾਰਾਂ ਦਾ ਜੇ ਨਿਰਪੱਖ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਫਸਵੀ ਟੱਕਰ ਦੇ ਬਾਵਜੂਦ ਐਡਵੋਕੇਟ ਧਾਮੀ ਦੀ ਜਿੱਤ ਲੱਗਭਗ ਤੈਅ ਹੈ। ਇਸ ਟੱਕਰ ਵਿਚ ਭਾਈ ਗੋਬਿੰਦ ਸਿੰਘ ਦੀ ਸ਼ਖਸੀਅਤ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ। ਜਨਰਲ ਹਾਊਸ ਵਿਚ ਕੁਲ 185 ਮੈਂਬਰਾਂ ’ਚੋਂ 33 ਦੇ ਕਰੀਬ ਮੈਂਬਰ ਅਕਾਲ ਚਲਾਣਾ ਕਰ ਗਏ ਹਨ, 4 ਮੈਂਬਰ ਅਸਤੀਫਾ ਦੇ ਚੁੱਕੇ ਹਨ ਤੇ ਦੋ ਮੈਂਬਰਾਂ ਕੋਲ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ। ਅਕਾਲੀ ਦਲ ਪੁਨਰ ਸੁਰਜੀਤ ਇਸ ਚੋਣ ਮੈਦਾਨ ਵਿਚ 33 ਦੇ ਕਰੀਬ ਵੋਟਾ ਹਾਸਲ ਕਰ ਸਕਦਾ ਹੈ। ਜੇਕਰ ਭਾਈ ਲੌਂਗੋਵਾਲ ਦੀ ਸਾਫ-ਸੁਥਰੀ ਛਵੀ ਕਾਰਨ ਚੰਦ ਮੈਂਬਰ ਕਰਾਸ ਵੋਟ ਕਰ ਵੀ ਜਾਂਦੇ ਹਨ ਤਾਂ ਇਹ ਗਿਣਤੀ 40 ਤੋਂ ਹੇਠਾਂ ਹੀ ਰਹੇਗੀ।


author

Inder Prajapati

Content Editor

Related News