ਪੰਜਾਬ ਸਰਕਾਰ ਦੁੱਧ ਉਤਪਾਦਕਾਂ ਲਈ ਉਲੀਕੇਗੀ ਵਿਆਪਕ ਯੋਜਨਾ

Wednesday, May 20, 2020 - 09:34 AM (IST)

ਪੰਜਾਬ ਸਰਕਾਰ ਦੁੱਧ ਉਤਪਾਦਕਾਂ ਲਈ ਉਲੀਕੇਗੀ ਵਿਆਪਕ ਯੋਜਨਾ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਸਰਕਾਰ ਅਕਤੂਬਰ 'ਚ ਦੁੱਧ ਦੀ ਵਧਣ ਵਾਲੀ ਪੈਦਾਵਾਰ ਨੂੰ ਸੰਭਾਲਣ, ਢੁੱਕਵਾਂ ਮੰਡੀਕਰਨ ਕਰਨ ਅਤੇ ਦੁੱਧ ਦੀ ਖ਼ਰੀਦ ਕੀਮਤ ਸਥਿਰ ਰੱਖਣ ਲਈ ਇਕ ਵਿਆਪਕ ਯੋਜਨਾ ਉਲੀਕ ਰਹੀ ਹੈ ਤਾਂ ਕਿ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਮਿਲਣ ਦੇ ਨਾਲ-ਨਾਲ ਖਪਤਕਾਰਾਂ ਨੂੰ ਖ਼ਰਾ ਦੁੱਧ ਮਿਲੇ। ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਇਕ ਉਚ ਪੱਧਰੀ ਮੀਟਿੰਗ 'ਚ ਇਹ ਫੈਸਲਾ ਹੋਇਆ ਕਿ ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਲੋਕ ਵੰਡ ਪ੍ਰਣਾਲੀ ਰਾਹੀਂ ਵੰਡੀਆਂ ਜਾਣ ਵਾਲੀਆਂ ਵਸਤਾਂ 'ਚ ਸੁੱਕਾ ਦੁੱਧ ਸ਼ਾਮਲ ਕੀਤੇ ਜਾਣ ਦੇ ਮਾਮਲੇ ਨੂੰ ਸਬੰਧਤ ਮਹਿਕਮਿਆਂ ਕੋਲ ਉਠਾਇਆ ਜਾਵੇ। ਮੀਟਿੰਗ 'ਚ ਹਾਜ਼ਰ ਅਧਿਕਾਰੀਆਂ, ਮਾਹਰਾਂ ਅਤੇ ਦੁੱਧ ਉਤਪਾਦਕਾਂ ਦਾ ਇਹ ਮੰਨਣਾ ਸੀ ਕਿ ਇਸ ਫੈਸਲੇ ਨਾਲ ਮਿਲਕਫੈੱਡ ਕੋਲ ਪਿਆ ਸੁੱਕੇ ਦੁੱਧ ਦਾ ਸਟਾਕ ਖਤਮ ਹੋਣ ਨਾਲ ਮਿਲਕਫੈੱਡ ਕਿਸਾਨਾਂ ਲਈ ਲਾਹੇਵੰਦ ਭਾਅ 'ਤੇ ਦੁੱਧ ਖਰੀਦਣ ਦੀ ਹਾਲਤ 'ਚ ਆ ਜਾਵੇਗਾ।

ਇਹ ਵੀ ਪੜ੍ਹੋ :  ਗੈਸਟ ਫੈਕਲਟੀ ਲੈਕਚਰਾਰਾਂ ਲਈ ਚੰਗੀ ਖਬਰ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਮਿਲਕਫੈਡ, ਕਿਸਾਨ ਕਮਿਸ਼ਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਮਿਲਕਫੈਡ ਨੂੰ ਇਸ ਸੰਕਟ ਅਤੇ ਅਕਤੂਬਰ 'ਚ ਦੁੱਧ ਦੀ ਵਧੀ ਹੋਈ ਪੈਦਾਵਾਰ ਨੂੰ ਸੰਭਾਲਣ ਦੇ ਸਮਰੱਥ ਬਣਾਉਣ ਲਈ ਲੋਂੜੀਦੀ ਆਰਥਿਕ ਸਹਾਇਤਾ ਸਬੰਧੀ ਤਜ਼ਵੀਜ ਤਿਆਰ ਕਰਨ ਨੂੰ ਕਿਹਾ ਤਾਂ ਕਿ ਇਸ ਨੂੰ ਅਗਲੇ ਹਫ਼ਤੇ ਵਿੱਤ ਵਿਭਾਗ ਨਾਲ ਵਿਚਾਰਿਆ ਜਾ ਸਕੇ। ਉਨ੍ਹਾਂ ਮਿਲਕਫੈਡ ਨੂੰ ਬੱਸੀ ਪਠਾਣਾਂ ਲੱਗ ਰਹੇ ਨਵੇਂ ਪਲਾਂਟ ਦੀ ਛੇਤੀ ਸ਼ੁਰੂਆਤ ਕਰਨ ਅਤੇ ਪੁਰਾਣੇ ਪਲਾਂਟਾਂ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ। ਮੀਟਿੰਗ 'ਚ ਕਿਸਾਨ ਕਮਿਸ਼ਨ ਦੇ ਸਕੱਤਰ ਡਾ. ਬਲਵਿੰਦਰ ਸਿੰਘ ਸਿੱਧੂ ਅਤੇ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵੀ ਸ਼ਾਮਲ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੋਰੋਨਾ ਵਾਇਰਸ ਦੇ 2 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਅੰਕੜਾ 200 ਤੋਂ ਪਾਰ


author

Baljeet Kaur

Content Editor

Related News