ਅਨੇਕਾਂ ਸੂਬਿਆਂ ’ਚ ਹੋਇਆ ਚੱਕਾ ਜਾਮ ਤੋਮਰ ਦੇ ਬਿਆਨ ਦਾ ਅਮਲੀ ਖੰਡਨ : ਮਾਨ
Sunday, Feb 07, 2021 - 09:15 PM (IST)
ਚੰਡੀਗੜ੍ਹ, (ਰਮਨਜੀਤ)- ਖੇਤੀ ਕਾਨੂੰਨਾਂ ਖਿਲਾਫ਼ ਬੀ. ਕੇ. ਯੂ. ਏਕਤਾ ਉਗਰਾਹਾਂ ਦੀ ਅਗਵਾਈ ਵਿਚ ਟਿਕਰੀ ਬਾਰਡਰ ’ਤੇ ਚੱਲ ਰਹੇ ਮੋਰਚੇ ਵਿਚ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਘੋਲ ਨੂੰ ਬਦਨਾਮ ਕਰਕੇ ਇਸ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਖਿਡਾਰੀਆਂ ਅਤੇ ਫ਼ਿਲਮੀ ਕਲਾਕਾਰਾਂ ਰਾਹੀਂ ਕਿਸਾਨੀ ਘੋਲ ਖਿਲਾਫ਼ ਤੋਹਮਤਬਾਜੀ ਕਰਵਾਉਣ ’ਤੇ ਉੱਤਰ ਆਈ ਹੈ। ਉਨ੍ਹਾਂ ਕਿਹਾ ਕਈ ਫ਼ਿਲਮੀ ਕਲਾਕਾਰ, ਜੋ ਫ਼ਿਲਮਾਂ ਵਿਚ ਕਿਸਾਨਾਂ ਦੀ ਸਰਮਾਏਦਾਰਾਂ ਹੱਥੋਂ ਲੁੱਟ ਖਿਲਾਫ਼ ਨਾਇਕ ਦਾ ਰੋਲ ਅਦਾ ਕਰਦੇ ਰਹੇ ਹਨ ਪਰ ਅਸਲ ਜ਼ਿੰਦਗੀ ਵਿਚ ਉਹ ਕਿਸਾਨਾਂ ਖਿਲਾਫ਼ ਖਲਨਾਇਕ ਵਜੋਂ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਤੇ ਹਕੂਮਤੀ ਜਬਰ ਖਿਲਾਫ ਕੱਲ ਚੱਕਾ ਜਾਮ ਸਮੇਂ ਪੰਜਾਬ-ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਹੋਏ ਵਿਸ਼ਾਲ ਇਕੱਠ, ਖੇਤੀ ਮੰਤਰੀ ਨਰਿੰਦਰ ਤੋਮਰ ਵਲੋਂ ਕਿਸਾਨੀ ਘੋਲ ਨੂੰ ਇਕ ਸੂਬੇ ਦੇ ਕਿਸਾਨਾਂ ਦਾ ਘੋਲ ਕਹਿ ਕੇ ਛੁਟਿਆਉਣ ਵਾਲੇ ਬਿਆਨ ਦਾ ਅਮਲੀ ਰੂਪ ਵਿਚ ਖੰਡਨ ਹੈ ਅਤੇ ਖੇਤੀ ਮੰਤਰੀ ਤੇ ਕੇਂਦਰ ਸਰਕਾਰ ਵਿਚ ਜੇਕਰ ਭੋਰਾ ਭਰ ਵੀ ਇਖਲਾਕ ਹੈ ਤਾਂ ਉਸ ਨੂੰ ਤੁਰੰਤ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਉਨ੍ਹਾਂ ਬਠਿੰਡਾ ਦੇ ਲਹਿਰਾ ਬੇਗਾ ਟੋਲ ਪਲਾਜੇ ’ਤੇ ਚੱਲ ਰਹੇ ਮੋਰਚੇ ’ਤੇ ਬੀਤੀ ਰਾਤ ਕਿਸਾਨਾਂ ’ਤੇ ਕੀਤੇ ਗਏ ਹਮਲੇ ਦੀ ਸਖਤ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਵੀ ਮੰਗ ਕੀਤੀ। ਮਾਨ ਨੇ ਦੋਸ਼ ਲਾਇਆ ਕਿ ਉਕਤ ਹਮਲਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਸ਼ਹਿ ’ਤੇ ਹੋਇਆ ਹੈ।