ਸੈਂਟਰਲ GST ਵੱਲੋਂ 175 ਕਰੋੜ ਬੋਗਸ ਬਿਲਿੰਗ ਕੇਸ ’ਚ ਮਾਸਟਰ ਮਾਈਂਡ ਸਮੇਤ 4 ਗ੍ਰਿਫਤਾਰ, 1 ਕਰੋੜ ਦੀ ਰਿਕਵਰੀ

08/12/2021 11:38:07 PM

ਲੁਧਿਆਣਾ(ਸੇਠੀ)- ਸੈਂਟਰਲ ਜੀ. ਐੱਸ. ਟੀ. ਦੇ ਪ੍ਰਿਵੈਂਟਿਵ ਵਿੰਗ ਨੇ 175 ਕਰੋੜ ਦੀ ਬੋਗਸ ਬਿਲਿੰਗ ਦੇ ਮਾਸਟਰ ਮਾਈਂਡ ਨੂੰ ਦਬੋਚਿਆ, ਨਾਲ ਹੀ 1 ਕਰੋੜ ਦੀ ਵੱਡੀ ਰਿਕਵਰੀ ਵੀ ਕੀਤੀ। ਵਿਭਾਗ ਨੇ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ, ਜਿਸ ਵਿਚ ਵਿਭਾਗ ਦਾ ਸਹਾਇਕ ਬਿਜ਼ਨੈੱਸ ਇੰਟੈਲੀਜੈਂਸ ਐਂਡ ਫ੍ਰਾਡ ਐਨਾਲਿਟਿਕਸ (ਬੀ. ਆਈ. ਐੱਫ. ਏ.) ਟੂਲ ਬਣਿਆ। ਜਾਣਕਾਰੀ ਮੁਤਾਬਕ ਇਕ ਹਫਤਾ ਪਹਿਲਾਂ ਹੀ ਵਿਭਾਗ ਨੇ ਉਕਤ ਨੈੱਟਵਰਕ ਦੀ ਟ੍ਰੈਕਿੰਗ ਟੂਲ ਜ਼ਰੀਏ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਕੰਪਨੀਆਂ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਅਤੇ ਪੜਤਾਲ ਵਿਚ ਕੁਝ ਕੰਪਨੀਆਂ ਸ਼ੱਕੀ ਪਾਈਆਂ ਗਈਆਂ, ਜਿਨ੍ਹਾਂ ਦਾ ਮੌਕੇ ’ਤੇ ਜਾ ਕੇ ਨਿਰੀਖਣ ਕਰਨ ’ਤੇ ਪਤਾ ਲੱਗਾ ਕਿ ਬੋਗਸ ਬਿਲਿੰਗ ਕੀਤੀ ਜਾ ਰਹੀ ਹੈ। ਬਿਨਾਂ ਮਾਲ ਦੀ ਅਸਲੀਅਤ ਦੇ ਲੈਣ-ਦੇਣ ਦੇ ਬਿੱਲ ਕੱਟੇ ਜਾ ਰਹੇ ਸਨ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਓਲੰਪਿਕ ਖਿਡਾਰੀਆਂ ਨੂੰ 28.36 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਕੀਤਾ ਸਨਮਾਨਿਤ
ਇਸ ਪੂਰੇ ਨੈੱਟਵਰਕ ਦਾ ਮਾਸਟਰ ਮਾਈਂਡ ਸੁਨੀਲ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਦੇ ਨਾਲ ਦੋ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 24 ਅਗਸਤ ਤੱਕ ਜੁਡੀਸ਼ੀਅਲ ਹਿਰਾਸਤ ਵਿਚ ਭੇਜਿਆ ਗਿਆ ਹੈ। ਮਹਾਨਗਰ ਦੇ ਨਿਊ ਸਾਈਕਲ ਮਾਰਕੀਟ ਗਿੱਲ ਰੋਡ ’ਤੇ ਸਥਿਤ 7 ਫਰਜ਼ੀ ਫਰਮਾਂ ਜ਼ਰੀਏ 175 ਕਰੋੜ ਦੀ ਬੋਗਸ ਬਿਲਿੰਗ ਕਰ ਕੇ 31.5 ਕਰੋੜ ਦੇ ਇਨਪੁਟ ਟੈਕਸ ਕ੍ਰੈਡਿਟ ਦਾ ਲਾਭ ਉਠਾਇਆ। ਇਨ੍ਹਾਂ 7 ਫਰਮਾਂ ’ਚੋਂ ਕੇਵਲ 1 ਮੁੱਖ ਫਰਮ ‘ਹਰੀ ਓਮ ਸਟੀਲ’ ਦਾ ਹੀ ਆਫਿਸ ਪਾਇਆ ਗਿਆ, ਜਦੋਂਕਿ ਬਾਕੀ 6 ਸਿਰਫ ਕਾਗਜ਼ਾਂ ਵਿਚ ਹੀ ਸਨ। ਇਹ ਕਾਰਵਾਈ ਪ੍ਰਿਵੈਂਟਿੰਗ ਵਿੰਗ ਦੇ ਜੁਆਇੰਟ ਕਮਿਸ਼ਨਰ ਪਰਮ ਅਵਤਾਰ ਸਿੰਘ ਗਿੱਲ ਅਤੇ ਡਿਪਟੀ ਕਮਿਸ਼ਨਰ ਤਾਨਿਆ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੀਤੀ ਗਈ। ਵਿਭਾਗੀ ਸੂਤਰਾਂ ਮੁਤਾਬਕ ਉਕਤ ਨੈੱਟਵਰਕ ਵਿਚ ਕਈ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ, ਜਿਨ੍ਹਾਂ ਦੇ ਨਾਮ ’ਤੇ ਫਰਜ਼ੀ ਫਰਮਾਂ ਬਣਾਈਆਂ ਗਈਆਂ ਹਨ।

ਇਹ ਵੀ ਪੜ੍ਹੋ- ਮਾਨਸਾ ਹਲਕੇ 'ਚ ਕਾਂਗਰਸ ਪਾਰਟੀ ਉਤਾਰ ਸਕਦੀ ਹੈ ਵੱਡੇ ਚਿਹਰੇ ਨੂੰ ਮੈਦਾਨ 'ਚ

ਮੁਲਾਜ਼ਮਾਂ ਦੇ ਨਾਂ ’ਤੇ ਬਣਾਈਆਂ ਜਾਂਦੀਆਂ ਹਨ ਫਰਜ਼ੀ ਫਰਮਾਂ
ਸੂਤਰਾਂ ਮੁਤਾਬਕ ਉਕਤ ਬੋਗਸ ਬਿਲਿੰਗ ਨੈੱਟਵਰਕ 2 ਸਾਲ ਤੋਂ ਚਲਾਇਆ ਜਾ ਰਿਹਾ ਸੀ, ਜਿਸ ਵਿਚ ਜ਼ਿਆਦਾਤਰ ਸਕ੍ਰੈਪ ਅਤੇ ਲੋਹੇ ਦੀ ਬਿੱਲ ਹੀ ਸ਼ਾਮਲ ਸਨ। ਜ਼ਿਆਦਾਤਰ ਆਈ. ਟੀ. ਸੀ. ਫਰਜ਼ੀਵਾੜੇ ਵਿਚ ਦੇਖਿਆ ਜਾਂਦਾ ਹੈ ਕਿ ਨੈੱਟਵਰਕ ਦਾ ਮਾਸਟਰ ਮਾਈਂਡ ਆਪਣੇ ਨੌਕਰਾਂ ਜਾਂ ਮੁਲਾਜ਼ਮਾਂ ਦੇ ਨਾਂ ’ਤੇ ਫਰਜ਼ੀ ਫਰਮਾਂ ਰਜਿਸਟਰਡ ਕਰ ਕੇ ਬੋਗਸ ਬਿੱਲ ਕੱਟ ਕੇ ਜਾਅਲੀ ਆਈ. ਟੀ. ਸੀ. ਦਾ ਲਾਭ ਉਠਾਉਂਦੇ ਹਨ। ਉਸੇ ਤਰ੍ਹਾਂ ਇਸ ਕੇਸ ਵਿਚ ਵੀ ਮੁਲਾਜ਼ਮਾਂ ਦੇ ਨਾਂ ’ਤੇ ਫਰਮਾਂ ਰਜਿਸਟਰਡ ਕਰਵਾਈਆਂ ਗਈਆਂ ਹਨ, ਜਿਨ੍ਹਾਂ ’ਚੋਂ ਕੁਝ ਮੁਲਜ਼ਮਾਂ ਨੂੰ ਫੜਨ ਲਈ ਵਿਭਾਗ ਯਤਨ ਕਰ ਰਿਹਾ ਹੈ।


Bharat Thapa

Content Editor

Related News