ਢੀਂਡਸਾ ਤੇ ਬ੍ਰਹਮਪੁਰਾ ਅਗਲੀ ਰਣਨੀਤੀ ਲਈ ਛੇਤੀ ਕਰਨਗੇ ਮੀਟਿੰਗ

Sunday, Jan 05, 2020 - 09:12 AM (IST)

ਢੀਂਡਸਾ ਤੇ ਬ੍ਰਹਮਪੁਰਾ ਅਗਲੀ ਰਣਨੀਤੀ ਲਈ ਛੇਤੀ ਕਰਨਗੇ ਮੀਟਿੰਗ

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਆਪਣੇ ਹੋਰ ਸੀਨੀਅਰ ਅਕਾਲੀ ਸਾਥੀਆਂ ਨਾਲ ਅਗਲੀ ਰਣਨੀਤੀ ਲਈ ਜਲਦੀ ਮੀਟਿੰਗ ਕਰਨਗੇ। ਬਾਦਲ ਪਰਿਵਾਰ ਖਿਲਾਫ਼ ਮੁਹਿੰਮ ਲਈ ਢੀਂਡਸਾ ਅਤੇ ਬ੍ਰਹਮਪੁਰਾ ਸਮੇਤ ਹੋਰ ਪ੍ਰਮੁੱਖ ਅਕਾਲੀ ਆਗੂ ਚੰਡੀਗੜ੍ਹ ਨੇੜਲੇ ਇਕ ਫਾਰਮ ਹਾਊਸ 'ਤੇ ਬ੍ਰਹਮਪੁਰਾ ਦੀ ਪੋਤੀ ਦੇ ਵਿਆਹ ਸਮਾਗਮ ਦੌਰਾਨ ਇਕੱਠੇ ਹੋਏ। ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਅਗਲੀ ਰਣਨੀਤੀ ਬਾਰੇ ਗੈਰ ਰਸਮੀ ਵਿਚਾਰ ਵਟਾਂਦਰਾ ਕੀਤਾ ਗਿਆ। ਇਨ੍ਹਾਂ 'ਚ ਟਕਸਾਲੀ ਅਕਾਲੀ ਆਗੂ ਡਾ. ਰਤਨ ਸਿੰਘ ਅਜਨਾਲਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ, ਬੀਰਦਵਿੰਦਰ ਸਿੰਘ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਰਵਿੰਦਰ ਸਿੰਘ ਬ੍ਰਹਮਪੁਰਾ, ਜਥੇਦਾਰ ਉਜਾਗਰ ਸਿੰਘ ਬਡਾਲੀ, ਸਾਹਿਬ ਸਿੰਘ, ਮਨਮੋਹਨ ਸਿੰਘ ਸਠਿਆਲਾ, ਦਲਜੀਤ ਸਿੰਘ ਗਿੱਲ ਅਮਰਕੋਟ, ਦਲਜਿੰਦਰਬੀਰ ਸਿੰਘ ਵਿਰਕ, ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੇ ਨਾਮ ਜ਼ਿਕਰਯੋਗ ਹਨ।

ਇਹ ਵੀ ਜ਼ਿਕਰਯੋਗ ਹੈ ਕਿ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਜਗਮੀਤ ਬਰਾੜ ਵੀ ਵਿਆਹ ਸਮਾਗਮ 'ਚ ਪਹੁੰਚੇ ਸਨ, ਜੋ ਕਿ ਟਕਸਾਲੀ ਦਲ ਦੇ ਆਗੂਆਂ ਨਾਲ ਕਾਫ਼ੀ ਸਮਾਂ ਗੰਭੀਰਤਾ ਨਾਲ ਗੱਲਬਾਤ ਕਰਦੇ ਰਹੇ। ਇਸ ਵਿਆਹ ਸਮਾਗਮ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦਿੱਲੀ ਰਵਾਨਾ ਹੋ ਗਏ। ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਨ ਸਿੰਘ ਪੀਰ ਮੁਹੰਮਦ ਨੇ ਦੱਸਿਆ ਹੈ ਕਿ ਬਹੁਤ ਜਲਦੀ ਅਕਾਲੀ ਦਲ ਦੇ ਸਿਰਮੌਰ ਆਗੂਆਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਹੋਰ ਨੇਤਾਵਾਂ ਦੀ ਇਕ ਸਾਂਝੀ ਮੀਟਿੰਗ ਹੋਵੇਗੀ, ਜਿਸ 'ਚ ਭਵਿੱਖ ਦੀ ਰਾਜਨੀਤੀ ਤੈਅ ਕਰਨ ਲਈ ਕੋਈ ਠੋਸ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ 'ਚ ਹੋਰ ਕਈ ਅਕਾਲੀ ਨੇਤਾ ਵੀ ਬਾਦਲ ਪਰਿਵਾਰ ਦਾ ਸਾਥ ਛੱਡਣ ਲਈ ਤਿਆਰ ਹਨ। ਪਰਮਿੰਦਰ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਅਕਾਲੀ ਸਿਆਸਤ 'ਚ ਸਮੀਕਰਨ ਬਦਲਣ ਲੱਗੇ ਹਨ।


author

cherry

Content Editor

Related News