ਯੂਕਰੇਨ ਤੋਂ 144 ਮੁਸਾਫਰ ਲੈ ਕੇ ਚੰਡੀਗੜ੍ਹ ਹਵਾਈ ਅੱਡੇ ਪੁੱਜਿਆ ਜਹਾਜ਼, ਸਭ ਦੀ ਹੋਈ ਜਾਂਚ

05/31/2020 2:50:18 PM

ਚੰਡੀਗੜ੍ਹ (ਕੁਲਦੀਪ) : ਵੰਦੇ ਭਾਰਤ ਮਿਸ਼ਨ ਤਹਿਤ ਯੂਕਰੇਨ ਤੋਂ 144 ਮੁਸਾਫਰਾਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਐਤਵਾਰ ਤੜਕੇ 3.12 ਵਜੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜਿਆ। ਇਸ ਜਹਾਜ਼ 'ਚ ਯੂਕਰੇਨ ਤੋਂ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਸਵਾਰ ਸਨ। ਨਿਰਧਾਰਿਤ ਸਮੇਂ ਤੋਂ 3 ਘੰਟੇ ਲੇਟ ਪੁੱਜੇ ਇਸ ਜਹਾਜ਼ ਦੇ ਕਾਰਨ ਪੰਜਾਬ ਸਿਹਤ ਵਿਭਾਗ ਦੀ ਟੀਮ ਨੂੰ ਲੰਬਾ ਇੰਤਜ਼ਾਰ ਕਰਨਾ ਪਿਆ। ਬੀਤੀ ਰਾਤ 10.30 ਵਜੇ ਸਿਹਤ ਵਿਭਾਗ ਦੀ ਟੀਮ ਵੀ ਪਹੁੰਚ ਗਈ, ਜੋ ਸਵੇਰੇ 7.30 ਵਜੇ ਸਾਰੇ ਮੁਸਾਫਰਾਂ ਦੀ ਜਾਂਚ ਕਰਨ ਤੋਂ ਬਾਅਦ ਵਾਪਸ ਗਈ।

ਇਸ ਜਹਾਜ਼ 'ਚ ਚੰਡੀਗੜ੍ਹ ਦੇ 2, ਮੋਹਾਲੀ ਦੇ 5, ਪੰਜਾਬ ਦੇ 34, ਹਰਿਆਣਾ ਦੇ 53, ਹਿਮਾਚਲ ਦੇ 54 ਅਤੇ ਰਾਜਸਥਾਨ ਦੇ 11 ਮੁਸਾਫਰ ਸ਼ਾਮਲ ਹਨ। ਸਾਰਿਆਂ ਨੂੰ ਉਨ੍ਹਾਂ ਦੇ ਸੂਬਿਆਂ ਦੀਆਂ ਬੱਸਾਂ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਨੂੰ ਇਕਾਂਤਵਾਸ 'ਚ ਰੱਖਿਆ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਐਪੀਡੈਮੋਲਾਜਿਸਟ ਡਾ. ਹਰਮਨ ਦੀਪ ਕੌਰ ਦੀ ਅਗਵਾਈ 'ਚ ਸਾਰੇ ਮੁਸਾਫਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਮੋਹਾਲੀ ਅਤੇ ਚੰਡੀਗੜ੍ਹ ਦੇ ਮੁਸਾਫਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਕੋਰੋਨਾ ਟੈਸਟ ਅਗਲੇ 5 ਤੋਂ 7 ਦਿਨਾਂ ਅੰਦਰ ਕੀਤਾ ਜਾਵੇਗਾ।
 


Babita

Content Editor

Related News