ਪੜ੍ਹੇ-ਲਿਖੇ ਤੇ ਗੰਭੀਰ ਲੋਕ ਸਿਸਟਮ ਨੂੰ ਬਦਲਣ ਲਈ ਸਹਿਯੋਗ ਦੇਣ : ਖਹਿਰਾ
Wednesday, Jan 16, 2019 - 10:02 AM (IST)
ਚੰਡੀਗੜ੍ਹ (ਰਮਨਜੀਤ) : 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੜ੍ਹੇ-ਲਿਖੇ ਤੇ ਗੰਭੀਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣ ਤੇ 'ਪੰਜਾਬੀ ਏਕਤਾ ਪਾਰਟੀ' ਰਾਹੀਂ ਸਿਸਟਮ ਨੂੰ ਬਦਲਣ 'ਚ ਸਹਿਯੋਗ ਦੇਣ। ਇਹ ਗੱਲ ਉਨ੍ਹਾਂ ਨੇ ਇਨਕਮ ਟੈਕਸ ਵਿਭਾਗ ਦੇ ਸਾਬਕਾ ਅਧਿਕਾਰੀ ਡਾ. ਜਗਤਾਰ ਸਿੰਘ ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਪ੍ਰੋਫੈਸਰ ਕ੍ਰਿਸ਼ਨ ਚੰਦਰ ਆਹੂਜਾ ਦੇ ਪਾਰਟੀ 'ਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਕਹੀ। ਖਹਿਰਾ ਨੇ ਕਿਹਾ ਕਿ ਇਨ੍ਹਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।
ਇਸ ਮੌਕੇ ਖਹਿਰਾ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ 'ਚ ਸੂਬਾ ਸਰਕਾਰ ਬਿਲਕੁੱਲ ਅਸਫਲ ਰਹੀ ਹੈ ਤੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਪਣੀ ਹੀ ਸਰਕਾਰ ਖਿਲਾਫ ਅਵਾਜ਼ ਬੁਲੰਦ ਕਰ ਚੁੱਕੇ ਹਨ। ਸੁਖਬੀਰ ਬਾਦਲ ਨੂੰ ਟਰਾਂਸਪੋਰਟ ਮਾਫੀਆ ਦਾ ਆਗੂ ਕਹਿੰਦੇ ਹੋਏ ਖਹਿਰਾ ਨੇ ਕਿਹਾ ਕਿ ਸਰਕਾਰ ਬਦਲਣ ਦੇ ਬਾਵਜੂਦ ਬਾਦਲਾਂ ਦੀਆਂ ਨਾਜਾਇਜ਼ ਬੱਸਾਂ ਬੇ–ਰੋਕ ਟੋਕ ਚੱਲ ਰਹੀਆਂ ਹਨ, ਜਿਸ ਤੋਂ ਸਾਫ਼ ਹੈ ਕਿ ਕੈਪਟਨ ਤੇ ਬਾਦਲ ਪਰਿਵਾਰ ਮਿਲੇ ਹੋਏ ਹਨ।