ਕੇਂਦਰੀ ਜੇਲ੍ਹ ’ਚੋਂ 4 ਹੋਰ ਮੋਬਾਇਲ ਬਰਾਮਦ, ਸ਼ਰਾਰਤੀ ਅਨਸਰਾਂ ਵਲੋਂ ਸੁੱਟੇ ਪੈਕੇਟ ਵੀ ਮਿਲੇ
Tuesday, Nov 07, 2023 - 06:02 PM (IST)
ਫਿਰੋਜ਼ਪੁਰ (ਕੁਮਾਰ, ਖੁੱਲਰ, ਪਰਮਜੀਤ, ਆਨੰਦ) : ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਗੁਪਤ ਸੂਚਨਾ ਦੇ ਅਧਾਰ ’ਤੇ ਸਹਾਇਕ ਸੁਪਰਡੈਂਟ ਨਿਰਮਲਜੀਤ ਸਿੰਘ ਦੀ ਅਗਵਾਈ ’ਚ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ਅੰਦਰ ਸੁੱਟੇ ਗਏ ਪੈਕੇਟਾਂ ’ਚੋਂ ਮੋਬਾਇਲ ਫੋਨ, ਤੰਬਾਕੂ ਦੀਆਂ ਪੁੜੀਆਂ ਅਤੇ ਇਕ ਸਿਗਰਟ ਦੀ ਡੱਬੀ ਬਰਾਮਦ ਕੀਤੀ ਗਈ ਹੈ। ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 12 ਹਵਾਲਾਤੀਆਂ, ਕੈਦੀਆਂ ਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵਲੋਂ ਭੇਜੇ ਲਿਖਤੀ ਪੱਤਰ ਵਿਚ ਦੱਸਿਆ ਗਿਆ ਹੈ ਕਿ ਬਾਹਰੋਂ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ਅੰਦਰ ਸੁੱਟੇ ਗਏ ਪੈਕੇਟਾਂ ’ਚੋਂ ਇਕ ਰੈੱਡਮੀ ਟੱਚ ਸਕਰੀਨ ਮੋਬਾਇਲ ਫੋਨ, 3 ਤੰਬਾਕੂ ਦੀਆਂ ਪੁੜੀਆਂ ਤੇ ਇਕ ਸਿਗਰੇਟ ਦੀ ਡੱਬੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕ ਪੈਕੇਟ ਬਰਾਮਦ ਹੋਇਆ, ਜਿਸ ’ਚੋਂ 30 ਤੰਬਾਕੂ ਦੀਆਂ ਪੁੜੀਆਂ ਅਤੇ ਚੱਕੀਆਂ ਵਿਚ ਬੰਦ ਨਾਮਜ਼ਦ ਕੈਦੀਆਂ ਅਤੇ ਹਵਾਲਾਤੀਆਂ ਦੀ ਤਲਾਸ਼ੀ ਲੈਣ ’ਤੇ ਨੋਕੀਆ ਕੰਪਨੀ ਦੇ ਦੋ ਮੋਬਾਇਲ ਫੋਨ ਅਤੇ ਇਕ ਸੈਮਸੰਗ ਕੀਪੈਡ ਮੋਬਾਇਲ ਫੋਨ ਬਰਾਮਦ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਹਵਾਲਾਤੀ ਬਲਵਿੰਦਰ ਸਿੰਘ, ਗੁਰਨਾਮ ਸਿੰਘ, ਹਵਾਲਾਤੀ ਸਤਨਾਮ ਸਿੰਘ, ਰਣਜੋਧ ਸਿੰਘ, ਹਵਾਲਾਤੀ ਅਮਰਿੰਦਰ ਸਿੰਘ, ਸਾਹਿਲ, ਰਮੇਸ਼ਵਰ ਲਾਲ, ਹਵਾਲਾਤੀ ਮਨਵਿੰਦਰ ਸਿੰਘ ਉਰਫ ਨਿੱਕਾ, ਕੈਦੀ ਵਿਜੇ ਬਿੱਲਾ, ਹਵਾਲਾਤੀ ਜਸਕੀਰਤ ਸਿੰਘ, ਕੈਦੀ ਜਸਪ੍ਰੀਤ ਸਿੰਘ, ਹਵਾਲਾਤੀ ਸੁਰਿੰਦਰ ਸਿੰਘ ਕਾਲੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।