...''ਚੰਡੀਗੜ੍ਹ'' ਦੇ ਇਹ ਮਕਾਨ ਨਹੀਂ ਸਹਿ ਸਕਣਗੇ ''ਭੂਚਾਲ ਦਾ ਝਟਕਾ''
Monday, Jul 01, 2019 - 01:50 PM (IST)

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮਕਾਨ ਸੁਰੱਖਿਅਤ ਨਹੀਂ ਹਨ। ਇਹ ਭੂਚਾਲ ਦਾ ਝਟਕਾ ਬਰਦਾਸ਼ਤ ਨਹੀਂ ਕਰ ਸਕਣਗੇ। ਬੋਰਡ ਵਲੋਂ ਹਾਇਰ ਕੀਤੇ ਗਏ ਕੰਸਲਟੈਂਟ ਦੀ ਰਿਪੋਰਟ 'ਚ ਇਸ ਦਾ ਖੁਲਾਸਾ ਹੋਇਆ ਹੈ ਪਰ ਬਾਵਜੂਦ ਇਸ ਦੇ ਬੋਰਡ ਨੇ ਇਸ ਰਿਪੋਰਟ ਨੂੰ ਦਰਕਿਨਾਰ ਕਰਕੇ ਨੀਡ ਬੇਸ ਚੇਂਜ ਨੂੰ ਲਾਗੂ ਕਰਨ ਦੀ ਇਜਾਜ਼ਤ ਦੇ ਦਿੱਤੀ। ਰਿਪੋਰਟ 'ਚ ਸਾਫ ਕੀਤਾ ਗਿਆ ਹੈ ਕਿ ਬੋਰਡ ਦੇ ਮਕਾਨਾਂ ਅਤੇ ਇਨ੍ਹਾਂ 'ਚ ਕੀਤੇ ਗਏ ਬਦਲਾਅ ਨੂੰ ਮਜ਼ਬੂਤ ਅਤੇ ਇਨ੍ਹਾਂ 'ਚ ਸੁਧਾਰ ਕਰਨ ਦੀ ਲੋੜ ਹੈ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਨੀਡ ਬੇਸ ਚੇਂਜ ਨੂੰ ਲਾਗੂ ਕਰਨ ਤੋਂ ਪਹਿਲਾਂ ਬੋਰਡ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਨੂੰ ਇਸ ਦੀ ਕੰਸਲਟੈਂਸੀ ਦਾ ਕੰਮ ਦਿੱਤਾ ਸੀ। ਇਹ ਬਦਲਾਅ ਕਿੱਥੋਂ ਤੱਕ ਠੀਕ ਹੈ, ਇਸ ਤਹਿਤ ਸਟਰਕਚਰ ਸਟੇਬਿਲਿਟੀ ਨੂੰ ਲੈ ਕੇ ਪੈਕ ਨੇ ਇਹ ਰਿਪੋਰਟ ਦੇਣੀ ਸੀ। ਰਿਪੋਰਟ ਆਉਣ ਤੋਂ ਬਾਅਦ ਵੀ ਬੋਰਡ ਨੇ ਇਸ ਨੂੰ ਵਿਚਾਰ ਲਈ ਨਹੀਂ ਰੱਖਿਆ। ਇਹੀ ਕਾਰਨ ਹੈ ਕਿ ਨੀਡ ਬੇਸ ਚੇਂਜ ਨੂੰ ਆਗਿਆ ਦੇ ਦਿੱਤੀ ਗਈ, ਜਦੋਂ ਕਿ ਰਿਪੋਰਟ ਦੇ ਆਧਾਰ 'ਤੇ ਹੀ ਇਸ ਨੂੰ ਲਾਗੂ ਕੀਤਾ ਜਾਣਾ ਸੀ। ਇਸ ਸਬੰਧੀ ਬੋਰਡ ਦੇ ਚੀਫ ਐਗਜ਼ੀਕਿਊਟਿਵ ਅਫਸਰ ਯਸ਼ਪਾਲ ਗਰਗ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਜੁਆਇਨ ਕਰਨ ਤੋਂ ਪਹਿਲਾਂ ਦਾ ਹੈ, ਇਸ ਲਈ ਪਹਿਲਾਂ ਉਹ ਇਸ ਨੂੰ ਚੈੱਕ ਕਰਨਗੇ। ਉਸ ਤੋਂ ਬਾਅਦ ਹੀ ਇਸ ਸਬੰਧ 'ਚ ਅੱਗੇ ਦੀ ਕੋਈ ਕਾਰਵਾਈ ਕਰ ਸਕਣਗੇ।