ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਕੇਂਦਰੀ ਟੀਮ ਦੌਰਾ, ਜਲੰਧਰ ਦੇ 25 ਪਿੰਡਾਂ 'ਚ ਹੋਏ ਨੁਕਸਾਨ ਦਾ ਲਿਆ ਜਾਇਜ਼ਾ
Thursday, Aug 10, 2023 - 01:15 AM (IST)
ਜਲੰਧਰ/ਲੋਹੀਆਂ ਖਾਸ (ਚੋਪੜਾ, ਰਾਜਪੂਤ, ਮਨਜੀਤ) : ਕੇਂਦਰ ਸਰਕਾਰ ਦੀ 7 ਮੈਂਬਰੀ ਅੰਤਰ-ਮੰਤਰਾਲਾ ਟੀਮ ਨੇ ਬੁੱਧਵਾਰ ਜਲੰਧਰ ਜ਼ਿਲ੍ਹੇ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉਥੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਟੀਮ ਵਿਚ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਵਿੱਤੀ ਸਲਾਹਕਾਰ ਰਵੀਨੇਸ਼ ਕੁਮਾਰ, ਕੇਂਦਰੀ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਬੀ. ਕੇ. ਸ਼੍ਰੀਵਾਸਤਵਾ, ਫਲੱਡ ਮੈਪਿੰਗ ਮੁਖੀ ਅਤੇ ਸਾਇੰਟਿਸਟ ਇੰਜ. ਡਾ. ਏ. ਵੀ. ਸੁਰੇਸ਼ ਬਾਬੂ, ਵਧੀਕ ਸਕੱਤਰ (ਐੱਸ. ਏ. ਜੀ. ਵਾਈ.) ਦਿਹਾਤੀ ਵਿਕਾਸ ਵਿਭਾਗ ਕੈਲਾਸ਼ ਕੁਮਾਰ, ਐੱਮ. ਐਂਡ ਏ. ਡੀ. ਟੀ. ਈ. ਦੇ ਡਾਇਰੈਕਟਰ ਅਸ਼ੋਕ ਕੁਮਾਰ ਜੈਫ, ਸਹਾਇਕ ਡਾਇਰੈਕਟਰ (ਪੀ. ਐੱਫ. ਐੱਸ.) ਅੰਜਲੀ ਮੌਰਿਆ ਅਤੇ ਐੱਸ. ਈ. ਆਰ. ਈ. ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲਾ ਦੇ ਨਵੀਨ ਕੁਮਾਰ ਚੌਰੱਸੀਆ ਸ਼ਾਮਲ ਸਨ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਟੀਮ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਰਾਹਤ ਕੰਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਕਾਂਗਰਸ ਨੇ ਰਾਜਸਥਾਨ ਲਈ ਕੀਤਾ PAC ਦਾ ਗਠਨ, CM ਗਹਿਲੋਤ ਸਮੇਤ ਇਨ੍ਹਾਂ ਸੀਨੀਅਰ ਆਗੂਆਂ ਦੇ ਨਾਂ ਸ਼ਾਮਲ
ਡਿਪਟੀ ਕਮਿਸ਼ਨਰ ਨੇ ਪ੍ਰੈਜ਼ੈਂਟੇਸ਼ਨ ਦੌਰਾਨ ਦੱਸਿਆ ਕਿ ਸ਼ਾਹਕੋਟ ਸਬ-ਡਵੀਜ਼ਨ 'ਚ ਪੈਂਦੇ ਪਿੰਡਾਂ ਵਿਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ ਅਤੇ ਹੜ੍ਹ ਕਾਰਨ 6 ਦਰਾਰਾਂ ਆਈਆਂ ਸਨ। ਉਨ੍ਹਾਂ ਨੇ ਟੀਮ ਨੂੰ ਰਾਹਤ ਅਤੇ ਬਚਾਅ ਕੰਮਾਂ ਨਾਲ ਪੀੜਤ ਲੋਕਾਂ ਦੀ ਮਦਦ ਲਈ ਕੀਤੇ ਜਾ ਰਹੇ ਪੁਨਰਵਾਸ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਹੜ੍ਹ ਕਾਰਨ 25 ਪਿੰਡਾਂ ਵਿਚ 22476 ਏਕੜ ਖੇਤਰਫਲ ਦਾ ਨੁਕਸਾਨ ਹੋਇਆ ਹੈ। 40 ਪਿੰਡਾਂ 'ਚ 13108 ਏਕੜ ਵਿਚ ਫਸਲ ਨੁਕਸਾਨੀ ਗਈ ਹੈ।
ਉਨ੍ਹਾਂ ਦੱਸਿਆ ਕਿ 50 ਘਰ ਅਤੇ 30 ਸਕੂਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਤੋਂ ਇਲਾਵਾ ਪੀ. ਐੱਸ. ਪੀ. ਸੀ. ਐੱਲ. ਨੂੰ ਖੰਭਿਆਂ, ਪਲਾਂਟ ਅਤੇ ਹੋਰ ਬੁਨਿਆਦੀ ਢਾਂਚੇ ਨੂੰ ਹਾਨੀ ਪਹੁੰਚਣ ਕਾਰਨ ਲਗਭਗ 139.60 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਬਾਸਮਤੀ 1509 ਅਤੇ ਪੀ. ਆਰ. 126 ਦੀ ਪਨੀਰੀ ਮੁਫਤ ਮੁਹੱਈਆ ਕਰਵਾਈ ਗਈ ਹੈ, ਜਿਸ ਨਾਲ ਲਗਭਗ 6400 ਏਕੜ ਖੇਤਰਫਲ ਵਿਚ ਝੋਨੇ ਦੀ ਮੁੜ ਬਿਜਾਈ ਹੋਈ ਹੈ। ਉਨ੍ਹਾਂ ਨੇ ਕੇਂਦਰੀ ਟੀਮ ਨੂੰ ਦੱਸਿਆ ਕਿ ਪਾਣੀ ਖੜ੍ਹਾ ਹੋਣ ਕਾਰਨ 5 ਹਜ਼ਾਰ ਏਕੜ ਤੋਂ ਜ਼ਿਆਦਾ ਖੇਤਰਫਲ ਵਿਚ ਕਿਸਾਨ ਦੁਬਾਰਾ ਬਿਜਾਈ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ : Cricket World Cup 2023 ਦੇ ਸ਼ਡਿਊਲ 'ਚ 9 ਬਦਲਾਅ, IND vs PAK ਮੈਚ ਦੀ ਬਦਲੀ ਤਰੀਕ, ਦੇਖੋ ਪੂਰੀ List
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੜ੍ਹ ਆਉਣ ਤੋਂ 48 ਘੰਟੇ ਪਹਿਲਾਂ 50 ਪਿੰਡਾਂ ਵਿਚ ਅਲਰਟ ਜਾਰੀ ਕਰ ਦਿੱਤਾ ਗਿਆ ਸੀ ਅਤੇ ਟੀਮਾਂ ਵੱਲੋਂ ਹੜ੍ਹ ਆਉਣ ਤੋਂ ਪਹਿਲਾਂ 12 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ 1160 ਲੋਕਾਂ ਨੂੰ ਕਿਸ਼ਤੀਆਂ ਰਾਹੀਂ ਉਨ੍ਹਾਂ ਦੇ ਘਰੋਂ ਬਾਹਰ ਕੱਢਿਆ ਗਿਆ ਅਤੇ ਪ੍ਰਭਾਵਿਤ ਇਲਾਕਿਆਂ ਵਿਚ 24 ਸਿਹਤ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ। ਉਨ੍ਹਾਂ ਨੇ 14600 ਲੋਕਾਂ ਦਾ ਇਲਾਜ ਕੀਤਾ। ਇਨ੍ਹਾਂ ਵਿਚ ਜ਼ਿਆਦਾਤਰ ਨੂੰ ਦਸਤ, ਚਮੜੀ ਦੇ ਰੋਗ ਆਦਿ ਦੀ ਸ਼ਿਕਾਇਤ ਸੀ। ਪਸ਼ੂ ਪਾਲਣ ਵਿਭਾਗ ਨੂੰ ਪ੍ਰਭਾਵਿਤ ਵਿਅਕਤੀਆਂ ਦੇ ਪਸ਼ੂਆਂ ਦੇ ਇਲਾਜ ਦਾ ਕੰਮ ਸੌਂਪਿਆ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਹਤ ਟੀਮਾਂ ਵੱਲੋਂ ਸਰਕਾਰ, ਸਥਾਨਕ ਲੋਕਾਂ ਦੇ ਸਹਿਯੋਗ ਨਾਲ 105000 ਰਾਸ਼ਨ ਕਿੱਟਾਂ ਅਤੇ ਇਕ ਲੱਖ ਪਾਣੀ ਦੀਆਂ ਬੋਤਲਾਂ, ਮੱਛਰਦਾਨੀਆਂ, ਸੈਨੇਟਰੀ ਨੈਪਕਿਨ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਗਿਆ। ਐੱਨ. ਡੀ. ਆਰ. ਐੱਫ. ਅਤੇ ਐੱਸ. ਡੀ. ਆਰ. ਐੱਫ. ਦੀਆਂ 2 ਟੀਮਾਂ ਤੇ ਫੌਜ ਦੀ ਇਕ ਟੀਮ ਨੂੰ ਤੁਰੰਤ ਪ੍ਰਭਾਵਿਤ ਇਲਾਕਿਆਂ ਵਿਚ ਭੇਜਿਆ ਗਿਆ।
ਇਹ ਵੀ ਪੜ੍ਹੋ : ਮਾਨ ਸਰਕਾਰ ਚੁੱਕਣ ਜਾ ਰਹੀ ਇਕ ਹੋਰ ਅਹਿਮ ਕਦਮ, ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਨੇ ਕਹੀ ਇਹ ਗੱਲ
ਇਸ ਉਪਰੰਤ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਮਹਿਰਾਜਵਾਲਾ, ਕੰਗ ਖੁਰਦ, ਗੱਟਾ ਮੁੰਡੀ ਕਾਸੂ, ਮੰਡਾਲਾ ਛੰਨਾ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ, ਜਿਥੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਟੀਮ ਨੂੰ ਹੜ੍ਹ ਕਾਰਨ ਹੋਏ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਭਵਿੱਖ ਵਿਚ ਹੜ੍ਹ ਤੋਂ ਬਚਾਅ ਲਈ ਧੁੱਸੀ ਬੰਨ੍ਹ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੀ ਲੋੜ ਦੇ ਨਾਲ ਗਿੱਦੜਪਿੰਡੀ ਰੇਲਵੇ ਪੁਲ ਦੇ ਹੇਠੋਂ ਮਿੱਟੀ ਕੱਢਣ ਨੂੰ ਯਕੀਨੀ ਬਣਾਉਣ ਦਾ ਮੁੱਦਾ ਵੀ ਉਠਾਇਆ। ਇਸ ਮੌਕੇ ਮੁੱਖ ਤੌਰ ’ਤੇ ਵਿਧਾਇਕ ਲਾਡੀ ਸ਼ੇਰੋਵਾਲੀਆ, ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੀਲ ਕੰਠ ਅਵਧ, ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐਡੀਸ਼ਨਲ ਡਿਪਟੀ ਕਮਿਸ਼ਨਰ (ਰੂਰਲ ਡਿਵੈੱਲਪਮੈਂਟ) ਵਰਿੰਦਰਪਾਲ ਸਿੰਘ ਬਾਜਵਾ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਡਾ. ਅਮਿਤ ਮਹਾਜਨ ਅਤੇ ਐੱਸ. ਡੀ. ਐੱਮ. ਵੀ ਮੌਜੂਦ ਸਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8