ਲੋਕਾਂ ਦੀ ਲਾਪ੍ਰਵਾਹੀ ਤੇ ਅਣਦੇਖੀ ਦਾ ਕੇਂਦਰ ਬਣ ਚੁੱਕੈ ਅੰਮ੍ਰਿਤਸਰ-ਪਠਾਨਕੋਟ ਕੌਮੀ ਮਾਰਗ

Monday, Jun 11, 2018 - 12:28 AM (IST)

ਗੁਰਦਾਸਪੁਰ,  (ਹਰਮਨਪ੍ਰੀਤ)-  ਪੰਜਾਬ ਨੂੰ ਕਈ ਸੂਬਿਅਾਂ ਨਾਲ ਜੋਡ਼ਨ ਵਾਲੇ ਨੈਸ਼ਨਲ ਹਾਈਵੇ-54 ਨਾਲ ਸਬੰਧਤ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਦਾ ਕਰੀਬ 100 ਕਿਲੋਮੀਟਰ ਹਿੱਸਾ ਲੋਕਾਂ ਦੀ ਲਾਪ੍ਰਵਾਹੀ ਅਤੇ ਸਬੰਧਤ ਵਿਭਾਗ ਦੀ ਅਣਦੇਖੀ ਦਾ ਕੇਂਦਰ ਬਣ ਚੁੱਕਾ ਹੈ। ਇਸ ਰਾਸ਼ਟਰੀ ਹਾਈਵੇ ਨੂੰ ਚਹੁੰ-ਮਾਰਗੀ ਕਰਨ ਦੇ ਬਾਅਦ ਵੀ ਸਥਿਤੀ ਇਹ ਬਣੀ ਹੋਈ ਹੈ ਕਿ ਸਡ਼ਕ ਹਾਦਸਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਏ ਦਿਨ ਸਡ਼ਕ ਦੁਰਘਟਨਾਵਾਂ ਹੋਣ ਦੇ ਬਾਵਜੂਦ ਨਾ ਤਾਂ ਆਮ ਲੋਕ ਗੰਭੀਰ ਹੋ ਰਹੇ ਹਨ ਅਤੇ ਨਾ ਹੀ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਸਬੰਧ ਵਿਚ ਸਖ਼ਤ ਕਦਮ ਚੁੱਕੇ ਜਾ ਰਹੇ ਹਨ। 
ਫਲਾਈਓਵਰ ਬਣਾਉਣ ਦਾ ਮਾਮਲਾ ਠੰਡੇ ਬਸਤੇ ’ਚ
 ਜਦੋਂ ਇਸ ਹਾਈਵੇ ਦੀ ਉਸਾਰੀ ਸ਼ੁਰੂ ਹੋਈ ਸੀ ਤਾਂ ਉਦੋਂ ਤੋਂ ਹੀ ਗੁਰਦਾਸਪੁਰ, ਬਟਾਲਾ, ਧਾਰੀਵਾਲ, ਦੀਨਾਨਗਰ ਸਮੇਤ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਲੋਕਾਂ ਵੱਲੋਂ ਇਨ੍ਹਾਂ ਸ਼ਹਿਰਾਂ ਦੇ ਬਾਹਰਵਾਰ ਬਾਈਪਾਸ ਸ਼ੁਰੂ ਹੋਣ ਵਾਲੇ ਚੌਕਾਂ/ਟੀ-ਪੁਆਇੰਟਾਂ ’ਤੇ ਫਲਾਈਓਵਰ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਥਾਵਾਂ ’ਤੇ ਇਕ ਵੀ ਫਲਾਈਓਵਰ ਨਾ ਬਣਨ ਕਾਰਨ ਸਥਿਤੀ ਇੰਨੀ ਖ਼ਤਰਨਾਕ ਬਣ ਗਈ ਹੈ ਕਿ ਰੋਜ਼ ਕੋਈ ਨਾ ਕੋਈ ਦੁਰਘਟਨਾ ਵਾਪਰ ਹੀ ਜਾਂਦੀ ਹੈ। ਖ਼ਾਸ ਤੌਰ ’ਤੇ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬੱਬਰੀ ਅਤੇ ਬਰਿਆਰ ਚੌਕ ਇੰਨੇ ਖ਼ਤਰਨਾਕ ਬਣ ਚੁੱਕੇ ਹਨ ਕਿ ਇਥੇ ਅਣ-ਗਿਣਤ ਹਾਦਸੇ ਵਾਪਰ ਚੁੱਕੇ ਹਨ। ਬਰਿਆਰ ਅੱਡੇ ਵਾਲਾ ਚੌਕ ਤਾਂ ਖੂਨੀ ਚੌਕ ਦੇ ਨਾਂਅ ਨਾਲ ਪ੍ਰਸਿੱਧ ਹੋ ਚੁੱਕਾ ਹੈ, ਜਿਥੇ ਦਰਜਨਾਂ ਹਾਦਸੇ ਵਾਪਰਨ ਕਾਰਨ ਨੇਡ਼ਲੇ ਪਿੰਡਾਂ ਦੇ ਲੋਕਾਂ ਵੱਲੋਂ ਫਲਾਈਓਵਰ ਬਣਾਉਣ ਦੀ ਮੰਗ ਨੂੰ ਲੈ ਕੇ ਧਰਨੇ ਵੀ ਲਾਏ ਗਏ ਸਨ ਪਰ ਇਸ ਦੇ ਬਾਵਜੂਦ ਇਸ ਸਥਾਨ ’ਤੇ ਕੋਈ ਫਲਾਈਓਵਰ ਨਹੀਂ ਬਣਾਇਆ ਗਿਆ। ਅਜਿਹੀ ਸਥਿਤੀ ਬਟਾਲਾ ਅਤੇ ਹੋਰ ਥਾਵਾਂ ਦੀ ਵੀ ਹੈ, ਜਿਥੇ ਲੋਕਾਂ ਦੀ ਵੱਡੀ ਮੰਗ ਅਤੇ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ। 
ਅਣ-ਅਧਿਕਾਰਤ ਕੱਟ ਜਾਨ ਦਾ ਖੌਅ ਬਣੇ
 ਆਵਾਜਾਈ ਨੂੰ ਸੁਚਾਰੂ ਤੇ ਸੁਰੱਖਿਅਤ ਬਣਾਉਣ ਲਈ ਭਾਵੇਂ ਇਸ ਰਾਸ਼ਟਰੀ ਮਾਰਗ ਦੇ ਵਿਚਕਾਰ ਡਿਵਾਈਡਰ ਬਣਾ ਦਿੱਤੇ ਗਏ ਹਨ ਪਰ ਇਹ ਡਿਵਾਈਡਰ ਲੋਕਾਂ ਨੂੰ ਸੁਰੱਖਿਆ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਦੀ ਬਜਾਏ ਬੇਹੱਦ ਖ਼ਤਰਨਾਕ ਸਿੱਧ ਹੋਰ ਹੋ ਰਹੇ ਹਨ ਕਿਉਂਕਿ ਲੋਕਾਂ ਵੱਲੋਂ ਆਪਣੀ ਸਹੂਲਤ ਲਈ ਥਾਂ-ਥਾਂ ’ਤੇ ਡਿਵਾਈਡਰ ਤੋਡ਼ ਕੇ ਬਣਾਏ ਗਏ ਰਸਤੇ ਜਾਨ ਦਾ ਖੌਅ ਬਣ ਰਹੇ ਹਨ। ਲੋਕਾਂ ਦੀ ਮਨਮਰਜ਼ੀ ਅਤੇ ਲਾਪ੍ਰਵਾਹੀ ਇਸ ਹੱਦ ਤੱਕ ਵੱਧ ਗਈ ਹੈ ਕਿ ਗੁਰਦਾਸਪੁਰ ਤੋਂ ਧਾਰੀਵਾਲ ਬਾਈਪਾਸ ਦਰਮਿਆਨ ਸਿਰਫ਼ 8 ਕਿਲੋਮੀਟਰ ਦੇ ਰਸਤੇ ’ਚ ਹੀ ਅੱਧੀ ਦਰਜਨ  ਥਾਵਾਂ ’ਤੇ ਲੋਕਾਂ ਨੇ ਡਿਵਾਈਡਰਾਂ ਨੂੰ ਤੋਡ਼ ਕੇ ਰਸਤੇ ਬਣਾ ਲਏ ਹਨ। ਇਸੇ ਤਰ੍ਹਾਂ ਬਟਾਲਾ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਠਾਨਕੋਟ ਤੱਕ ਦੇ ਰਸਤੇ ’ਚ ਵੀ ਦਰਜਨ  ਅਜਿਹੇ ਅਣ-ਅਧਿਕਾਰਤ ਕੱਟ ਹਨ, ਜਿਥੇ ਆਏ ਦਿਨ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਰਹਿੰਦੀ ਹੈ। 
ਦੂਜਿਆਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲੀ ਸੋਚ ਸ਼ਰੇਆਮ ਦਿਖਾਈ ਦਿੰਦੀ ਹੈ
 ਡਿਵਾਈਡਰ ਤੋਡ਼ ਕੇ ਬਣਾਏ ਗਏ ਅਣ-ਅਧਿਕਾਰਤ ਕੱਟਾਂ ਕਾਰਨ ਵਾਪਰ ਰਹੇ ਹਾਦਸਿਆਂ ਦੇ ਬਾਅਦ ਬੇਸ਼ੱਕ ਸਬੰਧਤ ਵਿਭਾਗ ਨੇ ਹਰਕਤ ਵਿਚ ਆਉਂਦਿਆਂ ਇਨ੍ਹਾਂ ਡਿਵਾਈਡਰਾਂ ਨੂੰ ਦੁਬਾਰਾ ਬੰਦ ਕਰ ਦਿੱਤਾ ਸੀ। ਇਥੋਂ ਤੱਕ ਕਿ ਜਿਹਡ਼ੀਅਾਂ ਕੁਝ ਥਾਵਾਂ ’ਤੇ ਲੋਕ ਬਾਹਰਵਾਰ ਡਿਵਾਈਡਰ ਤੋਡ਼ ਕੇ ਰਸਤਾ ਬਣਾਉਂਦੇ ਸਨ, ਉਨ੍ਹਾਂ ਥਾਵਾਂ ’ਤੇ ਡਿਵਾਈਡਰਾਂ ਵਿਚ ਜੇ. ਸੀ. ਬੀ. ਨਾਲ ਡੂੰਘੇ ਟੋਏ ਵੀ ਪੁੱਟੇ ਗਏ ਸਨ ਪਰ ਹੈਰਾਨੀ ਦੀ ਗੱਲ ਹੈ ਕਿ ਨੇਡ਼ਲੇ ਪਿੰਡਾਂ, ਡੇਰਿਆਂ ਅਤੇ ਹੋਰ ਵਪਾਰਕ ਥਾਵਾਂ ਅਤੇ ਸਕੂਲਾਂ ਨਾਲ ਸਬੰਧਤ ਲੋਕਾਂ ਵੱਲੋਂ ਮੁਡ਼ ਇਹ ਟੋਏ ਭਰ ਕੇ ਆਰਜ਼ੀ ਰਸਤੇ ਬਣਾ ਲਏ ਗਏ ਹਨ, ਜਿਸ ਤੋਂ ਇਨ੍ਹਾਂ ਲੋਕਾਂ ਦੀ ਲਾਪ੍ਰਵਾਹੀ ਅਤੇ ਦੂਜਿਆਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲੀ ਸੋਚ ਸ਼ਰੇਆਮ ਦਿਖਾਈ ਦਿੰਦੀ ਹੈ। 
ਬੇਖੌਫ਼ ਜਾਰੀ ਹੈ ਮੌਤ ਨਾਲ ਖੇਡਣ ਦਾ ਸਿਲਸਿਲਾ
 ਇਸ ਮਾਰਗ ’ਤੇ ਇਕ ਹੋਰ ਹੈਰਾਨੀਜਨਕ ਗੱਲ ਇਹ ਵੀ ਦੇਖਣ ਨੂੰ ਮਿਲਦੀ ਹੈ ਕਿ ਅਕਸਰ ਕਈ ਵਾਹਨ ਚਾਲਕ ਉਲਟ ਦਿਸ਼ਾ ਵਿਚ ਵਾਹਨ ਚਲਾਉਣ ਸਮੇਂ ਗੁਰੇਜ਼ ਨਹੀਂ ਕਰਦੇ। ਸਿਰਫ਼ ਕੁਝ ਮੀਟਰ ਦਾ ਵਾਧੂ ਸਫ਼ਰ ਬਚਾਉਣ ਲਈ ਲੋਕਾਂ ਵੱਲੋਂ ਇੰਨੀ ਲਾਪ੍ਰਵਾਹੀ ਵਰਤੀ ਜਾਂਦੀ ਹੈ ਕਿ ਉਲਟ ਦਿਸ਼ਾ ’ਚ ਹੋਣÎ ਦੇ ਬਾਵਜੂਦ ਡਿਵਾਈਡਰਾਂ ਦੇ ਬਿਲਕੁਲ ਨਾਲ ਬੇਹੱਦ ਤੇਜ਼ ਸਪੀਡ ਵਿਚ ਵਾਹਨ ਚਲਾਏ ਜਾਂਦੇ ਹਨ। ਇਸ ਮਾਮਲੇ ਵਿਚ ਪੁਲਸ ਅਤੇ ਟਰਾਂਸਪੋਰਟ ਵਿਭਾਗ ਵੀ ਮੂਕ ਦਰਸ਼ਕ ਬਣੇ ਰਹਿੰਦੇ ਹਨ। ਸ਼ਾਇਦ  ਹੀ ਪੁਲਸ ਵੱਲੋਂ ਅਜੇ ਤੱਕ ਇਸ ਮਾਰਗ ’ਤੇ ਕਿਸੇ ਅਜਿਹੇ ਵਿਅਕਤੀ ਦਾ ਚਲਾਨ ਕੱਟਿਆ ਗਿਆ ਹੋਵੇਗਾ ਜੋ ਨਿਯਮਾਂ ਤੇ ਲੋਕਾਂ ਦੀ ਸੁਰੱਖਿਆ ਦੀਆਂ ਧੱਜੀਆਂ ਉਡਾ ਕੇ ਉਲਟ ਦਿਸ਼ਾ ਵਿਚ ਵਾਹਨ ਚਲਾ ਰਿਹਾ ਹੋਵੇ। 

ਨਾਜਾਇਜ਼ ਪਾਰਕਿੰਗ ਵੀ ਵੱਡੀ ਸਿਰਦਰਦੀ
 ਕਈ ਢਾਬਿਆਂ, ਹੋਟਲਾਂ ਅਤੇ ਧਾਰਮਕ ਅਸਥਾਨਾਂ ਦੇ ਨੇਡ਼ੇ ਅਕਸਰ ਕਈ ਟਰੱਕ ਅਤੇ ਹੋਰ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਵੀ ਇਸ ਮਾਰਗ ’ਤੇ ਲੋਕਾਂ ਦੀ ਸਮੱਸਿਆ ਵਿਚ ਵਾਧਾ ਕਰਦੀਆਂ ਹਨ। ਖ਼ਾਸ ਤੌਰ ’ਤੇ ਸਰਨਾ, ਪਨਿਆਡ਼, ਬਰਿਆਰ, ਗੁਰਦਾਸ ਨੰਗਲ ਸਮੇਤ ਅਨੇਕਾਂ ਸਥਾਨਾਂ ’ਤੇ ਅਕਸਰ ਟਰੱਕ ਲੰਬਾ ਸਮਾਂ ਸਡ਼ਕ ਕਿਨਾਰੇ ਖਡ਼੍ਹੇ ਰਹਿੰਦੇ ਹਨ, ਜਿਸ ਕਾਰਨ ਰਾਤ ਸਮੇਂ ਹਾਦਸੇ ਵਾਪਰਨ ਦਾ ਡਰ ਰਹਿਣ ਦੇ ਨਾਲ-ਨਾਲ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। 


Related News