ਲਿਆਦੀਆਂ ਜਾ ਰਹੀਆਂ ਨੀਤੀਆਂ ਨਾਲ ਪੰਜਾਬ ਦੇ ਹਰ ਖੇਤਰ ''ਚ ਬਦਲਾਅ ਨਜ਼ਰ ਆਵੇਗਾ : ਮਨਪ੍ਰੀਤ ਬਾਦਲ

09/23/2017 6:58:04 AM

ਲੁਧਿਆਣਾ  (ਸਲੂਜਾ) - ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਗੁਰਦਾਸਪੁਰ ਵਿਚ ਸੰਸਦ ਦੀ ਉਪ ਚੋਣ ਅਤੇ ਨਗਰ ਨਿਗਮ ਦੀਆਂ ਹੋਣ ਜਾ ਰਹੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ ਮੁਕਾਬਲੇ ਕੋਈ ਨਹੀਂ ਹੈ।   ਮਨਪ੍ਰੀਤ ਬਾਦਲ ਨੇ ਅੱਜ ਇਥੇ ਕਿਸਾਨ ਮੇਲੇ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਭਰ ਦੇ ਲੋਕ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਹਨ ਅਤੇ ਪੰਜਾਬ ਨੂੰ ਇਕ ਵਾਰ ਫਿਰ ਖੁਸ਼ਹਾਲ ਪੰਜਾਬ ਵਜੋਂ ਦੇਖਣ ਲੱਗੇ ਹਨ।  ਉਨ੍ਹਾਂ ਦੋਸ਼ ਲਾਇਆ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਪੰਜਾਬ ਨੂੰ ਕੰਗਾਲੀ ਦੇ ਰਸਤੇ 'ਤੇ ਲਿਆ ਖੜ੍ਹਾ ਕੀਤਾ ਹੈ ਪਰ ਹੁਣ ਸਾਡੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਵਾਰ ਫਿਰ ਤਰੱਕੀ ਦੇ ਰਸਤੇ 'ਤੇ ਅੱਗੇ ਲਿਜਾਣ ਦੇ ਮਕਸਦ ਨਾਲ ਅਜਿਹੀਆਂ ਨੀਤੀਆਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਹਰ ਖੇਤਰ ਵਿਚ ਕੁਝ ਨਾ ਕੁਝ ਬਦਲਾਅ ਨਜ਼ਰ ਆਵੇਗਾ।  ਇਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ਨੂੰ ਸਰਕਾਰ ਦੀ ਸਮਰੱਥਾ ਮੁਤਾਬਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਦੀ ਖਾਤਰ ਜੇਕਰ ਸਰਕਾਰ ਨੂੰ ਲੋਨ ਵੀ ਲੈਣਾ ਪਿਆ ਤਾਂ ਲਵੇਗੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਖੇਤਰ ਵਿਚ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ, ਉਸੇ ਤਰ੍ਹਾਂ ਰਾਜਨੀਤੀ ਵਿਚ ਵੀ ਆਉਣ ਵਾਲੇ ਸਮੇਂ ਦੌਰਾਨ ਸਿੱਖਿਅਤ ਲੋਕ ਹੀ ਅੱਗੇ ਆਉਣਗੇ ਕਿਉਂਕਿ ਚੋਣਾਂ ਸਮੇਂ ਲੋਕ ਵੋਟ ਮੰਗਣ ਵਾਲਿਆਂ ਤੋਂ ਕੀਤੇ ਗਏ ਕੰਮਾਂ ਦਾ ਹਿਸਾਬ-ਕਿਤਾਬ ਲੈਣ ਲੱਗੇ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਜੋ ਸਰਕਾਰ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ। ਜੇਕਰ ਉਸ ਵਿਚ ਕਿਸੇ ਵੀ ਪੱਧਰ 'ਤੇ ਕਿਸੇ ਨੇ ਵੀ ਹੇਰਾਫੇਰੀ ਕਰਨ ਦਾ ਯਤਨ ਕੀਤਾ ਤਾਂ ਉਸ ਦੇ ਖਿਲਾਫ ਬਣਦੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ। ਵਿੱਤ ਮੰਤਰੀ ਨੇ ਇਕ ਮਜ਼ਬੂਤ ਪੰਜਾਬ ਦੇ ਲਈ ਸਮੁੱਚੇ ਪੰਜਾਬੀਆਂ ਤੋਂ ਪੂਰਾ ਸਹਿਯੋਗ ਵੀ ਮੰਗਿਆ ਹੈ।


Related News