ਚੰਡੀਗੜ੍ਹ ਤੋਂ 10 ਮਹੀਨੇ ਬਾਅਦ ਸ਼ੁਰੂ ਹੋਈ ਦੁਬਈ ਤੇ ਸ਼ਾਰਜਾਹ ਦੀ ਫਲਾਈਟ

12/23/2020 11:43:56 AM

ਚੰਡੀਗੜ੍ਹ (ਲਲਨ) : ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਰਵਰੀ ਤੋਂ ਬੰਦ 2 ਇੰਟਰਨੈਸ਼ਨਲ ਫਲਾਈਟਾਂ ਨੂੰ ਆਖ਼ਰਕਾਰ 10 ਮਹੀਨਿਆਂ ਬਾਅਦ ਫਿਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦਾ ਐਲਾਨ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਵੱਲੋਂ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਸਿੱਧੀ ਦੁਬਈ ਅਤੇ ਸ਼ਾਰਜਾਹ ਤੋਂ ਚੰਡੀਗੜ੍ਹ ਦੀ ਫਲਾਈਟ 28 ਦਸੰਬਰ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਦੋਵੇਂ ਹੀ ਫਲਾਈਟਾਂ ਹਫ਼ਤੇ 'ਚ ਇਕ ਵਾਰ ਹੀ ਚੱਲਣਗੀਆਂ। ਏਅਰਲਾਈਨਜ਼ ਕੰਪਨੀਆਂ ਦਾ ਕਹਿਣਾ ਹੈ ਕਿ ਮੁਸਾਫ਼ਰਾਂ ਦਾ ਰੁਝਾਨ ਰਿਹਾ ਤਾਂ ਇਸ ਨੂੰ ਹਫ਼ਤੇ 'ਚ ਦੋ ਜਾਂ ਤਿੰਨ ਦਿਨ ਵਧਾਇਆ ਜਾ ਸਕਦਾ ਹੈ। ਏਅਰਲਾਈਨਜ਼ ਵੱਲੋਂ ਇਨ੍ਹਾਂ ਦੋਹਾਂ ਫਲਾਈਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ-ਦੁਬਈ ਹਰ ਸੋਮਵਾਰ ਚੱਲੇਗੀ
ਇੰਡੀਗੋ ਏਅਰਲਾਈਨਜ਼ ਵੱਲੋਂ ਚੰਡੀਗੜ੍ਹ-ਦੁਬਈ ਲਈ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਬਣਾ ਲਈ ਹੈ। ਇਹ ਫਲਾਈਟ ਚੰਡੀਗੜ੍ਹ ਤੋਂ ਹਰ ਸੋਮਵਾਰ ਦੁਬਈ ਲਈ ਉਡਾਣ ਭਰੇਗੀ। ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਦੁਬਈ ਤੋਂ ਇਹ ਫਲਾਈਟ ਚੰਡੀਗੜ੍ਹ ਹਵਾਈ ਅੱਡੇ ’ਤੇ ਦੁਪਹਿਰ 2.20 ਵਜੇ ਲੈਂਡ ਕਰੇਗੀ, ਜਦੋਂ ਕਿ ਚੰਡੀਗੜ੍ਹ ਤੋਂ ਇਹ ਫਲਾਈਟ ਦੁਬਈ ਲਈ ਸ਼ਾਮ 5.10 ਵਜੇ ਉਡਾਣ ਭਰੇਗੀ, ਉੱਥੇ ਹੀ ਪ੍ਰਿੰਸ ਨੇ ਦੱਸਿਆ ਕਿ ਇਸ ਫਲਾਈਟ 'ਚ ਮੁਸਾਫ਼ਰਾਂ ਦੀ ਦਿਲਚਸਪੀ ਰਹੀ ਤਾਂ ਇਹ ਹਫ਼ਤੇ 'ਚ ਦੋ ਜਾਂ ਤਿੰਨ ਵੀ ਵਧਾਈਆਂ ਜਾ ਸਕਦੀਆਂ ਹਨ ਪਰ ਇਹ ਸਭ ਮੁਸਾਫ਼ਰਾਂ ’ਤੇ ਨਿਰਭਰ ਕਰਦਾ ਹੈ।
ਸ਼ਾਰਜਾਹ ਦੀ ਫਲਾਈਟ ਫਿਰ ਦਿੱਲੀ ਹੋਵੇਗੀ ਰਵਾਨਾ
ਇੰਟਰਨੈਸ਼ਨਲ ਹਵਾਈ ਅੱਡੇ ਤੋਂ ਦੂਜੀ ਇੰਟਰਨੈਸ਼ਨਲ ਫਲਾਈਟ ਸ਼ਾਰਜਾਹ ਤੋਂ ਚੰਡੀਗੜ੍ਹ ਲਈ ਸ਼ੁਰੂ ਹੋਵੇਗੀ ਪਰ ਇਹ ਫਲਾਈਟ ਸ਼ਾਰਜਾਹ ਤੋਂ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਲੈਂਡ ਕਰੇਗੀ ਪਰ ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਉਡਾਣ ਨਹੀਂ ਭਰੇਗੀ। ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸ ਨੇ ਦੱਸਿਆ ਕਿ ਏਅਰ ਇੰਡੀਆ ਏਅਰਲਾਈਨਜ਼ ਵੱਲੋਂ ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਹਰ ਸ਼ਨੀਵਾਰ ਨੂੰ 3 ਵਜੇ ਲੈਂਡ ਕਰੇਗੀ। ਇਸ ਤੋਂ ਬਾਅਦ ਇਹ ਫਲਾਈਟ ਦਿੱਲੀ ਚਲੀ ਜਾਵੇਗੀ।
ਦਿੱਲੀ ਲਈ 1 ਜਨਵਰੀ ਤੋਂ ਸ਼ੁਰੂ ਹੋ ਰਹੀ ਫਲਾਈਟ
ਇਕ ਘਰੇਲੂ ਫਲਾਈਟ ਵੀ ਸ਼ਹਿਰਵਾਸੀਆਂ ਨੂੰ ਮਿਲ ਰਹੀ ਹੈ। ਵਿਸਤਾਰਾ ਏਅਰਲਾਈਨਜ਼ ਵਲੋਂ 1 ਜਨਵਰੀ ਤੋਂ ਦਿੱਲੀ ਲਈ ਆਪਣੀ ਬੰਦ ਪਈ ਫਲਾਈਟ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਏਅਰਲਾਈਨਜ਼ ਵਲੋਂ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਇਹ ਫਲਾਈਟ ਦਿੱਲੀ ਤੋਂ ਚੰਡੀਗੜ੍ਹ ਲਈ ਸ਼ਾਮ 5.10 ਵਜੇ ਉਡਾਣ ਭਰੇਗੀ ਅਤੇ ਚੰਡੀਗੜ੍ਹ ਸ਼ਾਮ 6.15 ਵਜੇ ਲੈਂਡ ਕਰੇਗੀ, ਜਦੋਂ ਕਿ ਚੰਡੀਗੜ੍ਹ ਤੋਂ ਇਹ ਫਲਾਈਟ ਸ਼ਾਮ 6.50 ਵਜੇ ਉਡਾਣ ਭਰੇਗੀ ਅਤੇ ਦਿੱਲੀ 7.55 ਵਜੇ ਲੈਂਡ ਕਰੇਗੀ। ਇਹ ਫਲਾਈਟ 180 ਸੀਟਰ ਹੈ। ਇਸ 'ਚ ਸਫਰ ਕਰਨ ਵਾਲੇ ਮੁਸਾਫ਼ਰ ਨੂੰ 3227 ਰੁਪਏ ਖਰਚ ਕਰਨੇ ਪੈਣਗੇ।
 


Babita

Content Editor

Related News