ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਮਿਲਿਆ ''ਬੈਸਟ ਏਅਰਪੋਰਟ'' ਦਾ ਐਵਾਰਡ
Saturday, Mar 14, 2020 - 01:36 PM (IST)
ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਦੇਸ਼ ਦਾ ਸਭ ਤੋਂ ਬੈਸਟ ਏਅਰਪੋਰਟ ਦਾ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ ਫਿੱਕੀ ਵਲੋਂ ਹੈਦਰਾਬਾਦ 'ਚ ਆਯੋਜਿਤ ਪ੍ਰੋਗਰਾਮ 'ਚ ਦਿੱਤਾ ਗਿਆ, ਜਿਸ 'ਚ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਸਾਰੇ ਖੇਤਰਾਂ 'ਚ ਬਿਹਤਰ ਕਾਰਜ ਨੂੰ ਧਿਆਨ 'ਚ ਰੱਖਦੇ ਹੋਏ ਇਹ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਇੰਟਰਨੈਸ਼ਨਲ ਏਅਰਪੋਰਟ ਦੇ ਸੀ. ਈ. ਓ. ਅਜੇ ਕੁਮਾਰ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ।
ਵਿੰਗਜ਼ ਇੰਡੀਆ 2020 ਸ਼ਹਿਰੀ ਹਵਾਬਾਜ਼ੀ ਖੇਤਰ 'ਚ ਇਕ ਪ੍ਰਮੁੱਖ ਪ੍ਰੋਗਰਾਮ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਾਲ 12-15 ਮਾਰਚ ਤੱਕ ਬੇਗਮਪੇਟ ਏਅਰਪੋਰਟ ਹੈਦਰਾਬਾਦ 'ਚ ਸਾਰਿਆਂ ਲਈ ਉਡਾਣ ਥੀਮ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਮੁੱਖ ਟੀਚਾ ਭਾਰਤ 'ਚ ਖੇਤਰੀ ਕੁਨੈਕਟੀਵਿਟੀ ਵਧਾਉਣ ਅਤੇ ਸ਼ਹਿਰਾਂ ਨੂੰ ਕਸਬਿਆਂ ਨਾਲ ਜੋੜਿਆ ਹੈ। ਇਸ ਮੁਹਿੰਮ ਤਹਿਤ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੇ ਕਈ ਖੇਤਰਾਂ ਨਾਲ ਕੁਨੈਕਟੀਵਿਟੀ ਵਧਾਈ ਹੈ, ਜਿਸ ਕਾਰਨ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਇਆ ਹੈ।
ਏਅਰ ਇੰਡੀਆ ਜੰਮੂ ਲਈ ਸ਼ੁਰੂ ਕਰੇਗੀ ਉਡਾਣ
ਜੰਮੂ ਅਤੇ ਚੰਡੀਗੜ੍ਹ ਵਿਚਕਾਰ ਜਹਾਜ਼ ਕੰਪਨੀ ਅਲਾਇੰਸ ਏਅਰਲਾਈਨਜ਼ ਨਵੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਹ ਉਡਾਣ 9635-36 ਜੰਮੂ ਤੋਂ ਸਵੇਰੇ 9.10 ਵਜੇ ਉਡਾਣ ਭਰੇਗੀ ਅਤੇ 10.25 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਤਰ੍ਹਾਂ ਚੰਡੀਗੜ੍ਹ ਤੋਂ ਇਹ ਫਲਾਈਟ ਸਵੇਰੇ 10.50 ਵਜੇ ਉਡਾਣ ਭਰੇਗੀ ਅਤੇ 12.05 ਵਜੇ ਜੰਮੂ ਪੁੱਜੇਗੀ। ਇਸ ਰੂਟ 'ਤੇ 72 ਸੀਟਾਂ ਵਾਲਾ ਏ. ਟੀ. ਆਰ. ਜਹਾਜ਼ ਉੱਡੇਗਾ। ਇਹ ਐਤਵਾਰ ਨੂੰ ਛੱਡ ਕੇ ਹਫਤੇ ਦੇ 6 ਦਿਨ ਇਸ ਰੂਟ 'ਤੇ ਉਡਾਣ ਭਰੇਗਾ। ਅਲਾਇੰਸ ਏਅਰਲਾਈਨਜ਼ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਵੈਸ਼ਣੋ ਦੇਵੀ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ 'ਚ ਵਾਧਾ ਹੋਵੇਗਾ।