ਅਕਾਲੀ ਦਲ ਵਲੋਂ ਮੁਅੱਤਲ ਕੀਤੇ ਜਾਣ ਮਗਰੋਂ ਪਰਮਿੰਦਰ ਢੀਂਡਸਾ ਨੇ ਕਿਹਾ ਇਹ ਤਾਂ ਹੋਣਾ ਹੀ ਸੀ

01/12/2020 9:42:03 AM

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਦੇ ਫੈਸਲੇ 'ਤੇ ਅਕਾਲੀ ਵਿਧਾਇਕ ਅਤੇ ਪਾਰਟੀ ਵਿਧਾਇਕ ਦਲ ਦੇ ਸਾਬਕਾ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਤਾਂ ਹੋਣਾ ਹੀ ਸੀ ਅਤੇ ਸਾਨੂੰ ਇਸ ਬਾਰੇ ਪਹਿਲਾਂ ਤੋਂ ਹੀ ਪਤਾ ਸੀ। ਪਿਤਾ ਸੁਖਦੇਵ ਸਿੰਘ ਢੀਂਡਸਾ ਸਮੇਤ ਪਾਰਟੀ ਤੋਂ ਮੁਅੱਤਲ ਕੀਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਹੁਣ ਜੋ ਉਨ੍ਹਾਂ ਨੇ ਰਸਤਾ ਚੁਣਿਆ ਹੈ, ਉਸ ਤੋਂ ਕਦਮ ਪਿੱਛੇ ਨਹੀਂ ਖਿੱਚੇ ਜਾ ਸਕਦੇ। ਪਾਰਟੀ ਦੀ ਕਾਰਵਾਈ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਪੂਰੀ ਤਰ੍ਹਾਂ ਸੋਚ ਸਮਝ ਕੇ ਹੀ ਆਪਣੇ ਭਵਿੱਖ ਦਾ ਫੈਸਲਾ ਕੀਤਾ ਹੈ। ਉਨ੍ਹਾਂ ਅਕਾਲੀ ਦਲ ਵਿਰੋਧੀ ਕੋਈ ਕੰਮ ਨਹੀਂ ਕੀਤਾ, ਸਗੋਂ ਅਕਾਲੀ ਦਲ 'ਚ ਸੁਧਾਰ ਅਤੇ ਲੋਕਤੰਤਰ ਦੀ ਬਹਾਲੀ ਲਈ ਹੀ ਸਿਧਾਂਤਕ ਲੜਾਈ ਸ਼ੁਰੂ ਕੀਤੀ ਹੈ।

ਅਕਾਲੀ ਦਲ ਵਲੋਂ 15 ਦਿਨਾਂ 'ਚ ਜਵਾਬ ਦੇਣ ਸਬੰਧੀ ਨੋਟਿਸ ਜਾਰੀ ਕਰਨ ਬਾਰੇ ਉਨ੍ਹਾਂ ਕਿਹਾ ਕਿ ਅਜੇ ਉਨ੍ਹਾਂ ਨੂੰ ਮੀਡੀਆ ਤੋਂ ਹੀ ਫੈਸਲੇ ਦਾ ਪਤਾ ਲੱਗਾ ਹੈ ਅਤੇ ਜਦੋਂ ਉਨ੍ਹਾਂ ਕੋਲ ਪਾਰਟੀ ਦੇ ਫੈਸਲੇ ਦਾ ਪੱਤਰ ਪਹੁੰਚੇਗਾ ਤਾਂ ਉਹ ਦੇਖਣਗੇ ਕਿ ਉਸ ਦਾ ਜਵਾਬ ਦੇਣਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਾਡੇ ਵਲੋਂ ਪਾਰਟੀ 'ਚ ਲੋਕਤੰਤਰ ਨਾ ਹੋਣ ਦਾ ਮੁੱਦਾ ਚੁੱਕਣ ਕਾਰਣ ਹੀ ਹੁਣ ਦਿਖਾਵੇ ਲਈ 15 ਦਿਨਾਂ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਸਦੇ ਬਾਅਦ ਸਾਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਜਾਵੇਗਾ, ਜਦੋਂਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਵਰਗੇ ਸੀਨੀਅਰ ਨੇਤਾਵਾਂ ਨੂੰ ਬਿਨਾਂ ਨੋਟਿਸ ਦਿੱਤੇ ਹੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ।


cherry

Content Editor

Related News