ਪਾਤਰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਤੇ ਨੀਲਮ ਮਾਨ ਸੀਨੀਅਰ ਉਪ ਚੇਅਰਮੈਨ ਬਣੇ
Friday, Sep 08, 2017 - 06:49 AM (IST)
ਚੰਡੀਗੜ੍ਹ (ਭੁੱਲਰ) - ਪੰਜਾਬੀ ਦੇ ਮਕਬੂਲ ਸ਼ਾਇਰ ਡਾ. ਸੁਰਜੀਤ ਪਾਤਰ ਚੇਅਰਮੈਨ ਅਤੇ ਪ੍ਰਸਿੱਧ ਕਲਾਕਾਰ ਡਾ. ਨੀਲਮ ਮਾਨ ਸਿੰਘ ਪੰਜਾਬ ਆਰਟਸ ਕੌਂਸਲ ਦੇ ਸੀਨੀਅਰ ਉਪ ਚੇਅਰਮੈਨ ਚੁਣੇ ਗਏ ਹਨ। ਇਹ ਚੋਣ ਅੱਜ ਇਥੇ ਕੌਂਸਲ ਦੀ ਜਨਰਲ ਬੈਠਕ ਵਿਚ ਹੋਈ। ਇਸ ਚੋਣ ਤੋਂ ਬਾਅਦ ਪਾਤਰ ਅਤੇ ਡਾ. ਨੀਲਮ ਮਾਨ ਵਲੋਂ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਵਿਧਾਇਕਾਂ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸੀਅਤਾਂ ਦੀ ਮੌਜੂਦਗੀ ਵਿਚ ਆਪਣੇ ਅਹੁਦੇ ਵੀ ਸੰਭਾਲ ਲਏ ਹਨ। ਪਾਤਰ ਤੋਂ ਪਹਿਲਾਂ ਸਤਿੰਦਰ ਸੱਤੀ ਕੌਂਸਲ ਦੀ ਚੇਅਰਪਰਸਨ ਸੀ, ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦੀ ਸਿਫਾਰਿਸ਼ 'ਤੇ ਪਾਤਰ ਨੂੰ ਚੇਅਰਮੈਨ ਬਣਾਉਣ ਦਾ ਐਲਾਨ ਤਾਂ ਕਰ ਦਿੱਤਾ ਗਿਆ ਸੀ ਪਰ ਨਿਯਮਾਂ ਅਨੁਸਾਰ ਉਨ੍ਹਾਂ ਦੀ ਰਸਮੀ ਚੋਣ ਅੱਜ ਹੋਈ ਹੈ। ਇਹ ਚੋਣ ਵਿਭਾਗ ਦੇ ਸਕੱਤਰ ਜਸਪਾਲ ਸਿੰਘ ਦੀ ਮੌਜੂਦਗੀ 'ਚ ਹੋਈ।
ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਲਈ ਇਤਿਹਾਸਕ ਦਿਨ ਹੈ ਜਦੋਂ ਸਾਹਿਤ, ਸੱਭਿਆਚਾਰ, ਮਾਂ ਬੋਲੀ ਤੇ ਵਿਰਸੇ ਦੀ ਸਾਂਭ ਸੰਭਾਲ ਲਈ ਕੰਮ ਕਰਦੀ ਸੰਸਥਾ ਪੰਜਾਬ ਕਲਾ ਪ੍ਰੀਸ਼ਦ ਦੀ ਅਗਵਾਈ ਪੰਜਾਬੀ ਸਾਹਿਤ ਦੀ ਉਚ ਕੋਟੀ ਦੀ ਸ਼ਖਸੀਅਤ ਡਾ. ਸੁਰਜੀਤ ਪਾਤਰ ਨੇ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਇਹ ਇਸ ਸੰਸਥਾ ਅਤੇ ਪੰਜਾਬ ਸਰਕਾਰ ਲਈ ਮਾਣ ਵਾਲੀ ਗੱਲ ਹੈ। ਸਿੱਧੂ ਨੇ ਵਿਸ਼ਵਾਸ ਪ੍ਰਗਟਾਇਆ ਕਿ ਡਾ. ਪਾਤਰ ਦੀ ਅਗਵਾਈ ਵਿਚ ਸੂਬੇ ਵਿਚ ਸੱਭਿਆਚਾਰਕ ਪਾਰਲੀਮੈਂਟ ਬਣਾ ਕੇ ਨੌਜਵਾਨਾਂ ਲਈ ਅਜਿਹੀ ਲੋਕ ਲਹਿਰ ਉਸਾਰੀ ਜਾਵੇਗੀ ਜਿਸ ਨਾਲ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਨਾਲ ਜੋੜਿਆ ਜਾਵੇਗਾ। ਇਸ ਦੌਰਾਨ ਡਾ. ਸੁਰਜੀਤ ਪਾਤਰ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਇਸ ਮਾਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਨਿਭਾਉਣਗੇ।
