ਚੰਡੀਗੜ੍ਹ ਦੇ ਹਸਪਤਾਲ 'ਚ ਪਨੀਰ ਦੀ ਸਬਜ਼ੀ 'ਚੋਂ ਜੋ ਨਿਕਲਿਆ, ਦੇਖਣ ਮਗਰੋਂ ਖਾਣ ਵਾਲਾ ਰਹਿ ਗਿਆ ਹੈਰਾਨ

Wednesday, Feb 15, 2023 - 12:13 PM (IST)

ਚੰਡੀਗੜ੍ਹ ਦੇ ਹਸਪਤਾਲ 'ਚ ਪਨੀਰ ਦੀ ਸਬਜ਼ੀ 'ਚੋਂ ਜੋ ਨਿਕਲਿਆ, ਦੇਖਣ ਮਗਰੋਂ ਖਾਣ ਵਾਲਾ ਰਹਿ ਗਿਆ ਹੈਰਾਨ

ਚੰਡੀਗੜ੍ਹ (ਪਾਲ) : ਇੱਥੇ ਸੈਕਟਰ-16 ਸਥਿਤ ਜੀ. ਐੱਮ. ਐੱਸ. ਐੱਚ. ਦੀ ਕੰਟੀਨ 'ਚ ਵੈੱਜ ਥਾਲੀ 'ਚੋਂ ਮੀਟ ਤੇ ਹੱਡੀਆਂ ਦੇ ਟੁਕੜੇ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਹੀ ਲੈਬ ਤਕਨੀਸ਼ੀਅਨ ਦੀ ਟ੍ਰੇਨਿੰਗ ਕਰ ਰਹੇ ਵਿਦਿਆਰਥੀ ਰਮਨ ਨੇ ਕੰਟੀਨ 'ਚੋਂ ਵੈੱਜ ਥਾਲੀ ਲਈ ਸੀ। ਉਹ ਜਿਵੇਂ ਹੀ ਖਾਣਾ ਖਾਣ ਲੱਗਾ ਤਾਂ ਪਨੀਰ ਦੀ ਸਬਜ਼ੀ 'ਚੋਂ ਮੀਟ ਤੇ ਹੱਡੀ ਦੇ ਛੋਟੇ-ਛੋਟੇ ਟੁਕੜੇ ਨਿਕਲੇ। ਵਿਦਿਆਰਥੀ ਨੇ ਕੰਟੀਨ ਸੰਚਾਲਕ ਨੂੰ ਦੱਸਿਆ। ਇਸਦੇ ਬਾਵਜੂਦ ਉਸਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਬਾਅਦ ਵਿਦਿਆਰਥੀ ਨੇ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਨੂੰ ਸ਼ਿਕਾਇਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਖਾਣੇ ਦੀ ਥਾਲੀ 'ਚ ਮੀਟ ਤੇ ਹੱਡੀ ਦੇ 3-4 ਟੁਕੜੇ ਸਨ। ਫਿਲਹਾਲ ਥਾਲੀ ਨੂੰ ਜਾਂਚ ਲਈ ਭਿਜਵਾ ਦਿੱਤਾ ਗਿਆ ਹੈ। ਵਿਦਿਆਰਥੀ ਮੁਤਾਬਕ ਜਦੋਂ ਇਸ ਸਬੰਧੀ ਕੰਟੀਨ ਸੰਚਾਲਕ ਨੂੰ ਦੱਸਿਆ ਤਾਂ ਉਸ ਨੇ ਹੱਡੀ ਕੱਢ ਕੇ ਕਿਹਾ ਕਿ ਸ਼ਾਇਦ ਗਲਤੀ ਨਾਲ ਆ ਗਈ ਹੋਵੇਗੀ। ਉੱਥੇ ਹੀ ਰਮਨ ਨੇ ਪਨੀਰ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਉਸ 'ਚ ਮੀਟ ਤੇ ਹੱਡੀਆਂ ਦੇ ਹੋਰ ਵੀ ਟੁਕੜੇ ਸਨ। ਵਿਦਿਆਰਥੀ ਨੇ ਦੱਸਿਆ ਕਿ ਉਹ ਚੰਡੀਗੜ੍ਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਹਸਪਤਾਲ 'ਚ ਲੈਬ ਤਕਨੀਸ਼ੀਅਨ ਦੀ ਟ੍ਰੇਨਿੰਗ ਲਈ ਆਉਂਦਾ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਹਾਲ ਹੀ 'ਚ ਜੀ. ਐੱਮ. ਐੱਸ. ਐੱਚ. 'ਚ ਕੰਟੀਨ ਅਤੇ ਫਾਸਟ ਫੂਡ ਜੁਆਇੰਟ ਨੂੰ ਲੀਜ਼ ’ਤੇ ਦਿੱਤਾ ਸੀ, ਜੋ 30 ਸਾਲ ਤੋਂ ਇਕ ਹੀ ਗਰੁੱਪ ਵਲੋਂ ਚਲਾਈ ਜਾ ਰਹੀ ਸੀ।

ਇਹ ਵੀ ਪੜ੍ਹੋ : CM ਮਾਨ ਤੇ ਰਾਜਪਾਲ ਵਿਚਾਲੇ ਟਕਰਾਅ ਜਾਰੀ, ਬਜਟ ਸੈਸ਼ਨ ਨੂੰ ਲੈ ਕੇ ਇਸ ਗੱਲ ਦਾ ਖ਼ਦਸ਼ਾ ਬਰਕਰਾਰ
ਖਾਣੇ ਦੇ ਸੈਂਪਲ ਜਾਂਚ ਲਈ ਭੇਜੇ
ਦੇਰ ਸ਼ਾਮ ਸਿਹਤ ਡਾਇਰੈਕਟਰ ਡਾ. ਸੁਮਨ ਨੇ ਦੱਸਿਆ ਕਿ ਵੈੱਜ ਥਾਲੀ 'ਚ ਪਨੀਰ ਦੀ ਸਬਜ਼ੀ ਵਿਚੋਂ ਮਾਸ ਦੇ ਟੁਕੜੇ ਅਤੇ ਹੱਡੀਆਂ ਮਿਲਣ ਸਬੰਧੀ ਸ਼ਿਕਾਇਤ ਮਿਲੀ ਹੈ। ਇਸ ਤੋਂ ਬਾਅਦ ਵਿਭਾਗ ਨੇ ਤੁਰੰਤ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ। ਉੱਥੇ ਹੀ ਕੰਟੀਨ ਦੇ ਠੇਕੇਦਾਰ ਨੂੰ ਮਾਮਲੇ ਸਬੰਧੀ ਬੁਲਾਇਆ ਗਿਆ ਸੀ। ਉਸ ਨੇ ਦੱਸਿਆ ਹੈ ਕਿ ਅਣਪਛਾਤੇ ਵਿਅਕਤੀਆਂ ਵਲੋਂ ਸ਼ਰਾਰਤ ਕੀਤੀ ਜਾ ਰਹੀ ਹੈ। ਇਸ ਦੌਰਾਨ ਡੀ. ਐੱਚ. ਐੱਸ. ਨੇ ਭਰੋਸਾ ਦਿੱਤਾ ਕਿ ਜਾਂਚ ਰਿਪੋਰਟ ਅਤੇ ਸੰਚਾਲਕ ਵਲੋਂ ਸਪੱਸ਼ਟੀਕਰਨ ਮਿਲਣ ਤੋਂ ਬਾਅਦ ਮਾਮਲੇ ਵਿਚ ਉੱਚਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ
ਠੇਕੇਦਾਰ ਨੇ ਕਿਹਾ-‘ਬਦਨਾਮ ਕਰਨ ਦੀ ਕੋਸ਼ਿਸ਼’
ਕੰਟੀਨ ਸੰਚਾਲਕ ਦਾ ਕਹਿਣਾ ਹੈ ਕਿ ਸਾਜਿਸ਼ ਤਹਿਤ ਕੰਟੀਨ ਨੂੰ ਬਦਨਾਮ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਕੰਟੀਨ ਦਾ ਟੈਂਡਰ ਅਲਾਟ ਹੋਇਆ ਸੀ। ਕੰਟੀਨ 'ਚ ਨਾਨ-ਵੈੱਜ ਨਹੀਂ ਬਣਦਾ ਹੈ ਅਤੇ ਪੂਰੀ ਸਫ਼ਾਈ ਨਾਲ ਖਾਣਾ ਤਿਆਰ ਕੀਤਾ ਜਾਂਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਕੰਟੀਨ ਚੱਲਦੀ ਸੀ, ਉਸ ਸਮੇਂ ਵੀ ਬਿਹਾ ਖਾਣਾ ਪਰੋਸੇ ਜਾਣ ਦੀ ਵੀਡੀਓ ਵਾਇਰਲ ਹੋਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News