ਬਠਿੰਡਾ ਥਰਮਲ ਪਲਾਂਟ ਬਾਰੇ ਫੈਸਲਾ ਫਿਲਹਾਲ ਟਲਿਆ, ਪ੍ਰਸਤਾਵਿਤ ਮੀਟਿੰਗ ਮੁਲਤਵੀ
Tuesday, Jul 23, 2019 - 09:59 AM (IST)

ਚੰਡੀਗੜ੍ਹ/ਬਠਿੰਡਾ (ਭੁੱਲਰ) : ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਵਿਚ ਬੰਦ ਕੀਤੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ, ਬਠਿੰਡਾ ਨੂੰ ਮੁੜ ਸ਼ੁਰੂ ਕਰਨ ਦੇ ਮਾਮਲੇ ਬਾਰੇ ਫੈਸਲਾ ਫਿਲਹਾਲ ਟਲ ਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਸੋਮਵਾਰ ਨੂੰ ਪਾਵਰਕਾਮ ਦੇ ਸਕੱਤਰ ਅਤੇ ਚੇਅਰਮੈਨ ਸਮੇਤ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਇਸ ਮੁੱਦੇ 'ਤੇ ਅੰਤਮ ਫੈਸਲਾ ਲੈਣ ਲਈ ਵਿਸ਼ੇਸ਼ ਬੈਠਕ ਬੁਲਾਈ ਗਈ ਸੀ। ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਹੋਣ ਵਾਲੀ ਬੈਠਕ ਅਚਾਨਕ ਮੁਲਤਵੀ ਕਰ ਦਿੱਤੀ ਗਈ। ਪਤਾ ਲੱਗਾ ਹੈ ਕਿ ਫਿਲਹਾਲ ਬਠਿੰਡਾ ਥਰਮਲ ਪਲਾਂਟ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਰਹੀ ਜਦਕਿ ਕੁੱਝ ਕੰਪਨੀਆਂ ਨੇ ਬਠਿੰਡਾ ਥਰਮਲ ਪਲਾਂਟ ਨੂੰ ਪਰਾਲੀ ਨਾਲ ਮੁੜ ਚਲਾਉਣ ਦੀ ਪੇਸ਼ਕਸ਼ ਕੀਤੀ ਹੈ। ਇਸ ਬਾਰੇ ਵਿਸ਼ੇਸ਼ ਤੌਰ 'ਤੇ ਸੋਮਵਾਰ ਦੀ ਪ੍ਰਸਤਾਵਿਤ ਮੀਟਿੰਗ 'ਚ ਫੈਸਲਾ ਲਿਆ ਜਾਣਾ ਸੀ।
ਇਹ ਵੀ ਪਤਾ ਲੱਗਾ ਹੈ ਕਿ ਸਰਕਾਰ ਬਠਿੰਡਾ ਥਰਮਲ ਪਲਾਂਟ ਦੀ 400 ਏਕੜ ਵਾਧੂ ਜ਼ਮੀਨ 'ਤੇ ਵਪਾਰਕ ਕੰਪਲੈਕਸ ਸਥਾਪਿਤ ਕਰਨਾ ਚਾਹੁੰਦੀ ਹੈ ਹਾਲਾਂਕਿ ਕਰਮਚਾਰੀ ਯੂਨੀਅਨਾਂ ਇਸ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਠਿੰਡਾ ਥਰਮਲ ਪਲਾਂਟ, ਜੋ ਝੀਲਾਂ ਕਾਰਨ ਮਸ਼ਹੂਰ ਹੈ, ਵਪਾਰਕ ਕੰਪਲੈਕਸ ਬਣਨ ਨਾਲ ਇਸ ਦੀ ਦਿੱਖ 'ਤੇ ਅਸਰ ਪਏਗਾ। ਅਗਲੇ ਦਿਨਾਂ ਵਿਚ ਬਠਿੰਡਾ ਥਰਮਲ ਪਲਾਂਟ ਦੇ ਭਵਿੱਖ ਦਾ ਫੈਸਲਾ ਕਰਨ ਲਈ ਮੁੜ ਮੀਟਿੰਗ ਸੱਦੀ ਜਾਵੇਗੀ।