ਦਿਵਿਆਂਗ ਵੋਟਰਾਂ ਨੂੰ ਵੋਟਾਂ ਸਮੇਂ ਮੁਹੱਈਆ ਕਰਵਾਵਾਂਗੇ ਕੈਬ : ਚੋਣ ਕਮਿਸ਼ਨ

03/02/2019 9:33:21 AM

ਚੰਡੀਗੜ੍ਹ(ਭੁੱਲਰ)— ਚੋਣ ਕਮਿਸ਼ਨ ਦਿਵਿਆਂਗ ਵੋਟਰਾਂ, ਜਿਨ੍ਹਾਂ 'ਚ ਨੇਤਰਹੀਣ ਵੀ ਸ਼ਾਮਲ ਹਨ, ਨੂੰ ਲੋਕਸਭਾ ਦੀਆਂ 2019 ਦੀਆਂ ਚੋਣਾਂ 'ਚ ਵੋਟਾਂ ਸਮੇਂ ਘਰਾਂ 'ਚੋਂ ਬੂਥ ਤੱਕ ਲਿਆਉਣ ਲਈ ਕੈਬ ਮੁਹੱਈਆ ਕਰਵਾਏਗਾ। ਇਹ ਅਹਿਮ ਜਾਣਕਾਰੀ ਸ਼ੁੱਕਰਵਾਰ ਨੂੰ ਇਥੇ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦਿਵਿਆਂਗ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਦਿੱਤੀ। ਉਨ੍ਹਾਂ ਦੱਸਿਆ ਕਿ ਵੋਟਾਂ ਤੋਂ ਪਹਿਲਾਂ ਦਿਵਿਆਂਗ ਵੋਟਰਾਂ ਨੂੰ ਕਮਿਸ਼ਨ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਜਾਣੂ ਕਰਵਾਉਣ ਲਈ ਐੱਨ. ਜੀ. ਓ. ਅਰਾਈਵ ਸੇਫ਼ ਦੇ ਮੁਖੀ ਹਰਮਨ ਸਿੱਧੂ ਅਤੇ ਪੰਜਾਬੀ ਯੂਨੀਵਰਸਿਟੀ ਦੀ ਨੇਤਰਹੀਣ ਅਸਿਸਟੈਂਟ ਪ੍ਰੋ. ਡਾ. ਕਿਰਨ ਕੁਮਾਰੀ ਨੂੰ ਜਾਗਰੂਕਤਾ ਲਈ ਸਟੇਟ ਆਈਕਾਨ ਨਿਯੁਕਤ ਕੀਤਾ ਗਿਆ ਹੈ। ਪ੍ਰੈੱਸ ਕਾਨਫਰੰਸ 'ਚ ਵਧੀਕ ਮੁੱਖ ਚੋਣ ਅਧਿਕਾਰੀ ਕਵਿਤਾ ਸਿੰਘ ਅਤੇ ਦੋਵੇਂ ਸਟੇਟ ਆਈਕਾਨ ਵੀ ਮੌਜੂਦ ਸਨ। ਡਾ. ਰਾਜੂ ਨੇ ਦੱਸਿਆ ਕਿ ਰਾਜ ਵਿਚ ਦਿਵਿਆਂਗ ਵੋਟਰਾਂ ਦੀ ਗਿਣਤੀ 68,551 ਹੈ, ਜਿਨ੍ਹਾਂ 'ਚ 5814 ਨੇਤਰਹੀਣ, 4892 ਗੂੰਗੇ ਬਹਿਰੇ, 39359 ਚੱਲਣ ਫ਼ਿਰਨ ਵਿਚ ਅਸਮਰੱਥ ਅਤੇ 18486 ਹੋਰ ਦਿਵਿਆਂਗ ਵੋਟਰ ਹਨ।

ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਐਪ ਤਿਆਰ - ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਐਪ ਤਿਆਰ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਵੋਟਾਂ ਨਾਲ ਸਬੰਧਤ ਹਰ ਤਰ੍ਹਾਂ ਦੀ ਜਾਣਕਾਰੀ ਮਿਲੇਗੀ। ਉਹ ਆਪਣੇ ਬੂਥ ਤੱਕ ਦੀ ਜਾਣਕਾਰੀ ਐਪ ਰਾਹੀਂ ਲੈ ਸਕਣਗੇ। ਜਿਹੜੇ ਦਿਵਿਆਂਗ ਹਾਲੇ ਤੱਕ ਵੋਟਰ ਨਹੀਂ ਬਣੇ, ਉਹ ਇਸ ਐਪ ਦੀ ਸਹਾਇਤਾ ਨਾਲ ਵੋਟਰ ਬਣ ਸਕਦੇ ਹਨ ਅਤੇ ਜਿਹੜੇ ਦਿਵਿਆਂਗ ਵੋਟਰਾਂ ਕੋਲ ਵ੍ਹੀਲਚੇਅਰਾਂ ਨਹੀਂ, ਉਨ੍ਹਾਂ ਨੂੰ ਕਮਿਸ਼ਨ ਇਹ ਚੇਅਰਾਂ ਮੁਹੱਈਆ ਕਰਵਾਏਗਾ। ਸੁਣਨ ਤੇ ਦੇਖਣ ਵਿਚ ਕਮਜ਼ੋਰ ਦਿਵਿਆਂਗਾਂ ਲਈ ਸਿੰਬਲ ਸਾਈਨ ਭਾਸ਼ਾ ਦਾ ਪੋਸਟਰ ਵੀ ਤਿਆਰ ਕੀਤਾ ਗਿਆ ਹੈ। ਵੋਟਾਂ ਸਮੇਂ ਪੋਲਿੰਗ ਬੂਥਾਂ 'ਚ ਦਿਵਿਆਂਗ ਵੋਟਰਾਂ ਦੀ ਸਹਾਇਤਾ ਲਈ ਐੱਨ. ਸੀ. ਸੀ. ਤੇ ਐੱਨ. ਐੱਸ. ਐੱਸ. ਕੈਡੇਟ ਵੀ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਮਦਦ ਕਰਨਗੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਪੋਲਿੰਗ ਬੂਥਾਂ ਵਾਲੀਆਂ ਇਮਾਰਤਾਂ 'ਚ ਲਿਫਟ ਦੀ ਸਹੂਲਤ ਨਹੀਂ ਹੈ ਤਾਂ ਪੋਲਿੰਗ ਸਟੇਸ਼ਨ ਗਰਾਊਂਡ ਫਲੋਰ 'ਤੇ ਬਣਾਉਣ ਅਤੇ ਨਾਲ ਹੀ ਇਸ ਵਿਚ ਦਾਖਲੇ ਲਈ ਰੈਂਪ/ਮੋਬਾਇਲ ਰੈਂਪ ਦੀ ਸਹੂਲਤ ਦੇਣਾ, ਹਰੇਕ ਪੋਲਿੰਗ ਸਟੇਸ਼ਨ 'ਤੇ ਮੋਬਾਇਲ ਬੈਰੀਕੇਡ ਸਥਾਪਤ ਕਰਨ ਤੋਂ ਇਲਾਵਾ ਦਿਵਿਆਂਗ ਵੋਟਰਾਂ ਦੀ ਬੂਥ 'ਚ ਵੱਖਰੇ ਦਾਖਲੇ ਦਾ ਪ੍ਰਬੰਧ ਕੀਤਾ ਜਾਵੇਗਾ।

ਪੰਜਾਬ 'ਚ ਅੱਜ ਤੇ ਭਲਕੇ ਵੋਟਾਂ ਬਣਾਉਣ ਲਈ ਵਿਸ਼ੇਸ਼ ਕੈਂਪ ਲੱਗਣਗੇ- ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਅੱਜ ਇੱਥੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨਾਲ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਮੀਟਿੰਗ ਕੀਤੀ। ਇਸ ਮੀਟਿੰਗ 'ਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ, ਸਟੇਟ ਕਮਿਊਨਿਸਟ ਪਾਰਟੀ ਆਫ ਇੰਡੀਆ  ਦੇ ਨੁਮਾਇੰਦਿਆਂ ਨੇ ਭਾਗ ਲਿਆ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ. ਈ. ਓ. ਡਾ. ਰਾਜੂ ਨੇ ਕਿਹਾ ਕਿ 2 ਮਾਰਚ ਅਤੇ 3 ਮਾਰਚ 2019 ਨੂੰ ਹਰੇਕ ਪੋਲਿੰਗ ਬੂਥ 'ਤੇ ਵਿਸ਼ੇਸ਼ ਕੈਂਪ ਲਾ ਕੇ ਵੋਟਾਂ ਬਣਾਉਣ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਮੁਹਿੰਮ ਦੌਰਾਨ ਵੋਟਰ ਸੂਚੀਆਂ 'ਚੋਂ ਦੋਹਰੇ ਇੰਦਰਾਜ ਜਾਂ ਦੋ ਵਾਰ ਦਰਜ ਹੋਏ ਵੇਰਵਿਆਂ ਨੂੰ ਕੱਟਣਾ, ਪੱਕੇ ਤੌਰ 'ਤੇ ਰਿਹਾਇਸ਼ ਬਦਲਣ ਵਾਲੇ ਅਤੇ ਮਰ ਚੁੱਕੇ ਲੋਕਾਂ ਦੀਆਂ ਵੋਟਾਂ ਕੱਟਣ ਦਾ ਕੰਮ ਕੀਤਾ ਜਾਵੇਗਾ।


cherry

Content Editor

Related News