ਕੇਂਦਰੀ ਜੇਲ ''ਚ ਕੈਦੀਆਂ ਦੇ 2 ਧੜੇ ਭਿੜੇ, ਇਕ ਗੰਭੀਰ ਜ਼ਖ਼ਮੀ

Friday, Nov 10, 2017 - 03:59 AM (IST)

ਕੇਂਦਰੀ ਜੇਲ ''ਚ ਕੈਦੀਆਂ ਦੇ 2 ਧੜੇ ਭਿੜੇ, ਇਕ ਗੰਭੀਰ ਜ਼ਖ਼ਮੀ

ਹੁਸ਼ਿਆਰਪੁਰ, (ਅਮਰਿੰਦਰ)- ਅੱਜ ਬਾਅਦ ਦੁਪਹਿਰ ਕੇਂਦਰੀ ਜੇਲ ਹੁਸ਼ਿਆਰਪੁਰ 'ਚ ਜੇਲ ਪ੍ਰਬੰਧਕਾਂ ਨੂੰ ਅੱਖਾਂ ਦਿਖਾਉਂਦਿਆਂ ਜੇਲ ਦੇ ਅੰਦਰ ਹੀ ਪੁਰਾਣੀ ਰੰਜਿਸ਼ ਹੋਣ ਕਰ ਕੇ ਕੈਦੀਆਂ ਦੇ 2 ਧੜਿਆਂ ਵਿਚਕਾਰ ਜੰਮ ਕੇ ਹੱਥੋਪਾਈ ਹੋਈ ਤੇ ਇਕ ਕੈਦੀ ਸੁਖਦੇਵ ਸਿੰਘ ਢਿੱਲੋਂ 'ਤੇ ਜਾਨਲੇਵਾ ਹਮਲਾ ਕਰਦਿਆਂ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ। 
ਪ੍ਰਾਪਤ ਜਾਣਕਾਰੀ ਅਨੁਸਾਰ ਧਾਰਾ 307 ਮਾਮਲੇ 'ਚ ਬੰਦ ਕੈਦੀ ਸੁਖਦੇਵ ਸਿੰਘ ਢਿੱਲੋਂ ਹਾਲ ਹੀ 'ਚ ਜੇਲ ਵਿਚ ਆਇਆ ਸੀ। ਸੂਤਰਾਂ ਅਨੁਸਾਰ ਜੇਲ ਅੰਦਰ ਸਵੇਰੇ ਵੀ ਢਿੱਲੋਂ 'ਤੇ ਹਮਲਾ ਕੀਤਾ ਗਿਆ ਪਰ ਜੇਲ ਪ੍ਰਬੰਧਕਾਂ ਤੇ ਕੈਦੀਆਂ ਨੇ ਮਿਲ ਕੇ ਦੋਵੇਂ ਧੜਿਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ। 
ਹੁਸ਼ਿਆਰਪੁਰ ਸੈਂਟਰਲ ਜੇਲ ਅੰਦਰ ਸੁਖਦੇਵ ਸਿੰਘ ਢਿੱਲੋਂ 'ਤੇ ਹੋਏ ਹਮਲੇ ਦੌਰਾਨ ਉਸ ਦੇ ਸਿਰ 'ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਅਜਿਹੇ 'ਚ ਸਵਾਲ ਉੱਠਦਾ ਹੈ ਕਿ ਜੇਲ ਅੰਦਰ ਹਮਲਾਵਰ ਕੈਦੀਆਂ ਕੋਲ ਜ਼ਖ਼ਮ ਪਹੁੰਚਾਉਣ ਵਾਲਾ ਸਾਮਾਨ ਕਿਸ ਤਰ੍ਹਾਂ ਪਹੁੰਚਿਆ। ਜੇਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਦੁਪਹਿਰ ਬਾਅਦ ਜਿਉਂ ਹੀ ਸੁਖਦੇਵ ਢਿੱਲੋਂ 'ਤੇ ਹਮਲਾ ਹੋਇਆ ਜੇਲ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨ ਹਮਲਾਵਰਾਂ ਨੂੰ ਕਾਬੂ ਕਰ ਕੇ ਜੇਲ 'ਚ ਬੰਦ ਕਰ ਦਿੱਤਾ ਅਤੇ ਸੁਖਦੇਵ ਢਿੱਲੋਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। 
ਪਹਿਲਾਂ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸੁਰਖੀਆਂ 'ਚ ਰਹੀ ਹੈ ਜੇਲ
ਵਰਣਨਯੋਗ ਹੈ ਕਿ ਇਸ ਸਾਲ ਜੁਲਾਈ ਮਹੀਨੇ 'ਚ ਕੇਂਦਰੀ ਜੇਲ ਹੁਸ਼ਿਆਰਪੁਰ 'ਚ ਜੇਲ ਪ੍ਰਬੰਧਕਾਂ ਨੂੰ ਅੱਖਾਂ ਦਿਖਾਉਂਦਿਆਂ ਗੈਂਗਸਟਰ ਦਲਜੀਤ ਸਿੰਘ ਭਾਨਾ ਬੈਰਕ ਨੂੰ ਲੈ ਕੇ ਡਿਪਟੀ ਜੇਲ ਸੁਪਰਡੈਂਟ ਨਾਲ ਉਲਝ ਪਿਆ ਸੀ। ਉਸ ਨੇ ਆਪਣੀ ਬੈਰਕ ਵਿਚ ਆਪਣੇ ਚਹੇਤੇ ਕੈਦੀਆਂ ਨੂੰ ਬੰਦ ਕਰਵਾਉਣ ਦੀ ਸ਼ਰਤ ਰੱਖੀ ਸੀ। ਡਿਪਟੀ ਜੇਲ ਸੁਪਰਡੈਂਟ ਜੇਲ ਹਰਭਜਨ ਸਿੰਘ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਆਪਣੇ ਕੁਝ ਹੋਰ ਸਾਥੀਆਂ ਨੂੰ ਲੈ ਕੇ ਉਹ ਜੇਲ ਅੰਦਰ ਹੀ ਹੂਟਿੰਗ ਕਰਨ ਲੱਗਾ। ਇਸ ਦੌਰਾਨ ਮਾਹੌਲ ਗਰਮਾਉਣ 'ਤੇ ਇਕ ਕੈਦੀ ਨੇ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜੇਲ ਅੰਦਰ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਸੀ। 
ਦੋਸ਼ੀਆਂ ਖਿਲਾਫ਼ ਦਰਜ ਹੋਵੇਗਾ ਮਾਮਲਾ : ਜੇਲ ਸੁਪਰਡੈਂਟ
ਸੰਪਰਕ ਕਰਨ 'ਤੇ ਜੇਲ ਸੁਪਰਡੈਂਟ ਵਿਕਰਮਜੀਤ ਸਿੰਘ ਪਾਂਧੇ ਨੇ ਦੱਸਿਆ ਕਿ 3 ਕੈਦੀਆਂ ਰਣਜੀਤ ਸਿੰਘ ਪੁੱਤਰ ਰਾਮ ਨਾਥ, ਜਿਸ 'ਤੇ ਧਾਰਾ 304 ਲੱਗੀ ਹੋਈ ਹੈ। ਇਸ ਤੋਂ ਇਲਾਵਾ ਕਮਲਜੀਤ ਸਿੰਘ ਪੁੱਤਰ ਮਹਿੰਦਰ ਲਾਲ ਤੇ ਸੁਨੀਲ ਕੁਮਾਰ ਪੁੱਤਰ ਬਾਬੂ ਰਾਮ ਧਾਰਾ 302 ਅਧੀਨ ਬੰਦ ਹਨ, ਨੇ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਨ੍ਹਾਂ ਤਿੰਨਾਂ ਕੈਦੀਆਂ ਖਿਲਾਫ਼ ਮਾਮਲਾ ਦਰਜ ਕਰਨ ਲਈ ਸਿਟੀ ਪੁਲਸ ਨੂੰ ਲਿਖਿਆ ਗਿਆ ਹੈ ਅਤੇ ਜੇਲ ਅੰਦਰ ਮਾਹੌਲ ਠੀਕ-ਠਾਕ ਹੈ। 
ਲੋੜ ਤੋਂ ਵੱਧ ਬੰਦ ਹਨ ਕੈਦੀ
ਅਕਾਲੀ-ਭਾਜਪਾ ਸਰਕਾਰ ਦੇ ਸਮੇਂ 'ਚ ਜ਼ਿਲਾ ਜੇਲ ਦਾ ਦਰਜਾ ਵਧਾ ਕੇ ਕੇਂਦਰੀ ਜੇਲ ਕਰ ਦਿੱਤਾ ਗਿਆ ਪਰ ਇਥੋਂ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕੀਤਾ ਗਿਆ। ਨਾ ਤਾਂ ਜੇਲ ਦੀ ਸਮਰੱਥਾ ਵਧਾਈ ਗਈ ਤੇ ਨਾ ਹੀ ਮੁਲਾਜ਼ਮਾਂ ਦੀ ਕਮੀ ਪੂਰੀ ਕੀਤੀ ਗਈ। ਅੱਜਕਲ ਜੇਲ 'ਚ ਕੈਦੀਆਂ ਨੂੰ ਰੱਖਣ ਦੀ ਸਮਰੱਥਾ 603 ਹੈ, ਜਦਕਿ ਇਥੇ 850 ਕੈਦੀ ਹਨ। ਕੈਦੀਆਂ ਲਈ 12 ਵੱਡੇ ਤੇ 20 ਛੋਟੇ ਸੈੱਲ ਹਨ। ਬੈਰਕਾਂ ਤੇ ਸੈੱਲਾਂ 'ਚ ਸਮਰੱਥਾ ਤੋਂ ਵੱਧ ਕੈਦੀ ਬੰਦ ਹਨ। 


Related News