ਸਿੱਖ ਕੈਦੀਆਂ ਦੀ ਰਿਹਾਈ ਤੇ ਰਾਜੋਆਣਾ 'ਤੇ ਦਾਦੂਵਾਲ ਦਾ ਵੱਡਾ ਬਿਆਨ
Wednesday, Oct 02, 2019 - 09:42 AM (IST)
ਚੰਡੀਗੜ੍ਹ (ਭੁੱਲਰ) : ਸਰਬੱਤ ਖਾਲਸਾ ਵਲੋਂ ਨਿਯੁਕਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਲੋਂ 8 ਸਿੱਖ ਕੈਦੀਆਂ ਦੀ ਰਿਹਾਈ ਅਤੇ ਭਾਈ ਰਾਜੋਆਣਾ ਦੀ ਫ਼ਾਂਸੀ ਦੀ ਸਜ਼ਾ ਖ਼ਤਮ ਕਰਨ ਦੇ ਫੈਸਲੇ ਸਵਾਗਤਯੋਗ ਪਰ ਅਧੂਰੇ ਹਨ। ਅੱਜ ਇਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ (ਭੋਮਾ) ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਤੇ ਸਲਾਹਕਾਰ ਸਰਬਜੀਤ ਸਿੰਘ ਜੰਮੂ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ 8 ਸਿੱਖ ਕੈਦੀ ਹੀ ਨਹੀਂ ਬਲਕਿ ਹੋਰ ਵੀ ਅਜਿਹੇ ਬਹੁਤ ਸਿੱਖ ਕੈਦੀ ਹਨ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹਨ। 22 ਅਜਿਹੇ ਕੈਦੀਆਂ ਦੀ ਲਿਸਟ ਉਨ੍ਹਾਂ ਵਲੋਂ ਬਰਗਾੜੀ ਮੋਰਚੇ ਦੌਰਾਨ ਪੰਜਾਬ ਸਰਕਾਰ ਨੂੰ ਵੀ ਦਿੱਤੀ ਗਈ ਸੀ। ਇਹ ਸਾਰੇ ਕੈਦੀ ਰਿਹਾਅ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰਾਜੋਆਣਾ ਦੀ ਫਾਂਸੀ ਖਤਮ ਕਰਨ ਦੇ ਨਾਲ ਉਨ੍ਹਾਂ ਦੀ ਵੀ ਜੇਲ 'ਚੋਂ ਰਿਹਾਈ ਹੋਣੀ ਚਾਹੀਦੀ ਹੈ ਕਿਉਂਕਿ ਉਹ ਬਣਦੀ ਉਮਰ ਕੈਦ ਦੀ ਸਜ਼ਾ ਕੱਟ ਚੁੱਕੇ ਹਨ।
ਦਾਦੂਵਾਲ ਨੇ ਕਿਹਾ ਕਿ ਮੋਦੀ ਸਰਕਾਰ ਦਾ ਸਿੱਖਾਂ ਦੀ ਕਾਲੀ ਸੂਚੀ ਸਮਾਪਤ ਕਰਨ ਦਾ ਫੈਸਲਾ ਵੀ ਸਵਾਗਤਯੋਗ ਹੈ ਪਰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਕਿਹੜੇ-ਕਿਹੜੇ ਸਿੱਖ ਹਨ। ਉਨ੍ਹਾਂ ਸੂਚੀ 'ਚ ਸ਼ਾਮਿਲ 312 ਨਾਵਾਂ ਨੂੰ ਜਨਤਕ ਕਰਨ ਅਤੇ ਇਸ ਬਾਰੇ ਕੇਂਦਰ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੇ 8 ਕੈਦੀਆਂ ਬਾਰੇ ਵੀ ਸਪੱਸ਼ਟ ਨਹੀਂ, ਸਿਰਫ਼ ਮੀਡੀਆ ਰਿਪੋਰਟਾਂ 'ਚ ਹੀ ਕਈ ਨਾਂ ਸਾਹਮਣੇ ਆ ਰਹੇ ਹਨ। ਇਸ ਬਾਰੇ ਵੀ ਕੇਂਦਰ ਸਰਕਾਰ ਨੂੰ ਸਪੱਸ਼ਟ ਐਲਾਨ ਕਰਨਾ ਚਾਹੀਦਾ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਿੱਖ ਕੈਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਬਰਗਾੜੀ ਮੋਰਚੇ ਦੌਰਾਨ ਹੀ ਤਿਆਰ ਸੀ ਪਰ ਬਾਦਲਾਂ ਵਲੋਂ ਰੁਕਾਵਟਾਂ ਕਾਰਨ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਬਰਗਾੜੀ ਮੋਰਚੇ ਵਾਲਿਆਂ ਨੂੰ ਕੋਈ ਸਿਹਰਾ ਮਿਲੇ। ਇਕ ਸਵਾਲ ਦੇ ਜਵਾਬ 'ਚ ਦਾਦੂਵਾਲ ਨੇ ਕਿਹਾ ਕਿ ਜੇਕਰ ਭਵਿੱਖ 'ਚ ਵੀ ਮੋਦੀ ਸਰਕਾਰ ਸਿੱਖ ਪੰਥ ਦੇ ਪੱਖ 'ਚ ਫੈਸਲੇ ਕਰਦੀ ਹੈ ਤਾਂ ਲੋਕ ਖੁਦ ਫੈਸਲਾ ਕਰਨਗੇ ਕਿ 2022 ਦੀਆਂ ਚੋਣਾਂ 'ਚ ਕਿਸ ਦਾ ਸਮਰਥਨ ਕਰਨਾ ਹੈ।
ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਮੂਹ ਸਿੱਖ ਕੈਦੀਆਂ ਦੀ ਰਿਹਾਈ ਲਈ ਪੰਜਾਬ ਸਰਕਾਰ ਨੂੰ ਵਿਸ਼ੇਸ਼ ਅਸੈਂਬਲੀ ਸੈਸ਼ਨ ਬੁਲਾ ਕੇ ਮਤਾ ਪਾਸ ਕਰ ਕੇ ਕੇਂਦਰ ਨੂੰ ਸਿਫਾਰਸ਼ ਕਰਨੀ ਚਾਹੀਦੀ ਹੈ। ਮੋਦੀ ਸਰਕਾਰ ਵਲੋਂ 8 ਸਿੱਖ ਕੈਦੀਆਂ ਦੀ ਰਿਹਾਈ ਅਤੇ 312 ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਬਾਰੇ ਉਨ੍ਹਾਂ ਕਿਹਾ ਕਿ ਵਧੀਆ ਹੋਵੇਗਾ ਕਿ ਪ੍ਰਧਾਨ ਮੰਤਰੀ ਪੰਜਾਬ 'ਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮ 'ਚ ਪਹੁੰਚਣ ਸਮੇਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਜਹਾਜ਼ 'ਚ ਨਾਲ ਬਿਠਾ ਕੇ ਲਿਆਉਣ ਤੇ ਸਿੱਖ ਪੰਥ ਸਾਹਮਣੇ ਪੇਸ਼ ਕਰਨ, ਜਿਸ ਨਾਲ ਪਤਾ ਲੱਗੇਗਾ ਕਿ ਮੋਦੀ ਸਰਕਾਰ ਸੱਚਮੁੱਚ ਸਿੱਖਾਂ ਦੇ ਮਸਲਿਆਂ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਲੋਂ ਸਿੱਖ ਕੈਦੀਆਂ ਦੀ ਰਿਹਾਈ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕ੍ਰੈਡਿਟ ਨਹੀਂ ਲੈ ਸਕਦੇ ਕਿਉਂਕਿ ਇਹ ਸਿੱਖ ਸੰਘਰਸ਼ ਕਾਰਨ ਹੀ ਹੋਇਆ ਹੈ।