ਬਿਜਲੀ ਸੰਕਟ ਲਈ ਚੰਨੀ ਅਤੇ ਮੋਦੀ ਸਰਕਾਰਾਂ ਬਰਾਬਰ ਜ਼ਿੰਮੇਵਾਰ : ਅਰੋੜਾ

Tuesday, Oct 12, 2021 - 11:54 AM (IST)

ਬਿਜਲੀ ਸੰਕਟ ਲਈ ਚੰਨੀ ਅਤੇ ਮੋਦੀ ਸਰਕਾਰਾਂ ਬਰਾਬਰ ਜ਼ਿੰਮੇਵਾਰ : ਅਰੋੜਾ

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਲੇ ਦੀ ਘਾਟ ਕਾਰਣ ਪੰਜਾਬ ਅਤੇ ਦੇਸ਼ ਵਿਚ ਗਹਿਰਾਏ ਬਿਜਲੀ ਸੰਕਟ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਹ ਸਭ ਕਾਰਪੋਰੇਟ ਘਰਾਣਿਆਂ ਦੀਆਂ ਨਿੱਜੀ ਕੰਪਨੀਆਂ ਲਈ ਦੇਸ਼ ਦੇ ਬਚੇ- ਪੁਚੇ ਸਰਕਾਰੀ (ਜਨਤਕ) ਥਰਮਲ ਪਲਾਂਟਾਂ ਦੀ ਬਲੀ ਲਏ ਜਾਣ ਦੇ ਹੱਥਕੰਢੇ ਹਨ। ਆਪ ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਬਿਜਲੀ ਸੰਕਟ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੈਦਾ ਕੀਤਾ ਹੋਇਆ ਸੰਕਟ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੀਅਤ ਅਤੇ ਨੀਤੀ ਨਾਲ ਕੋਲੇ ਦਾ ਪ੍ਰਬੰਧ (ਮੈਨੇਜਮੈਂਟ) ਕਰੇ ਤਾਂ ਅਜਿਹਾ ਸੰਕਟ ਪੈਦਾ ਨਾ ਹੁੰਦਾ। ਸਰਕਾਰਾਂ ਦੀ ਅਜਿਹੀ ਮਾਰੂ ਨੀਤੀ ਅਤੇ ਨੀਅਤ ਕਾਰਨ ਜਿੱਥੇ ਘਰੇਲੂ ਬਿਜਲੀ ਖਪਤਕਾਰ ਅਣ-ਐਲਾਨੇ ਲੰਮੇ ਬਿਜਲੀ ਕੱਟਾਂ ਕਾਰਣ ਸੂਲੀ ’ਤੇ ਚੜ੍ਹਾ ਦਿੱਤੇ ਹਨ, ਉਥੇ ਹੀ ਕੋਰੋਨਾ ਕਾਲ ਦੀ ਮਾਰ ’ਤੋਂ ਉਭਰ ਰਹੇ ਵਾਪਾਰ ਅਤੇ ਉਦਯੋਗਿਕ ਖੇਤਰ ਨੂੰ ਇਕ ਵਾਰ ਫੇਰ ਵਿੱਤੀ ਸੰਕਟ ਵੱਲ ਧੱਕ ਰਹੀ ਹੈ। ਇਕ ਬਿਆਨ ਜਾਰੀ ਕਰਕੇ ਅਰੋੜਾ ਨੇ ਕਿਹਾ ਕਿ ਪੰਜਾਬ ਸਮੇਤ ਦਿੱਲੀ ਆਦਿ ਰਾਜਾਂ ਦੇ ਥਰਮਲ ਪਲਾਂਟਾਂ ਨੂੰ ਕੋਲਾ ਦਿੱਤਾ ਨਹੀਂ ਜਾ ਰਿਹਾ ਹੈ, ਜਿਸ ਕਾਰਣ ਸੂਬਿਆਂ ਵਿਚ ਥਰਮਲ ਪਲਾਂਟ ਬੰਦ ਅਤੇ ਬਿਜਲੀ ਸਪਲਾਈ ਠੱਪ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਕੇਂਦਰੀ ਪਾਵਰ ਮੰਤਰੀ ਆਰ. ਕੇ. ਸਿੰਘ ਦਾਅਵਾ ਕਰਦੇ ਹਨ ਕਿ ਕੋਲੇ ਦਾ ਕੋਈ ਸੰਕਟ ਨਹੀਂ ਪਰ ਦੂਜੇ ਪਾਸੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਕੋਲੇ ਦੀ ਪੂਰਤੀ ਲਈ ਚਿੱਠੀਆਂ ਲਿਖ ਰਹੇ ਹਨ। ਅਰੋੜਾ ਨੇ ਸ਼ੰਕੇ ਪ੍ਰਗਟਾਏ ਕਿ ਕੀ ਕੋਲੇ ਦਾ ਸੰਕਟ ਫ਼ਰਜੀ (ਆਰਟੀਫੀਸ਼ੀਅਲ) ਹੈ?

ਇਹ ਵੀ ਪੜ੍ਹੋ : ਹਰੀਸ਼ ਰਾਵਤ ਦੇ ਬਿਆਨ ’ਤੇ ਅਕਾਲੀ ਦਲ ਦਾ ਪਲਟਵਾਰ, ਕਿਹਾ ਪੰਜਾਬ ਦੀ ਜਾਇਦਾਦ ਦੀ ਕਰ ਰਹੇ ਦੁਰਵਰਤੋਂ

ਅਜਿਹਾ ਇਸ ਲਈ ਹੈ ਕਿ ਕੋਲੇ ਅਤੇ ਬਿਜਲੀ ਦੇ ਕਾਰੋਬਾਰ ’ਚ ਸ਼ਾਮਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਨ-ਮਾਨੇ ਮੁੱਲ ਨਾਲ ਅੰਨ੍ਹੀ ਲੁੱਟ ਕਰਨ ਦਾ ਲਾਇਸੰਸ ਮਿਲ ਜਾਵੇ ਜਾਂ ਫੇਰ ਇਹ ਸਾਰਾ ਫ਼ਰਜੀ ਸੰਕਟ ਲਖੀਮਪੁਰ ਖੀਰੀ ਕਤਲੇਆਮ, ਸ਼ਿਲੌਂਗ ’ਚ ਸਿੱਖਾਂ ਦਾ ਉਜਾੜਾ ਅਤੇ ਜੰਮੂ- ਕਸ਼ਮੀਰ ’ਚ ਹਿੰਦੂ- ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਅੱਤਵਾਦੀ ਘਟਨਾਵਾਂ ਤੋਂ ਦੇਸ਼ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ? ਅਰੋੜਾ ਨੇ ਕਾਂਗਰਸ, ਅਕਾਲੀ ਤੇ ਭਾਜਪਾ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਨ੍ਹਾ ਰਾਜਨੀਤਿਕ ਦਲਾਂ ਨੇ ਹੀ ਨੀਤੀਆਂ ਬਣਾ ਕੇ ਪੰਜਾਬ ਦੀ ਬਿਜਲੀ ਨਿਰਭਰਤਾ ਸਰਕਾਰ ਦੀ ਬਜਾਏ ਨਿੱਜੀ ਥਰਮਲ ਪਲਾਂਟਾਂ ਨੂੰ ਵਧਾ ਦਿੱਤੀ ਸੀ, ਜਿਸ ਦਾ ਨਤੀਾ ਸਾਹਮਣੇ ਆ ਰਿਹਾ ਹੈ। ਅਰੋੜਾ ਨੇ ਕਿਹਾ ਕਿ ਕੋਲ ਇੰਡੀਆਂ ਕੋਲ 400 ਲੱਖ ਟਨ ਕੋਲੇ ਦਾ ਭੰਡਾਰ ਪਿਆ ਹੈ ਤਾਂ ਸੂਬਿਆਂ ਨੂੰ ਕੋਲੇ ਦੀ ਸਪਲਾਈ ਕਿਉਂ ਨਹੀਂ ਦਿੱਤੀ ਜਾ ਰਹੀ? ਬਾਦਲਾਂ ਅਤੇ ਕੈਪਟਨ ਵਾਂਗ ਮੌਜ਼ੂਦਾ ਚੰਨੀ ਸਰਕਾਰ ਬਿਜਲੀ ਉਤਪਾਦਨ ਘੱਟ ਕਰਨ ਵਾਲੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਰੱਦ ਕਿਉਂ ਨਹੀਂ ਕਰ ਰਹੀ? ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ ਇਕ ਦਿਨ ਦਾ ਕੋਲਾ ਬਚਿਆ ਹੈ, ਜਦੋਂ ਕਿ ਸਰਕਾਰੀ ਪਲਾਂਟਾਂ ਕੋਲ ਚਾਰ ਦਿਨ ਦਾ ਕੋਲਾ ਹੈ, ਜਿਸ ਕਾਰਨ ਪੰਜਾਬ ’ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਜਦੋਂਕਿ ਨਿਯਮਾਂ ਅਨੁਸਾਰ ਥਰਮਲ ਪਲਾਂਟ ਕੋਲ 22 ਤੋਂ 25 ਦਿਨਾਂ ਲਈ ਕੋਲੇ ਦਾ ਭੰਡਾਰ ਹੋਣਾ ਲਾਜ਼ਮੀ ਹੈ। ਇਸ ਦੇ ਬਾਵਜੂਦ ਬਾਦਲਾਂ ਵਾਂਗ ਪ੍ਰਾਈਵੇਟ ਥਰਮਲ ਪਲਾਂਟਾਂ ’ਤੇ ਕੋਈ ਕਾਰਵਾਈ ਨਹੀਂ ਕਰ ਰਹੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੇ ਬੇਟੇ ਦੇ ਵਿਆਹ ’ਚ ਸਾਦਗੀ ਵੇਖ ਫਿਦਾ ਹੋਏ ਰਾਵਤ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 
  


author

Anuradha

Content Editor

Related News