ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ
Monday, Oct 26, 2020 - 01:29 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਫਰਮਾਨ ਜਾਰੀ ਕਰਦੇ ਹੋਏ ਪੰਜਾਬ ਆਉਣ ਵਾਲੀਆਂ ਮਾਲ ਗੱਡੀਆਂ ਰੋਕ ਲਈਆਂ ਗਈਆਂ ਹਨ, ਜਿਸ ਨਾਲ ਖਾਦ, ਕੋਲਾ ਅਤੇ ਅਨਾਜ ਦੀ ਢੋਆ-ਢੁਆਈ ਪ੍ਰਭਾਵਿਤ ਹੋਵੇਗੀ। ਕਿਸਾਨ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ ਇਸ ਫਰਮਾਨ ਦੀ ਸਖ਼ਤ ਨਿਖੇਧੀ ਕੀਤੀ ਜਾ ਰਹੀ ਹੈ। ਪੰਜਾਬ ਦੀਆਂ 30 ਸੰਘਰਸ਼ਸ਼ੀਲ ਜੱਥੇਬੰਦੀਆਂ ਨੇ ਮੌਜੂਦਾ ਹਾਲਾਤਾਂ ’ਤੇ ਚਰਚਾ ਲਈ ਹੰਗਾਮੀ ਆਨਲਾਈਨ ਮੀਟਿੰਗ ਕੀਤੀ, ਜਿਸ 'ਚ ਕਿਸਾਨ ਨੇਤਾਵਾਂ ਨੇ ਐਲਾਨ ਕੀਤਾ ਕਿ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੇ ਲੋਕ ਵਿਰੋਧੀ ਮਨਸੂਬਿਆਂ ਤੇ ਕਿਸਾਨਾਂ ਦੇ ਸੰਘਰਸ਼ ਨੂੰ ਬਦਨਾਮ ਤੇ ਨਾਕਾਮ ਕਰਨ ਦੀਆਂ ਸਾਜਿਸ਼ਾਂ ਨੂੰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਜਲੰਧਰ ਤੋਂ 'ਕਟੜਾ' ਜਾਣ ਲਈ ਲੱਗਣਗੇ ਸਿਰਫ 2.20 ਘੰਟੇ
ਕਿਸਾਨ ਆਗੂ ਡਾ. ਦਰਸ਼ਨ ਪਾਲ ਦੀ ਅਗਵਾਈ 'ਚ ਹੋਈ ਮੀਟਿੰਗ ਦੌਰਾਨ ਕਿਸਾਨ ਜੱਥੇਬੰਦੀਆਂ ਦੇ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਵਲੋਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ ਪਰ ਹੁਣ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਮੁਸਾਫ਼ਰ ਗੱਡੀਆਂ ਵੀ ਲੰਘਣ ਦੇਣ, ਜੋ ਕਿ ਨਿੰਦਣਯੋਗ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਅਸਲ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ ਪਰ ਜੱਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖ਼ਲਾ ਚੁੱਕੀ ਹੈ।
ਇਹ ਵੀ ਪੜ੍ਹੋ : ਕੈਪਟਨ ਦੀ ਰੈਲੀ 'ਚ ਸ਼ਾਮਲ ਕਾਂਗਰਸੀਆਂ ਨੇ ਚਲਾਈ ਗੋਲੀ, ਮਚੀ ਹਫੜਾ-ਦਫੜੀ
ਇਸ ਕਰਕੇ ਉਹ ਆਪਣੀ ਹੋਂਦ ਬਚਾਉਣ ਲਈ ਪੰਜਾਬ 'ਚ ਦਲਿਤ ਪੱਤਾ ਖੇਡ ਰਹੀ ਹੈ। ਭਾਜਪਾ ਦੇ ਇਸ ਦੋਗਲੇ ਕਿਰਦਾਰ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ ਤੇ ਉਸ ਦੀ ਇਸ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਜੱਥੇਬੰਦੀਆਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਜਤਿੰਦਰ ਸਿੰਘ ਛੀਨਾ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਲਗਾਤਾਰ ਮੰਗ ਕਰ ਰਹੇ ਸੀ ਕਿ ਦਲਿਤ ਵਿਦਿਆਰਥੀ ਵਜ਼ੀਫਾ ਘਪਲੇ ਦੀ ਜਾਂਚ ਹੋਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਹੋਣ ਪਰ ਹੁਣ ਜਦ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਭਾਜਪਾ ਆਗੂਆਂ ਦੇ ਥਾਂ-ਥਾਂ ਘਿਰਾਓ ਹੋ ਰਹੇ ਹਨ ਤਾਂ ਗਿਣੀ-ਮਿੱਥੀ ਸਾਜਿਸ਼ ਤਹਿਤ ਇਸ ਘਪਲੇ ਦੇ ਨਾਂ ’ਤੇ ਜਨਤਕ ਸਰਗਰਮੀਆਂ ਵਿੱਢ ਕੇ ਕਿਸਾਨਾਂ 'ਚ ਉਕਸਾਹਟ ਪੈਦਾ ਕਰਨ ਦੇ ਯਤਨ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਜਬਰ-ਜ਼ਿਨਾਹ ਤੇ ਕਤਲ ਕੇਸ ਸਬੰਧੀ ਕੈਪਟਨ ਦਾ ਵੱਡਾ ਫ਼ੈਸਲਾ
ਭਾਜਪਾ ਆਗੂ ਸਾਂਪਲਾ ਵਲੋਂ ਮਾਰਚ ਕਰਨ ਦਾ ਸੱਦਾ ਇਸ ਗੱਲ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜੱਥੇਬੰਦੀਆਂ ਪੂਰੀ ਤਰ੍ਹਾਂ ਚੌਕਸ ਹਨ ਤੇ ਭਾਜਪਾ ਦੇ ਸੂਬੇ 'ਚ ਤਣਾਅ ਪੈਦਾ ਕਰਨ ਦੇ ਇਸ ਕਦਮ ਦਾ ਪੂਰੀ ਸੂਝ-ਬੂਝ ਨਾਲ ਜਵਾਬ ਦੇਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ਾਂ 'ਚ ਦਲਿਤ ਵੀ ਸ਼ਾਮਲ ਹਨ ਤੇ ਅਸੀਂ ਦਲਿਤਾਂ ਦੇ ਹਰ ਤਰ੍ਹਾਂ ਦੇ ਸੰਘਰਸ਼ 'ਚ ਉਨ੍ਹਾਂ ਦੇ ਨਾਲ ਖੜ੍ਹਾਂਗੇ। 26 ਅਤੇ 27 ਅਕਤੂਬਰ ਨੂੰ ਦਿੱਲੀ ਵਿਖੇ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਮੀਟਿੰਗ ਕਰਕੇ ਕੌਮੀ ਪੱਧਰ ਦਾ ਤਿੱਖਾ ਸੰਘਰਸ਼ ਉਲੀਕਣਗੀਆਂ।