ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਨੀਲ ਜਾਖੜ ਨੂੰ ਰਾਜਾ ਵੜਿੰਗ ਨੇ ਦਿੱਤੀ ਚੁਣੌਤੀ

Saturday, May 21, 2022 - 03:31 PM (IST)

ਭਾਜਪਾ ’ਚ ਸ਼ਾਮਲ ਹੋਣ ਵਾਲੇ ਸੁਨੀਲ ਜਾਖੜ ਨੂੰ ਰਾਜਾ ਵੜਿੰਗ ਨੇ ਦਿੱਤੀ ਚੁਣੌਤੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੋਈ ਵੀ ਵੱਡਾ ਲੀਡਰ ਨਹੀਂ ਪੰਜਾਬ ਦੇ ਸਾਰੇ ਵੱਡੇ ਲੀਡਰਾਂ ਨੂੰ ਤਾਂ ਜਨਤਾ ਨੇ ਕਰਾਰੀ ਹਾਰ ਦਿੱਤੀ ਹੈ। ਇਹ ਸ਼ਬਦ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਬਰਨਾਲਾ ਵਿਖੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੋ ਆਪਣੇ ਆਪ ਨੂੰ ਇਕ ਵੱਡਾ ਲੀਡਰ ਕਹਿੰਦਾ ਸੀ ਅਤੇ ਉਹ ਵੀ ਕਹਿੰਦਾ ਸੀ ਕਿ ਮੇਰੇ ਨਾਲ ਹੀ ਕਾਂਗਰਸ ਪਾਰਟੀ ਹੈ, ਉਸ ਨੂੰ ਇਸ ਵਿਧਾਨ ਸਭਾ ਦੀਆਂ ਚੋਣਾਂ ’ਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸੁਨੀਲ ਜਾਖੜ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਹੜਾ ਅਹੁਦਾ ਹੈ ਜੋ ਕਾਂਗਰਸ ਪਾਰਟੀ ਨੇ ਉਸਨੂੰ ਨਹੀਂ ਦਿੱਤਾ। ਉਹ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਫਿਰ ਵੀ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਅਤੇ ਸਾਂਸਦ ਬਣਾਇਆ। ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ। ਫਿਰ ਵੀ ਉਹ ਗੱਦਾਰੀ ਕਰ ਕੇ ਭਾਜਪਾ ’ਚ ਚਲੇ ਗਏ, ਜੇਕਰ ਉਨ੍ਹਾਂ ’ਚ ਹਿੰਮਤ ਹੈ ਤਾਂ ਉਹ ਭਾਜਪਾ ਦੀ ਟਿਕਟ ਉੱਪਰ ਚੋਣ ਲੜ ਕੇ ਕਿਤੋਂ ਵੀ ਜਿੱਤ ਕੇ ਦਿਖਾਉਣ। ਜੇਕਰ ਉਹ ਪੰਜਾਬ ’ਚੋਂ ਕਿਤੇ ਵੀ ਚੋਣ ਲੜਦੇ ਹਨ ਮੈਂ ਉਨ੍ਹਾਂ ਵਿਰੁੱਧ ਚੋਣ ਲੜਾਂਗਾ। ਉਹ ਪੰਜਾਬ ’ਚ ਤਾਂ ਚੋਣ ਨਹੀਂ ਜਿੱਤ ਸਕਦੇ।

ਇਹ ਵੀ ਪੜ੍ਹੋ : ਆਤਮ-ਸਮਰਪਣ ਸਮੇਂ ਕਾਂਗਰਸ ਦੇ ਵੱਡੇ ਆਗੂਆਂ ਨੇ ਸਿੱਧੂ ਤੋਂ ਬਣਾਈ ਦੂਰੀ, ਡਾ. ਗਾਂਧੀ ਨੇ ਨਿਭਾਈ ਯਾਰੀ

ਉਨ੍ਹਾਂ ਨੇ ਵੱਡੇ ਲੀਡਰਾਂ ’ਤੇ ਵਿਅੰਗ ਕੱਸਦਿਆਂ ਕਿਹਾ ਜੇਕਰ ਇਨ੍ਹਾਂ ਲੀਡਰਾਂ ਨੇ ਪਾਰਟੀ ਛੱਡੀ ਤਾਂ ਹੀ ਮੇਰਾ ਨੰਬਰ ਆਇਆ। ਮੈਂ ਕਾਂਗਰਸ ਪ੍ਰਧਾਨ ਬਣਿਆ। ਹੁਣ ਕਾਂਗਰਸ ’ਚ ਆਮ ਵਰਕਰਾਂ ਦੀ ਪੁੱਛ ਹੋਵੇਗੀ। ਨਗਰ ਕੌਂਸਲ ਬਰਨਾਲਾ ਦੀ ਪ੍ਰਧਾਨਗੀ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਅਸੀਂ ਚੁੱਪ ਨਹੀਂ ਰਹਿਣਗੇ। ਕਿਸੇ ਵੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਮੰਤਰੀ ਨਾ ਬਣਾਉਣ ਦਾ ਦਰਦ ਵੀ ਉਨ੍ਹਾਂ ਨੇ ਬਿਆਨ ਕੀਤਾ ਅਤੇ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਤਾਂ ਮੰਤਰੀ ਬਣਾ ਦਿੱਤਾ ਸੀ ਜੋ ਕਿ ਪਹਿਲਾਂ 47 ਹਜ਼ਾਰ ਵੋਟਾਂ ’ਤੇ ਹਾਰ ਗਏ ਸਨ ਪਰ ਮੈਨੂੰ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਤੁਸੀਂ ਬਰਨਾਲੇ ’ਚੋਂ ਮੁਨੀਸ਼ ਬਾਂਸਲ ਨੂੰ ਤਕੜਾ ਕਰੋ, ਇਹ ਬਰਨਾਲੇ ’ਚ ਬਹੁਤ ਮਿਹਨਤ ਕਰ ਰਹੇ ਹਨ। 2027 ਦੀਆਂ ਚੋਣਾਂ ’ਚ ਇਹ ਜ਼ਰੂਰ ਐੱਮ. ਐੱਲ. ਏ. ਬਣਨਗੇ। ਸੰਗਰੂਰ ਲੋਕ ਸਭਾ ਦੀ ਉਪ ਚੋਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਥੋਂ ਜ਼ਰੂਰ ਜਿੱਤ ਪ੍ਰਾਪਤ ਕਰੇਗੀ।

ਇਹ ਵੀ ਪੜ੍ਹੋ : ਸੜਕ ’ਤੇ ਕਾਲ ਬਣ ਕੇ ਆਏ ਪਸ਼ੂ ਕਾਰਣ ਵਾਪਰਿਆ ਹਾਦਸਾ, ਵੀਡੀਓ ’ਚ ਦੇਖੋ ਦਿਲ ਕੰਬਾਉਣ ਵਾਲੀ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News