ਰੰਧਾਵਾ ਦੀ ਬਰਖਾਸਤਗੀ ਚੁੱਕੇਗੀ ਭਗਵਾਨਪੁਰੀਆ ਦੇ ਫਿਰੌਤੀ ਰੈਕੇਟ ਤੋਂ ਪਰਦਾ : ਮਜੀਠੀਆ

Saturday, Nov 30, 2019 - 10:45 AM (IST)

ਰੰਧਾਵਾ ਦੀ ਬਰਖਾਸਤਗੀ ਚੁੱਕੇਗੀ ਭਗਵਾਨਪੁਰੀਆ ਦੇ ਫਿਰੌਤੀ ਰੈਕੇਟ ਤੋਂ ਪਰਦਾ : ਮਜੀਠੀਆ

ਚੰਡੀਗੜ੍ਹ(ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਇਹ ਕਹਿੰਦਿਆਂ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਤੁਰੰਤ ਬਰਖ਼ਾਸਤਗੀ ਦੀ ਮੰਗ ਕੀਤੀ ਹੈ ਕਿ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਆ ਵੱਲੋਂ ਜੇਲ ਵਿਚੋਂ ਨਸ਼ੇ ਦੇ ਕਾਰੋਬਾਰ ਦੇ ਪੈਸੇ ਨਾਲ ਕਬੱਡੀ ਟੂਰਨਾਮੈਂਟਾਂ ਉੱਤੇ ਕੰਟਰੋਲ ਕਰਨ ਵਾਲੇ ਰੈਕੇਟ ਦੀ ਤਦ ਤਕ ਜਾਂਚ ਨਹੀਂ ਹੋ ਸਕੇਗੀ, ਜਦ ਤਕ ਉਸ ਨੂੰ ਜੇਲ ਮੰਤਰੀ ਦੀ ਸਰਪ੍ਰਸਤੀ ਹਾਸਲ ਹੈ।

ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਫੈੱਡਰੇਸ਼ਨ ਨੇ ਖੁਲਾਸਾ ਕੀਤਾ ਹੈ ਕਿ ਕਿਸ ਤਰ੍ਹਾਂ ਜੱਗੂ ਭਗਵਾਨਪੁਰੀਆ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ ਆਪਣੇ ਸਾਥੀਆਂ ਜ਼ਰੀਏ ਕਬੱਡੀ ਪ੍ਰਬੰਧਕਾਂ ਨੂੰ ਡਰਾ-ਧਮਕਾ ਕੇ ਨਸ਼ੇ ਦੇ ਕਾਰੋਬਾਰ ਦੇ ਪੈਸੇ ਦੀ ਮਦਦ ਨਾਲ ਕਬੱਡੀ ਟੂਰਨਾਮੈਂਟਾਂ ਉੱਤੇ ਕੰਟਰੋਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਫੈੱਡਰੇਸ਼ਨ ਨੇ ਇਸ ਸਬੰਧੀ ਸੂਬੇ ਦੇ ਡੀ.ਜੀ.ਪੀ. ਨੂੰ ਲਿਖੇ ਪੱਤਰ ਵਿਚ ਭਗਵਾਨਪੁਰੀਆ ਦੇ ਸਾਥੀਆਂ ਦੇ ਫੋਨ ਨੰਬਰ ਦਿੱਤੇ ਹਨ ਅਤੇ ਦੱਸਿਆ ਹੈ ਕਿ ਇਨ੍ਹਾਂ ਵਿਅਕਤੀਆਂ, ਜਿਨ੍ਹਾਂ ਵਿਚ ਗੁਰਦਾਸਪੁਰ ਵਿਚ ਪੈਂਦੇ ਪਿੰਡ ਸੁੱਖਾ ਰਾਜੂ ਦਾ ਕੰਵਲ ਸਿੰਘ ਵੀ ਸ਼ਾਮਲ ਹੈ, ਨੂੰ ਸਿਆਸੀ ਪੁਸ਼ਤਪਨਾਹੀ ਹਾਸਲ ਹੈ। ਮਜੀਠੀਆ ਨੇ ਕਿਹਾ ਕਿ ਕਬੱਡੀ ਫੈੱਡਰੇਸ਼ਨ ਵੱਲੋਂ ਕੀਤੇ ਖੁਲਾਸੇ ਨੇ ਅਕਾਲੀ ਦਲ ਅਤੇ ਸੱਿਭਅਕ ਸਮਾਜ ਦੇ ਉਨ੍ਹਾਂ ਖ਼ਦਸ਼ਿਆਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਢਿੱਲਵਾਂ ਦੇ ਬੇਰਹਿਮੀ ਨਾਲ ਕੀਤੇ ਕਤਲ ਲਈ ਮੰਤਰੀ-ਗੈਂਗਸਟਰ ਦਾ ਨਾਪਾਕ ਗਠਜੋੜ ਜ਼ਿੰਮੇਵਾਰ ਸੀ।

ਉਨ੍ਹਾਂ ਕਿਹਾ ਕਿ ਇਨ੍ਹਾਂ ਖੁਲਾਸਿਆਂ ਤੋਂ ਇਲਾਵਾ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਕਿ ਜੱਗੂ ਭਗਵਾਨਪੁਰੀਆ ਜੇਲ ਵਿਚ ਬੈਠਾ ਫਿਰੌਤੀ ਰੈਕੇਟ ਚਲਾ ਰਿਹਾ ਹੈ, ਦੇ ਬਾਵਜੂਦ ਵੀ ਇਸ ਮਾਮਲੇ 'ਤੇ ਪਰਦਾ ਪਾਇਆ ਜਾ ਰਿਹਾ ਹੈ ਅਤੇ ਜੇਲ ਮੰਤਰੀ ਸੁਖਜਿੰਦਰ ਰੰਧਾਵਾ ਸਮੇਤ ਨਾਮੀ ਬਦਮਾਸ਼ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਅਕਾਲੀ ਵਿਧਾਇਕਾਂ ਦੁਆਰਾ ਸੂਬੇ ਦੇ ਡੀ. ਜੀ. ਪੀ. ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਨੂੰ ਭਗਵਾਨਪੁਰੀਆ ਵੱਲੋਂ ਜੇਲ ਵਿਚੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਦਸਤਾਵੇਜ਼ੀ ਸਬੂਤ ਸੌਂਪਣ ਤੋਂ ਕੁੱਝ ਹੀ ਘੰਟਿਆਂ ਮਗਰੋਂ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ 'ਏ' ਕੈਟਾਗਰੀ ਗੈਂਗਸਟਰ ਨੂੰ ਕਲੀਨ ਚਿੱਟ ਦੇਣ ਵਾਲਾ ਬਿਆਨ ਜਾਰੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਡੀ.ਜੀ.ਪੀ. ਨੂੰ ਪੁਲਸ ਅਧਿਕਾਰੀ ਦੀ ਇਸ ਗੈਰ-ਪੇਸ਼ਾਵਰਾਨਾ ਪਹੁੰਚ ਦਾ ਨੋਟਿਸ ਲੈਂਦਿਆਂ ਉਸ ਖ਼ਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਮਜੀਠੀਆ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਜੇਲ ਵਿੱਚੋਂ ਜਾਰੀ ਕੀਤੀਆਂ ਜਾ ਰਹੀਆਂ ਵੀਡੀਓਜ਼ ਵਿਚ ਇਕ ਨਵੀਂ ਵੀਡੀਓ ਆਈ ਹੈ, ਜਿਸ ਵਿਚ ਭਗਵਾਨਪੁਰੀਆ ਅਤੇ ਉਸ ਦੀਆਂ ਅਪਰਾਧਿਕ ਗਤੀਵਿਧੀਆਂ ਦਾ ਗੁਣਗਾਣ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਦਾ ਇਸ ਬਾਰੇ ਕੀ ਕਹਿਣਾ ਹੈ? ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਇਹ ਗੱਲ ਸ਼ੋਭਾ ਨਹੀਂ ਦਿੰਦੀ ਕਿ ਉਹ ਕਿਸੇ ਗੈਂਗਸਟਰ ਦੀ ਪੁਸ਼ਤਪਨਾਹੀ ਕਰਨ। ਇਸੇ ਦੌਰਾਨ ਉਨ੍ਹਾਂ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਕਬੱਡੀ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਵੇਦਨਾ ਨੂੰ ਸਮਝਿਆ ਹੈ। ਸਰਕਾਰ ਨੂੰ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਕਬੱਡੀ ਖਿਡਾਰੀਆਂ ਅਤੇ ਪ੍ਰਬੰਧਕਾਂ ਦੇ ਗੈਂਗਸਟਰਾਂ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਨੂੰ ਤੁਰੰਤ ਬੰਦ ਕਰਵਾਉਣਾ ਚਾਹੀਦਾ ਹੈ।


author

cherry

Content Editor

Related News