ਚੇਅਰਮੈਨ ਮੋਫਰ ਲਗਾਤਾਰ ਲਾਕਡਾਊਨ ਤੋਂ ਹੁਣ ਤੱਕ ਲੋਕਾਂ ਵਿਚ ਰਹਿ ਕੇ ਕਰ ਰਿਹਾ ਹੈ ਨਿਸ਼ਕਾਮ ਸੇਵਾ
Monday, Apr 27, 2020 - 03:37 PM (IST)
ਮਾਨਸਾ (ਮਿੱਤਲ) - ਦੇਸ਼ 'ਤੇ ਛਾਏ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਸਰਕਾਰਾਂ ਅਤੇ ਪ੍ਰਸ਼ਾਸ਼ਨ ਦੇ ਨਾਲ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਵੀ ਲੋਕ ਸੇਵਾ ਦਾ ਮੋਰਚਾ ਸੰਭਾਲਿਆ ਹੋਇਆ ਹੈ। ਉਹ ਹੁਣ ਤੱਕ ਵੱਡੀ ਤਦਾਦ ਵਿਚ ਲੋਕਾਂ ਅਤੇ ਪ੍ਰਸ਼ਾਸ਼ਨਿਕ ਪੁਲਿਸ ਅਧਿਕਾਰੀਆਂ ਨੂੰ ਮਾਸਕ, ਸੈਨੀਟਾਈਜਰ ਤੋਂ ਇਲਾਵਾ ਜਰੂਰਤਮੰਦਾਂ ਨੂੰ ਰਾਸ਼ਨ, ਦਵਾਈਆਂ, ਜਰੂਰਤ ਦੀ ਸਮੱਗਰੀ ਵੰਡ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਮੋਫਰ ਨੇ ਨਵਾਂ ਕਾਰਜ ਵਿੱਢਿਆ ਹੈ ਕਿ ਇਸ ਮਹਾਂਮਾਰੀ ਦੇ ਨਾਲ ਲੜਣ ਦੇ ਨਾਲ-ਨਾਲ ਜਿਲ੍ਹੇ ਦੀਆਂ ਅਨਾਜ ਮੰਡੀਆਂ ਨੂੰ ਸੈਨੀਟਾਈਜ ਕਰਵਾਇਆ ਅਤੇ ਕਿਸਾਨਾਂ ਨੂੰ ਉਹ ਆਪਣੇ ਪੱਧਰ ਤੇ ਹਾੜੀ ਦੀ ਫਸਲ ਦੀ ਨਾੜ ਨਾ ਸਾੜਨ ਦੀ ਸਲਾਹ ਵੀ ਦੇ ਰਿਹਾ ਹੈ ਅਤੇ ਪਿੰਡ-ਪਿੰਡ ਜਾ ਕੇ ਹੋਕਾ ਦੇ ਰਿਹਾ ਹੈ ਕਿ ਫਸਲ ਦੀ ਨਾੜ ਨੂੰ ਅੱਗ ਨਾ ਲਾਈ ਜਾਵੇ।
ਚੇਅਰਮੈਨ ਮੋਫਰ ਦਾ ਮੰਨਣਾ ਹੈ ਕਿ ਅੱਜ ਲੋਕਾਂ ਦੀ ਸੇਵਾ ਉਨ੍ਹਾਂ ਨੂੰ ਬਿਮਾਰੀ ਪ੍ਰਤੀ ਜਾਗਰੂਕ ਕਰਨ ਅਤੇ ਕਿਸਾਨਾਂ ਨੂੰ ਕਿਸਾਨਾਂ ਦੇ ਨਾਲ ਖੜਣ ਦੇ ਵੇਲਾ ਹੈ, ਜਿਸ ਕਰਕੇ ਉਨ੍ਹਾਂ ਨੇ ਦਿਨ-ਰਾਤ ਇੱਕ ਕੀਤਾ ਹੋਇਆ ਹੈ। ਮੋਫਰ ਦੇ ਨਾਲ ਉਨ੍ਹਾਂ ਦੇ ਸਹਿਯੋਗੀ ਵੀ ਇਸ ਕਾਰਜ ਵਿਚ ਲਗੇ ਹੋਏ ਹਨ। ਜਿਕਰਯੋਗ ਹੈ ਕਿ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਪੰਜਾਬ ਵਿਚ ਕਰਫਿਊ ਲੱਗਦਿਆਂ ਹੀ ਇਹ ਮੋਰਚਾ ਸੰਭਾਲ ਲਿਆ ਕਿ ਮਾਨਸਾ ਜਿਲ੍ਹੇ ਅੰਦਰ ਕੋਈ ਵਿਅਕਤੀ ਨਾ ਤਾਂ ਭੁੱਖਾ ਸੋਵੇਂਗਾ ਅਤੇ ਨਾ ਹੀ ਉਸ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਇੱਕ ਵਿਸ਼ੇਸ਼ ਟੀਮ ਬਣਾ ਕੇ ਆਪਣੀ ਅਗਵਾਈ ਵਿਚ ਖੁਦ ਝੁੱਗੀਆਂ-ਝੋਪੜੀਆਂ ਵਿਚ ਜਾ ਕੇ ਉਨ੍ਹਾਂ ਨੂੰ ਸੈਨੀਟਾਈਜ ਕੀਤਾ ਅਤੇ ਇਕਾਈਆਂ ਸਥਾਪਤ ਕਰਕੇ ਲੋੜਵੰਦਾਂ ਤੱਕ ਦਵਾਈ-ਬੂਟੀ ਪਹੁੰਚਾਈ। ਅੱਜ ਮੌਫਰ ਘਰ-ਘਰ ਅਤੇ ਸੱਥਾਂ ਵਿਚ ਜਾ ਕੇ ਲੋੜਵੰਦਾਂ ਨੂੰ ਮੁਫਤ ਵਿਚ ਮਾਸਕ ਅਤੇ ਸੈਨੀਟਾਈਜਰ ਵੰਡ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਅਧਿਕਾਰੀਆਂ ਦੇ ਦਫਤਰਾਂ ਵਿਚ ਜਾ ਕੇ ਵੀ ਹਾਲਾਤ ਦੀ ਰਿਪੋਰਟ ਉਨ੍ਹਾਂ ਨੂੰ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਉਹ ਲੋਕਾਂ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਕਿਸੇ ਪਾਸੇ ਖਾਣ-ਪੀਣ ਦੀਆਂ ਵਸਤਾਂ, ਦਵਾਈਆਂ ਅਤੇ ਸਹੂਲਤਾਂ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ। ਮੋਫਰ ਨੇ ਕਿਹਾ ਕਿ ਉਹ ਹਰ ਦਿਨ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਦੇ ਸ਼ਹਿਰਾਂ ਅਤੇ ਪਿੰਡਾਂ ਦਾ ਦੌਰਾ ਕਰਦੇ ਰਹਿੰਦੇ ਹਨ, ਜਿੱਥੇ ਕਿਤੇ ਵੀ ਉਨ੍ਹਾਂ ਨੂੰ ਉਕਤ ਵਸਤਾਂ ਦੇ ਲੋੜੀਂਦੇ ਵਿਅਕਤੀ ਮਿਲ ਜਾਂਦੇ ਹਨ। ਉੱਥੇ ਹੀ ਉਹ ਉਨ੍ਹਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਸਮਾਨ ਭੇਜਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਰਹੇਗਾ। ਮੋਫਰ ਹੁਣ ਤੱਕ ਸਰਕਾਰ ਵੱਲੋਂ ਭੇਜੇ 8 ਹਜਾਰ ਪੈਕੇਟ ਅਤੇ 12 ਹਜਾਰ ਪੈਕੇਟ ਆਪਣੇ ਪੱਧਰ ਤੇ 97 ਪਿੰਡਾਂ ਵਿਚ ਵੰਡ ਚੁੱਕੇ ਹਨ। ਹੁਣ ਉਹ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ, ਮਜਦੂਰਾਂ ਅਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਮਤਲਬ ਤੋਂ ਬਾਹਰ ਨਾ ਆਉਣ। ਪੁਲਿਸ ਅਤੇ ਸਰਕਾਰ ਉਨ੍ਹਾਂ ਦੀ ਰਾਖੀ ਅਤੇ ਸਲਾਮਤੀ ਲਈ ਸੜਕਾਂ ਤੇ ਦਿਨ-ਰਾਤ ਮੁਸਤੈਦ ਹੈ।