ਕੇਂਦਰੀ ਟੀਮ ਨੇ ਸੁਲਤਾਨਪੁਰ ਲੋਧੀ ''ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ

09/13/2019 8:15:22 PM

ਸੁਲਤਾਨਪੁਰ ਲੋਧੀ,(ਸੋਢੀ): ਪੰਜਾਬ 'ਚ ਹੜਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਦੋ ਰੋਜ਼ਾ ਦੌਰੇ 'ਤੇ ਆਈ ਕੇਂਦਰ ਸਰਕਾਰ ਦੀ ਉੱਚ ਪੱਧਰੀ ਇੰਟਰ ਮਨਿਸਟ੍ਰੀਅਲ ਟੀਮ ਨੇ ਸ਼ੁੱਕਰਵਾਰ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।ਦੌਰੇ ਤੋਂ ਬਾਅਦ ਹੋਈ ਮੀਟਿੰਗ ਦੌਰਾਨ ਜਲੰਧਰ ਡਵੀਜ਼ਨ ਦੇ ਕਮਿਸ਼ਨਰ ਬੀ. ਪੁਰੂਸ਼ਾਰਥਾ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ: ਡੀ. ਪੀ. ਐਸ ਖਰਬੰਦਾ ਨੇ ਕੇਂਦਰੀ ਟੀਮ ਨੂੰ ਹੜਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਤੇ ਮੁੜ ਵਸੇਬੇ ਲਈ 264.41 ਕਰੋੜ ਰੁਪਏ ਦੇ ਮੁਆਵਜ਼ੇ ਦੀ ਰਿਪੋਰਟ ਵੀ ਸੌਂਪੀ।

ਕੇਂਦਰੀ ਟੀਮ ਵੱਲੋਂ ਸਭ ਤੋਂ ਪਹਿਲਾਂ ਪਿੰਡ ਮੰਡ ਇੰਦਰਪੁਰ ਦਾ ਦੌਰਾ ਕਰਕੇ ਉਥੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਟੀਮ ਨੇ ਟਿੱਬੀ, ਤਕੀਆ, ਭਰੋਆਣਾ, ਚੰਨਣਵਿੰਡੀ, ਵਾਟਾਂਵਾਲੀ ਅਤੇ ਸਰੂਪਵਾਲ ਦਾ ਦੌਰਾ ਕਰਕੇ ਹੜਾਂ ਕਾਰਨ ਹੋਏ ਨੁਕਸਾਨ ਦਾ ਜ਼ਮੀਨੀ ਪੱਧਰ 'ਤੇ ਜਾਇਜ਼ਾ ਲਿਆ। ਇਸ ਦੌਰਾਨ ਟੀਮ ਵੱਲੋਂ ਟਿੱਬੀ ਅਤੇ ਸਰੂਪਵਾਲ ਵਿਖੇ ਧੁੱਸੀ ਬੰਨ 'ਤੇ ਪਏ ਪਾੜਾਂ ਵਾਲੀਆਂ ਥਾਵਾਂ ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ ਭਰੋਆਣਾ ਵਿਖੇ ਸਥਾਪਿਤ ਕੀਤੇ ਰਾਹਤ ਅਤੇ ਮੈਡੀਕਲ ਕੈਂਪ ਦਾ ਵੀ ਨਿਰੀਖਣ ਕੀਤਾ। ਇਸੇ ਤਰਾਂ ਟੀਮ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਵਾਟਾਂਵਾਲੀ ਵਿਖੇ ਹੜ ਕਾਰਨ ਹੋਏ ਨੁਕਸਾਨ ਦਾ ਮੌਕਾ ਵੀ ਵੇਖਿਆ ਗਿਆ। ਇਸ ਦੌਰਾਨ ਪਿੰਡ ਚੰਨਣਵਿੰਡੀ ਵਿਖੇ ਲੋਕਾਂ ਨੇ ਬੋਰਾਂ ਵਿਚੋਂ ਨਿਕਲ ਰਹੇ ਗੰਦੇ ਪਾਣੀ ਦੀ ਸਮੱਸਿਆ ਤੋਂ ਵੀ ਟੀਮ ਨੂੰ ਜਾਣੂ ਕਰਵਾਇਆ ਗਿਆ। ਇਸ ਦੌਰਾਨ ਟੀਮ ਵੱਲੋਂ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਟੀਮ ਨੂੰ ਦੱਸਿਆ ਕਿ ਹੜਾਂ ਕਾਰਨ ਧੁੱਸੀ ਬੰਨ ਵਿਚ ਪਾੜ ਪੈਣ ਅਤੇ ਸਤਲੁਜ ਦਰਿਆ ਦੇ ਓਵਰ ਫਲੋਅ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿਚ ਫ਼ਸਲਾਂ, ਬੁਨਿਆਦੀ ਢਾਂਚੇ, ਸੜਕਾਂ, ਬਿਜਲੀ ਸਪਲਾਈ, ਜਲ ਸਪਲਾਈ, ਸਕੂਲਾਂ, ਧਰਮਸ਼ਾਲਾਵਾਂ, ਪਸ਼ੂ ਧਨ ਆਦਿ ਨੂੰ ਕੁੱਲ 264.41 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ ਹੈ। ਇਸ ਮੌਕੇ ਉਨਾਂ ਟੀਮ ਨੂੰ ਜ਼ਿਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋਕਾਂ ਨੂੰ ਹੜਾਂ ਪਿੱਛੋਂ ਰਾਹਤ ਦੇਣ ਲਈ ਤੁਰੰਤ ਉਠਾਏ ਗਏ ਕਦਮਾਂ ਅਤੇ ਚੱਲ ਰਹੇ ਮੁੜ ਵਸੇਬਾ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਟੀਮ ਵੱਲੋਂ ਪੰਜਾਬ ਸਰਕਾਰ ਵੱਲੋਂ ਹੜ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਲਈ ਕੀਤੇ ਬਚਾਅ ਅਤੇ ਰਾਹਤ ਕਾਰਜਾਂ ਤੋਂ ਇਲਾਵਾ ਕੀਤੇ ਜਾ ਰਹੇ ਮੁੜ ਵਸੇਬੇ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਟੀਮ ਮੁਖੀ ਸ੍ਰੀ ਅਨੁਜ ਸ਼ਰਮਾ ਨੇ ਕਿਹਾ ਕਿ ਹੜਾਂ ਕਾਰਨ ਹੋਏ ਨੁਕਸਾਨ ਦੀ ਵਿਸਥਾਰਤ ਰਿਪੋਰਟ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ ਅਤੇ ਢੁਕਵਾਂ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ।

ਕੇਂਦਰੀ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਅਨੁਜ ਸ਼ਰਮਾ ਦੀ ਅਗਵਾਈ ਵਾਲੀ ਇਸ ਸੱਤ ਮੈਂਬਰੀ ਟੀਮ 'ਚ ਸਹਾਇਕ ਕਮਿਸ਼ਨਰ (ਖੇਤੀਬਾੜੀ) ਅਸ਼ੋਕ ਕੁਮਾਰ ਸਿੰਘ, ਡਾਇਰੈਕਟਰ (ਪ੍ਰਬੰਧ) ਸ੍ਰੀ ਐਚ. ਅਥੇਲੀ, ਡਾਇਰੈਕਟਰ (ਸੀ. ਸੀ. ਏ) ਮੈਡਮ ਰਿਸ਼ਿਕਾ ਸ਼ਰਨ, ਮੁੱਖ ਇੰਜੀਨੀਅਰ ਪੀ. ਕੇ ਸ਼ਕਿਆਂ, ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਅਧੀਨ ਸਕੱਤਰ (ਸਕਿੱਲ) ਭੀਮ ਪ੍ਰਕਾਸ਼ ਲਤੇ ਤੇ ਜਲ ਸ਼ਕਤੀ ਮੰਤਰਾਲੇ ਦੇ ਐਸ. ਈ (ਤਾਲਮੇਲ) ਵਿਨੀਤ ਗੁਪਤਾ ਸ਼ਾਮਲ ਸਨ।


Related News