ਤਾਜਪੁਰ ਰੋਡ ਕੇਂਦਰੀ ਜੇਲ ’ਚ ਪਿਛਲੇ 45 ਦਿਨਾਂ ਦੇ ਅੰਕੜੇ ’ਚ 100 ਮੋਬਾਇਲਾਂ ਦੀ ਬਰਾਮਦਗੀ

Wednesday, Jun 01, 2022 - 05:40 PM (IST)

ਤਾਜਪੁਰ ਰੋਡ ਕੇਂਦਰੀ ਜੇਲ ’ਚ ਪਿਛਲੇ 45 ਦਿਨਾਂ ਦੇ ਅੰਕੜੇ ’ਚ 100 ਮੋਬਾਇਲਾਂ ਦੀ ਬਰਾਮਦਗੀ

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਕੇਂਦਰੀ ਜੇਲ ਵਿਚ ਮੋਬਾਇਲ ਮਿਲਣ ਦੀਆਂ ਘਟਨਾਵਾਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਪਿਛਲੇ ਕਰੀਬ 45 ਦਿਨਾਂ ਵਿਚ ਮੋਬਾਇਲ ਰਿਕਵਰੀ ਦੀਆਂ ਘਟਨਾਵਾਂ ਨੇ ਹੁਣ ਤੱਕ 100 ਦਾ ਅੰਕੜਾ ਪਾਰ ਕਰ ਲਿਆ ਹੈ। ਜੇਲ ਕੰਪਲੈਕਸ ਵਿਚ ਚੈਕਿੰਗ ਦੌਰਾਨ 9 ਮੋਬਾਇਲ ਬੰਦੀਆਂ ਤੋਂ ਜਦਕਿ 4 ਮੋਬਾਇਲ ਲਵਾਰਸ ਹਾਲਤ ਵਿਚ ਮਿਹੇ ਹਨ। ਜੇਲ ਦੇ ਸਹਾਇਕ ਸੁਪਰਡੈਂਟ ਸਰੂਪ ਚੰਦ ਦੀ ਸ਼ਿਕਾਇਤ ’ਤੇ ਕੈਦੀ ਉਦਲਾਲ ਗਾਦਰੀ ਹਵਾਲਾਤ ਲਖਬੀਰ ਸਿੰਘ, ਅਮਨਪ੍ਰੀਤ ਸਿੰਘ, ਫਿਰੋਜ਼ ਖਾਨ ’ਤੇ ਪ੍ਰਿਜ਼ਨ ਐਕਟ ਦੀ ਧਾਰਾ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਜੇਲ ਵਿਚ ਮੋਬਾਇਲ ਮਿਲਣ ਦਾ ਅੰਕੜਾ 100 ਪਾਰ ਕਰ ਗਿਆ ਹੈ ਪਰ ਸਥਿਤੀ ਹੁਣ ਚਿੰਤਾਜਨਕ ਹੁੰਦੀ ਜਾ ਰਹੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਸਥਿਤੀ ਹੁਣ ਜੇਲ ਵਿਭਾਗ ਦੇ ਕੰਟਰੋਲ ਤੋਂ ਬਾਹਰ ਹੁੰਦੀ ਜਾ ਰਹੀ ਹੈ। ਹਾਲਾਂਕਿ ਜੇਲ ਵਿਭਾਗ ਵਾਰ-ਵਾਰ ਇਹ ਦਾਅਵੇ ਕਰਦਾ ਹੈ ਕਿ ਜੇਲਾਂ ਵਿਚ ਮੋਬਾਇਲਾਂ ’ਤੇ ਮੁਕੰਮਲ ਬੈਨ ਲੱਗ ਚੁੱਕਾ ਹੈ ਪਰ ਹੋ ਰਹੀ ਰਿਕਵਰੀ ਇਹ ਸਪੱਸ਼ਟ ਕਰ ਰਹੀ ਹੈ ਕਿ ਅਜੇ ਸਰਕਾਰੀ ਦਾਅਵੇ ਹਵਾ ਵਿਚ ਹੀ ਹਨ ਅਤੇ ਜੇਲ ਦੀ ਸੁਰੱਖਿਆ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ ਅਤੇ ਸ਼ਰਾਰਤੀ ਬੰਦੀ ਅਤੇ ਗੈਰ ਸਮਾਜਿਕ ਤੱਤ ਆਪਸੀ ਤਾਲਮੇਲ ਨਾਲ ਜੇਲ ਵਿਚ ਮੋਬਾਇਲ ਪਹੁੰਚਾਉਣ ਵਿਚ ਲੱਗੇ ਹੋਏ ਹਨ ਅਤੇ ਇਨ੍ਹਾਂ ਦੀ ਵਰਤੋਂ ਵੀ ਜੇਲ ਵਿਚ ਧੜੱਲੇ ਨਾਲ ਜਾਰੀ ਹੈ।

ਜੇਲ ਵਿਚ ਚੱਲ ਰਹੀ ਲੁਕਣ-ਮੀਟੀ ਦੀ ਖੇਡ ਵਿਚ ਜਿੱਤ ਕਿਸ ਦੀ?
ਉਧਰ, ਜੇਲ ਵਿਭਾਗ ਤੋਂ ਦੋ ਕਦਮ ਅੱਗੇ ਰਹਿਣ ਵਾਲੇ ਬੰਦੀ ਸਖਤੀ ਦੇ ਬਾਵਜੂਦ ਪਰਵਾਹ ਨਹੀਂ ਕਰ ਰਹੇ ਅਤੇ ਸੁਰੱਖਿਆ ਵਿਚ ਸੰਨ੍ਹ ਲਾ ਕੇ ਜਿਥੇ ਜੇਲ ਕੰਪਲੈਕਸ ਵਿਚ ਬਾਹਰੋਂ ਮੋਬਾਇਲ ਆ ਰਹੇ ਹਨ, ਉਥੇ ਜੇਲ ਵਿਚ ਚੱਲ ਰਹੀ ਲੁਕਣ ਮੀਟੀ ਦੀ ਖੇਡ ਵਿਚ ਜਿੱਤ ਕਿਸ ਦੀ ਹੋ ਰਹੀ ਹੈ? ਇਸ ’ਤੇ ਵੀ ਸਿਆਸੀ ਗਲਿਆਰਿਆਂ ਵਿਚ ਚੁਟਕੀਆਂ ਲਈਆਂ ਜਾ ਰਹੀਆਂ ਹਨ। ਸਿਆਸੀ ਵਿਰੋਧੀ ਕਹਿੰਦੇ ਹਨ ਕਿ ਪੰਜਾਬ ਵਿਚ ਗੈਂਗਵਾਰ ਅਤੇ ਅਪਰਾਧਕ ਘਟਨਾਵਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਪਹਿਲਾਂ ਨਾਲੋਂ ਵਧੀਆਂ ਹਨ। ਅਜਿਹੇ ਵਿਚ ਜੇਲ ਵਿਚ ਮੋਬਾਇਲਾਂ ਦੀ ਧੜੱਲੇ ਨਾਲ ਵਰਤੋਂ ਹੋਣਾ ਅਤੇ ਉਨ੍ਹਾਂ ਦੀ ਸਰਕਾਰ ਦੀ ਰੋਕ ਦਾ ਕੋਈ ਅਸਰ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।


author

Gurminder Singh

Content Editor

Related News