ਮੁੱਖ ਮੰਤਰੀ ਚੰਨੀ ਦੀ ਸਾਦਗੀ ਨੂੰ ਕਾਂਗਰਸ ਹਾਈਕਮਾਨ ਨੇ ਵੀ ਸਲਾਹਿਆ, ਪ੍ਰਿਯੰਕਾ ਨੇ ਬੰਨ੍ਹੇ ਤਾਰੀਫਾਂ ਦੇ ਪੁਲ
Tuesday, Oct 12, 2021 - 02:28 AM (IST)
ਜਲੰਧਰ (ਧਵਨ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਨੂੰ ਕਾਂਗਰਸ ਹਾਈਕਮਾਨ ਨੇ ਵੀ ਸਲਾਹਿਆ ਹੈ ਅਤੇ ਕਾਂਗਰਸ ਹਾਈਕਮਾਨ ਦੀ ਆਗੂ ਪ੍ਰਿਯੰਕਾ ਗਾਂਧੀ ਨੇ ਵੀ ਚੰਨੀ ਵੱਲੋਂ ਪੰਜਾਬ ’ਚ ਚੁੱਕੇ ਗਏ ਕਦਮਾਂ ਨੂੰ ਸਲਾਹਿਆ ਹੈ। ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਖੁਦ ਨੂੰ ਹੁਣ ਤੱਕ ਹਾਈਫਾਈ ਕਲਚਰ ਤੋਂ ਦੂਰ ਰੱਖਿਆ ਹੋਇਆ ਹੈ ਅਤੇ ਉਹ ਧੜੇਬੰਦੀ ਤੋਂ ਉੱਪਰ ਉਠ ਕੇ ਸਾਰੇ ਨੇਤਾਵਾਂ ਨੂੰ ਮਿਲ ਰਹੇ ਹਨ। ਚੰਨੀ ਦੇ ਕੋਲ ਕਿਸੇ ਵੀ ਧੜੇ ਦਾ ਕਾਂਗਰਸੀ ਨੇਤਾ ਮਿਲਣ ਲਈ ਜਾਂਦਾ ਤਾਂ ਉਹ ਉਸ ਨਾਲ ਨਾ ਸਿਰਫ ਦੁਰਭਾਵਨਾ ਤੋਂ ਹਟ ਕੇ ਮੁਲਾਕਾਤ ਕਰ ਰਹੇ ਹਨ, ਸਗੋਂ ਉਨ੍ਹਾਂ ਦੇ ਕੰਮਾਂ ਨੂੰ ਪੂਰਾ ਕਰਨ ਵੱਲ ਧਿਆਨ ਵੀ ਦੇ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦੇ GST ਮਾਲੀਏ ’ਚ 24.76 ਫੀਸਦੀ ਵਾਧਾ ਦਰਜ
ਚੰਨੀ ਦਾ ਮਕਸਦ ਇਸ ਸਮੇਂ ਸਾਰੇ ਧੜਿਆਂ ਦੇ ਨੇਤਾਵਾਂ ਨੂੰ ਆਪਣੇ ਨਾਲ ਜੋੜਣਾ ਹੈ। ਕੱਲ ਚਰਨਜੀਤ ਸਿੰਘ ਚੰਨੀ ਨੇ ਜਿਸ ਤਰ੍ਹਾਂ ਸਾਦਗੀ ਨਾਲ ਆਪਣੇ ਪੁੱਤਰ ਦਾ ਵਿਆਹ ਕੀਤਾ, ਉਸ ਦੀ ਗੂੰਜ ਪੂਰੇ ਦੇਸ਼ ’ਚ ਸੁਣਾਈ ਪਈ ਹੈ। ਵਿਆਹ ’ਚ ਇੰਨੀ ਸਾਦਗੀ ਸੀ ਕਿ ਚਰਨਜੀਤ ਸਿੰਘ ਚੰਨੀ ਖੁਦ ਆਪਣੀ ਪਤਨੀ, ਪੁੱਤਰ ਅਤੇ ਨੂੰਹ ਦੇ ਨਾਲ ਜ਼ਮੀਨ ’ਤੇ ਬੈਠ ਕੇ ਲੰਗਰ ਛਕਦੇ ਹੋਏ ਵੇਖੇ ਗਏ। ਇਨ੍ਹਾਂ ਤਸਵੀਰਾਂ ਨੂੰ ਪ੍ਰਿਯੰਕਾ ਗਾਂਧੀ ਨੇ ਵੀ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਲਿਖਿਆ ਕਿ ਬੇ-ਫਜ਼ੂਲ ਦੇ ਖਰਚੀਲੇ ਵਿਆਹਾਂ ਤੋਂ ਦੂਰ ਇਸ ਸਾਦਗੀ ਨੇ ਦਿਲ ਜਿੱਤ ਲਿਆ। ਲੋਕ ਨੁਮਾਇੰਦੇ ਵੱਲੋਂ ਕਿੰਨਾ ਸੋਹਣਾ ਸੰਦੇਸ਼ ਸਮਾਜ ਨੂੰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਚੰਨੀ ਨੇ ਆਪਣੇ ਬੇਟੇ ਦੇ ਵਿਆਹ ਤੋਂ ਅਗਲੇ ਦਿਨ ਹੀ ਕੈਬਨਿਟ ਦੀ ਬੈਠਕ ਸੱਦ ਲਈ। ਇਸ ਨਾਲ ਉਨ੍ਹਾਂ ਨੇ ਇਹ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਸਮੇਂ ਨੂੰ ਬਰਬਾਦ ਕਰਨ ਦੇ ਆਦੀ ਨਹੀਂ ਹਨ। ਕਾਂਗਰਸ ’ਚ ਭਾਵੇਂ ਉਨ੍ਹਾਂ ਦੇ ਵਿਰੋਧੀ ਕੁੱਝ ਵੀ ਕਹਿਣ ਪਰ ਸਾਦਗੀ ਨੇ ਕਾਂਗਰਸ ਹਾਈਕਮਾਨ ਦਾ ਦਿਲ ਵੀ ਜਿੱਤ ਲਿਆ ਹੈ।