ਚੰਨੀ ਦਾ ਤੰਜ, ਬਾਦਲ ਤੇ ਕੇਜਰੀਵਾਲ ਨਹੀਂ ਜਾਣਦੇ ਕਿ ਮੇਰੀ ਪਾਈ ਹੋਈ ਗੰਢ ਕਦੇ ਖੁੱਲ੍ਹਦੀ ਨਹੀਂ

Saturday, Nov 27, 2021 - 05:19 PM (IST)

ਚੰਨੀ ਦਾ ਤੰਜ, ਬਾਦਲ ਤੇ ਕੇਜਰੀਵਾਲ ਨਹੀਂ ਜਾਣਦੇ ਕਿ ਮੇਰੀ ਪਾਈ ਹੋਈ ਗੰਢ ਕਦੇ ਖੁੱਲ੍ਹਦੀ ਨਹੀਂ

ਜਲੰਧਰ: 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਨਕਲੀ ਕੇਜਰੀਵਾਲ ਕਹੇ ਜਾਣ ਅਤੇ ਸੁਖਬੀਰ ਬਾਦਲ ਵੱਲੋਂ ਚੰਨੀ-ਕੇਜਰੀਵਾਲ ਦੋਵਾਂ ਨੂੰ ਨਕਲੀ ਦੱਸਣ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਚੰਨੀ ਨੇ ਤੰਜ ਕੱਸਦਿਆਂ ਕਿਹਾ ਕਿ ਸ਼ਾਇਦ ਬਾਦਲ ਤੇ ਕੇਜਰੀਵਾਲ ਨਹੀਂ ਜਾਣਦੇ ਕਿ ਮੈਂ ਰੱਸੀਆਂ ਨਾਲ ਬਹੁਤ ਗੰਢਾਂ ਪਾਈਆਂ ਹਨ ਅਤੇ ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੁੱਲ੍ਹਦੀ ਨਹੀਂ।'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਂ ਉਹ ਕੰਮ ਕੀਤੇ, ਜਿਸ ਦਾ ਕੇਜਰੀਵਾਲ ਨੂੰ ਨਾਂ ਵੀ ਨਹੀਂ ਪਤਾ ਹੋਵੇਗਾ। ਮੈਂ ਆਪਣੇ ਪਿਤਾ ਦੀ ਟੈਂਟ ਦੀ ਦੁਕਾਨ ’ਤੇ ਕੰਮ ਕੀਤਾ ਹੈ। ਟੈਂਟ ਦਾ ਕੰਮ ਕਰਦੇ ਹੋਏ ਮੈਂ ਰੱਸੀਆਂ ਨਾਲ ਬਹੁਤ ਗੰਢਾਂ ਪਾਈਆਂ ਹਨ। ਮੇਰੀ ਪਾਈ ਹੋਈ ਗੰਢ ਅੱਜ ਵੀ ਕਦੇ ਖੁੱਲ੍ਹਦੀ ਨਹੀਂ। ਸ਼ਾਇਦ ਬਾਦਲ ਅਤੇ ਕੇਜਰੀਵਾਲ ਇਸ ਤੋਂ ਜਾਣੂ ਨਹੀਂ ਹਨ। ਅੱਜ ਮੇਰੇ ਕੰਮਾਂ ਦੀ ਬਦੌਲਤ ਹੀ ਕੇਜਰੀਵਾਲ ਦੀ ਧੜਕਣ ਵਧੀ ਹੋਈ ਹੈ। ਰਹੀ ਗੱਲ ਕੰਮ ਕਰਨ ਦੀ ਤਾਂ ਮੈਨੂੰ ਇਸ ਦਾ ਸਬੂਤ ਦੇਣ ਦੀ ਲੋੜ ਨਹੀਂ।

ਇਹ ਵੀ ਪੜ੍ਹੋ:ਐੱਨ.ਆਰ.ਆਈ. ਵੀਰਾਂ ਦੀਆਂ ਇਹ ਸ਼ਿਕਾਇਤਾਂ ਹੋਣਗੀਆਂ ਦੂਰ, ਚੰਨੀ ਸਰਕਾਰ ਜਲਦ ਲਿਆਵੇਗੀ ਨਵੀਂ ਪਾਲਸੀ

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਦੌਰੇ 'ਤੇ ਆਏ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ 'ਤੇ ਵਿਅੰਗ ਕਰਦਿਆਂ ਕਿਹਾ ਸੀ ਕਿ ਮੈਂ ਪਿਛਲੇ ਕੁਝ ਦਿਨ੍ਹਾਂ ਤੋਂ ਵੇਖ ਰਿਹਾ ਹਾਂ ਕਿ ਪੰਜਾਬ ’ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨਾਲ ਜੋ ਵੀ ਵਾਅਦਾ ਕਰਦੇ ਹਨ, ਉਹੀ ਵਾਅਦਾ ਉਹ 2 ਦਿਨ ਬਾਅਦ ਉਸੇ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਕਰ ਦਿੰਦਾ ਹੈ। ਇਸੇ ਦਰਮਿਆਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਸਿਆਸੀ ਨਿਸ਼ਾਨਾ ਸਾਧਿਆ ਸੀ। ਸੁਖਬੀਰ ਨੇ ਕਿਹਾ ਸੀ ਕਿ ਕੇਜਰੀਵਾਲ ਪਹਿਲਾਂ ਦਿੱਲੀ ’ਚ ਵਾਅਦੇ ਪੂਰੇ ਹੋਣ ਦੀ ਗਾਰੰਟੀ ਲੈਣ, ਫਿਰ ਪੰਜਾਬ ਦੀ ਗੱਲ ਕਰਨ।  ਇਸੇ ਤਰ੍ਹਾਂ ਚੰਨੀ 'ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ ਸੀ ਸਾਢੇ ਚਾਰ ਸਾਲ ਕਾਂਗਰਸ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਹੁਣ ਚੰਨੀ ਵਾਅਦੇ ਤੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਸੁਖਬੀਰ ਨੇ ਕੇਜਰੀਵਾਲ ਅਤੇ ਚੰਨੀ ਦੋਵਾਂ ਨੂੰ ਨਕਲੀ ਮੁੱਖ ਮੰਤਰੀ ਦੱਸਿਆ ਸੀ।
 

ਇਹ ਵੀ ਪੜ੍ਹੋ : ਕੀ ਕਮੇਟੀ ਰਾਹੀਂ ਨਵੇਂ ਰੂਪ 'ਚ ਲਾਗੂ ਹੋਣਗੇ ਖੇਤੀ ਕਾਨੂੰਨ? PM ਮੋਦੀ ਦੇ ਇਸ ਬਿਆਨ ਨੂੰ ਸਮਝਣਾ ਜ਼ਰੂਰੀ

ਅੱਜ ਵੀ ਪੜ੍ਹਾਈ ਕਰ ਰਹੇ ਹਨ ਸੀ. ਐੱਮ.
ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਐੱਮ. ਐੱਲ. ਏ. ਬਣੇ ਤਾਂ ਉਨ੍ਹਾਂ ਐੱਮ. ਏ. ਪਾਸ ਕੀਤੀ। ਜਦੋਂ ਉਹ ਦੂਜੀ ਵਾਰ ਐੱਮ. ਐੱਲ. ਏ. ਬਣੇ ਤਾਂ ਉਨ੍ਹਾਂ ਦੂਜੀ ਐੱਮ. ਏ. ਪੁਲੀਟੀਕਲ ਸਾਇੰਸ ਦੀ ਕੀਤੀ। ਅੱਜਕਲ ਉਹ ਪੀ. ਐੱਚ. ਡੀ. ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਸ ਦਸੰਬਰ ਵਿਚ ਉਨ੍ਹਾਂ ਆਪਣਾ ਥੀਸਿਜ਼ ਜਮ੍ਹਾ ਕਰਵਾਉਣਾ ਸੀ ਪਰ ਇਕ ਮਹੀਨੇ ਦੀ ਐਕਸਟੈਨਸ਼ਨ ਲੈ ਲਈ ਹੈ। ਚੋਣਾਂ ਪਿੱਛੋਂ ਉਹ ਆਪਣਾ ਥੀਸਿਜ਼ ਜਮ੍ਹਾ ਕਰਵਾਉਣਗੇ। ਉਨ੍ਹਾਂ ਆਪਣੀ ਪੀ. ਐੱਚ. ਡੀ. ਲਗਭਗ ਮੁਕੰਮਲ ਕਰ ਲਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਡਾ. ਅੰਬੇਡਕਰ ਦੀ ਸੋਚ ’ਤੇ ਕੰਮ ਕਰਦੇ ਹੋਏ ਉਹ ਸਿੱਖਿਆ ਨੂੰ ਹਾਸਲ ਕਰ ਰਹੇ ਹਨ। ਅੰਬੇਡਕਰ ਕਹਿੰਦੇ ਹੁੰਦੇ ਸਨ ਕਿ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ।

ਸਿਆਸਤ ’ਚ ਕਿਵੇਂ ਆਏ
ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਮੇਰੇ ਪਿਤਾ ਤੇ ਦਾਦਾ ਤਾਂ ਸਿਆਸਤ ਵਿਚ ਨਹੀਂ ਸਨ ਪਰ ਮੈਂ ਜਦੋਂ ਸਕੂਲ ਵਿਚ ਪੜ੍ਹਦਾ ਸੀ, ਉਸ ਸਮੇਂ ਸਕੂਲ ਵਿਚ ਪ੍ਰਧਾਨਗੀ ਦੀਆਂ ਚੋਣਾਂ ਹੁੰਦੀਆਂ ਸਨ। ਸਾਡੇ ਸਕੂਲ ਵਿਚ ਉਸ ਸਮੇਂ ਲਗਭਗ 1100 ਬੱਚੇ ਸਨ। ਮੈਨੂੰ ਮੇਰੇ ਦੋਸਤਾਂ ਨੇ ਪ੍ਰਧਾਨਗੀ ਦੀ ਚੋਣ ਵਿਚ ਉਤਾਰ ਦਿੱਤਾ। ਪ੍ਰਚਾਰ ਦੇ ਪਹਿਲੇ ਦਿਨ ਜਦੋਂ ਮੈਨੂੰ ਸਵੇਰੇ ਪ੍ਰਾਰਥਨਾ ਦੌਰਾਨ ਬੱਚਿਆਂ ਨੂੰ ਸੰਬੋਧਨ ਕਰਨਾ ਪਿਆ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਜ਼ੁਬਾਨ ਥਿੜਕਣ ਲੱਗੀ। ਮੈਂ ਘਰ ਆ ਕੇ ਪਿਤਾ ਜੀ ਨੂੰ ਦੱਸਿਆ ਤਾਂ ਉਹ ਇਸ ਗੱਲ ਤੋਂ ਖੁਸ਼ ਹੋਏ ਕਿ ਮੈਂ ਚੋਣ ਲੜ ਰਿਹਾ ਹਾਂ ਪਰ ਨਾਲ ਹੀ ਉਨ੍ਹਾਂ ਮੈਨੂੰ ਸੁਝਾਅ ਦਿੱਤਾ ਕਿ ਤੂੰ ਖੇਤਾਂ ਵਿਚ ਜਾ ਕੇ ਬੋਲਣ ਦੀ ਪ੍ਰੈਕਟਿਸ ਕਰ। ਮੈਂ ਇੰਝ ਹੀ ਕੀਤਾ। ਕਣਕ ਦੇ ਖੇਤਾਂ ਵਿਚ ਜਾ ਕੇ ਭਾਸ਼ਣ ਕੀਤੇ ਅਤੇ ਆਪਣੇ ਸਕੂਲ ਵਿਚ ਮੁੱਦੇ ਦੱਸੇ। ਇਸ ਤਰ੍ਹਾਂ ਮੇਰਾ ਮਨੋਬਲ ਮਜ਼ਬੂਤ ਹੋਇਆ ਅਤੇ ਮੈਂ ਹਰ ਕਲਾਸ ਵਿਚ ਜਾ ਕੇ ਪ੍ਰਚਾਰ ਕੀਤਾ। ਮੈਨੂੰ ਯਾਦ ਹੈ ਕਿ ਉਸ ਸਮੇਂ ਨਵੇਂ-ਨਵੇਂ ਟੇਪ ਰਿਕਾਰਡਰ ਆਏ ਸਨ। ਉਨ੍ਹਾਂ ਵਿਚ ਮੈਂ ਮੁਹੰਮਦ ਸਦੀਕ ਦਾ ਗਾਣਾ ਰਿਕਾਰਡ ਕੀਤਾ ਅਤੇ ਨਾਲ ਆਪਣੀ ਸਪੀਚ ਲਾਈ। ਇਸ ਤਰ੍ਹਾਂ ਪ੍ਰਚਾਰ ਚੱਲਦਾ ਰਿਹਾ। ਮੈਨੂੰ ਭੰਗੜੇ ਦਾ ਵੀ ਸ਼ੌਕ ਸੀ। ਨਾਲ ਹੀ ਮੈਂ ਖਿਡਾਰੀ ਵੀ ਸੀ। ਐੱਨ. ਸੀ. ਸੀ. ਵਿਚ ਵੀ ਮੈਂ ਸ਼ਾਮਲ ਰਿਹਾ। ਇਸ ਕਾਰਨ ਮੈਨੂੰ ਸਭ ਵਿਦਿਆਰਥੀਆਂ ਨੇ ਆਪਣੀ ਹਮਾਇਤ ਦਿੱਤੀ ਅਤੇ ਮੈਨੂੰ 475 ਵੋਟਾਂ ਪਈਆਂ। ਇਸ ਤਰ੍ਹਾਂ ਮੇਰੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਕੂਲ ਤੋਂ ਹੀ ਹੋ ਗਈ। ਉਸ ਪਿੱਛੋਂ ਮੈਂ ਖਾਲਸਾ ਕਾਲਜ ਚਲਾ ਗਿਆ ਅਤੇ ਉਥੇ ਆਪਣੀ ਜਥੇਬੰਦੀ ਬਣਾ ਲਈ। ਉਸ ਸਮੇਂ ਐੱਨ. ਐੱਸ. ਯੂ. ਆਈ. ਅਤੇ ਏ. ਬੀ. ਵੀ. ਪੀ. ਸੰਗਠਨ ਹੁੰਦੇ ਸਨ। ਅਸੀਂ ਇੰਡੀਪੈਂਡੈਂਟ ਸਟੂਡੈਂਟ ਫੈੱਡਰੇਸ਼ਨ (ਆਈ. ਐੱਸ. ਐੱਫ.) ਬਣਾ ਲਈ। ਉਸ ਅਧੀਨ ਮੈਂ ਕਾਲਜ ਵਿਚ ਚੋਣ ਲੜੀ ਅਤੇ ਜਿੱਤ ਗਿਆ। ਫਿਰ ਪੰਜਾਬ ਵਿਚ ਅਜਿਹੇ ਹਾਲਾਤ ਆ ਗਏ ਕਿ ਕੋਈ ਵੀ ਚੋਣ ਨਹੀਂ ਹੋਈ। 1992 ਵਿਚ ਐੱਮ. ਸੀ. ਦੀ ਚੋਣ ਹੋਈ ਅਤੇ ਮੈਂ ਜਿੱਤ ਦਰਜ ਕੀਤੀ। ਉਸ ਸਮੇਂ ਮੈਨੂੰ ਲੋਕ ਵਧੇਰੇ ਨਹੀਂ ਜਾਣਦੇ ਸਨ ਪਰ ਆਪਣੇ ਪਿਤਾ ਜੀ ਦੀ ਪਛਾਣ ਕਾਰਨ ਮੈਂ ਚੋਣ ਜਿੱਤ ਗਿਆ।

ਇਹ ਵੀ ਪੜ੍ਹੋ :  ਪੰਜਾਬ 'ਚ 'ਸਿੱਖਿਆ' 'ਤੇ ਸਿਆਸੀ ਜੰਗ, ਕੇਜਰੀਵਾਲ ਦਾ ਪਰਗਟ ਸਿੰਘ ਨੂੰ ਕਰਾਰਾ ਜਵਾਬ

ਮੇਰੇ ਪਿਤਾ ਜੀ ਟੈਂਟ ਦਾ ਕੰਮ ਕਰਦੇ ਸਨ ਅਤੇ ਉਹ ਉਸ ਸਮੇਂ ਵੀ ਕੁੜੀਆਂ ਦੇ ਵਿਆਹ ’ਤੇ ਬਹੁਤ ਘੱਟ ਪੈਸੇ ਲਿਆ ਕਰਦੇ ਸਨ। ਇਸ ਕਾਰਨ ਉਨ੍ਹਾਂ ਦੇ ਚੰਗੇ ਸੁਭਾਅ ਦੀ ਬਦੌਲਤ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਸਨ। ਪਹਿਲੀ ਵਾਰ ਐੱਮ. ਸੀ. ਦੀ ਚੋਣ ਜਿੱਤਣ ਪਿੱਛੋਂ ਹੀ ਮੈਂ ਪ੍ਰਧਾਨਗੀ ਦਾ ਉਮੀਦਵਾਰ ਬਣ ਗਿਆ। ਉਸ ਸਮੇਂ ਦੇ ਵਿਧਾਇਕਾਂ ਨੇ ਮੈਨੂੰ ਪ੍ਰਧਾਨ ਨਹੀਂ ਬਣਨ ਦਿੱਤਾ ਪਰ 3 ਸਾਲ ਬਾਅਦ ਪੁਰਾਣੇ ਪ੍ਰਧਾਨ ਨੂੰ ਉਤਾਰ ਕੇ ਮੈਂ ਖੁਦ ਪ੍ਰਧਾਨ ਬਣ ਗਿਆ। ਇਸ ਤਰ੍ਹਾਂ ਮੈਂ 3 ਵਾਰ ਐੱਮ. ਸੀ. ਅਤੇ 2 ਵਾਰ ਪ੍ਰਧਾਨ ਬਣਿਆ। ਉਸ ਪਿੱਛੋਂ ਮੈਂ ਕਾਂਗਰਸ ਪਾਰਟੀ ਕੋੋਲੋਂ ਟਿਕਟ ਮੰਗੀ ਪਰ ਟਿਕਟ ਨਾ ਮਿਲਣ ’ਤੇ ਮੈਂ ਆਜ਼ਾਦ ਚੋਣ ਲੜੀ ਅਤੇ ਜਿੱਤ ਗਿਆ। ਮੈਨੂੰ ਯਾਦ ਹੈ ਕਿ ਮੇਰਾ ਚੋਣ ਨਿਸ਼ਾਨ ਜਹਾਜ਼ ਸੀ ਅਤੇ ਮੈਂ ਲੋਕਾਂ ਨੂੰ ਕਿਹਾ ਕਰਦਾ ਸੀ ਕਿ ਯਾਰ, ਮੇਰਾ ਵੀ ਜਹਾਜ਼ ਚੜ੍ਹਾ ਦਿਓ। ਲੋਕਾਂ ਨੇ ਅਜਿਹਾ ਸਾਥ ਦਿੱਤਾ ਕਿ ਅੱਜ ਖੁਦ ਜਹਾਜ਼ਾਂ ਵਿਚ ਘੁੰਮ ਰਿਹਾ ਹਾਂ।

ਨੋਟ : ਮੁੱਖ ਮੰਤਰੀ ਚੰਨੀ ਦੇ ਇਸ ਬਿਆਨ ਸਬੰਧੀ ਤੁਸੀਂ ਕੀ ਕਹੋਗੇ?


author

Harnek Seechewal

Content Editor

Related News