''ਜਨਗਣਨਾ-2021'' ਲਈ 12 ਅਗਸਤ ਤੋਂ 30 ਸਤੰਬਰ ਤੱਕ ਹੋਵੇਗਾ ਪ੍ਰੀ-ਟੈਸਟ

08/06/2019 8:50:02 AM

ਮਾਨਸਾ : ਭਾਰਤ ਦੀ 2021 ਦੀ ਜਨਗਣਨਾ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਉਸ ਦਾ ਪਹਿਲਾਂ ਪ੍ਰੀ-ਟੈਸਟ ਕੀਤਾ ਜਾਵੇਗਾ, ਜਿਸ ਲਈ ਪੰਜਾਬ ਵਿੱਚ ਹੋਣ ਵਾਲੀ ਜਨਗਣਨਾ ਲਈ 2 ਜ਼ਿਲ੍ਹਿਆਂ ਮਾਨਸਾ ਅਤੇ ਫਿਰੋਜ਼ਪੁਰ ਨੂੰ ਪ੍ਰੀ-ਟੈਸਟ ਜਨਗਣਨਾ ਲਈ ਚੁਣਿਆ ਗਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾਇਰੈਕਟਰ ਸੈਂਸਜ਼ ਆਪ੍ਰੇਸ਼ਨ ਡਾ. ਅਭੀਸ਼ੇਕ ਜੈਨ ਨੇ ਸਥਾਨਕ ਬੱਚਤ ਭਵਨ ਵਿਖੇ ਸਬੰਧਿਤ ਅਧਿਕਾਰੀਆਂ ਨਾਲ ਇੱਕ ਮਹੱਤਵਪੂਰਣ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਮਾਨਸਾ, ਅਪਨੀਤ ਰਿਆਤ ਵੀ ਮੌਜੂਦ ਸਨ।
ਅਭੀਸ਼ੇਕ ਜੈਨ ਨੇ ਅਧਿਕਾਰੀਆਂ ਨੂੰ ਜਨਗਣਨਾ ਦੀ ਮਹੱਤਤਾ ਸਬੰਧੀ ਦੱਸਦਿਆਂ ਕਿਹਾ ਕਿ ਭਾਰਤ ਦੀ ਜਨਗਣਨਾ ਹਰ 10 ਸਾਲ ਬਾਅਦ ਕੀਤੀ ਜਾਂਦੀ ਹੈ ਅਤੇ ਜਨਗਣਨਾ ਦੇ ਅਧਾਰ 'ਤੇ ਹੀ ਰਾਸ਼ਟਰ, ਰਾਜ ਅਤੇ ਪਿੰਡ ਪੱਧਰ ਦੇ ਆਂਕੜੇ ਸਰਕਾਰ ਤੱਕ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਆਂਕੜਿਆਂ ਦੀ ਵਰਤੋਂ ਕਰਕੇ ਹੀ ਸਰਕਾਰਾ ਯੋਜਨਾਵਾਂ ਅਤੇ ਨੀਤੀਆਂ ਤਿਆਰ ਕਰਦੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸੇ ਕਰਕੇ ਪੂਰੀ ਲਗਨ ਅਤੇ ਤਨਦੇਹੀ ਨਾਲ ਬਿਲਕੁੱਲ ਸਹੀ ਆਂਕੜੇ ਇੱਕਠੇ ਕੀਤੇ ਜਾਣ, ਤਾਂ ਜੋ ਇਨ੍ਹਾਂ ਆਂਕੜਿਆਂ ਤੋਂ ਜਨਗਣਨਾ ਦਾ ਸਹੀ ਅਨੁਮਾਨ ਹੋ ਸਕੇ।
ਉਨ੍ਹਾਂ ਦੱਸਿਆ ਅਪ੍ਰੈਲ ਤੋਂ ਸਤੰਬਰ 2020 ਵਿੱਚ ਅਸਲ ਜਨਗਣਨਾ ਕੀਤੀ ਜਾਵੇਗੀ ਅਤੇ ਉਸ ਸਮੇਂ ਦੌਰਾਨ ਕਿਸੇ ਵੀ ਕਿਸਮ ਦੀ ਕਮੀ-ਪੇਸ਼ੀ ਸਾਹਮਣੇ ਨਾ ਆਵੇ, ਇਸ ਲਈ 12 ਅਗਸਤ ਤੋਂ 30 ਸਤੰਬਰ, 2019 ਤੱਕ ਇਸ ਦਾ ਪ੍ਰੀ-ਟੈਸਟ ਕੀਤਾ ਜਾ ਰਿਹਾ ਹੈ, ਜਿਸ ਸਬੰਧੀ ਮਾਨਸਾ ਵਿਖੇ ਇਸ ਪ੍ਰੀ-ਟੈਸਟ ਦੌਰਾਨ ਗਿਣਤੀ ਕਰਨ ਵਾਲਿਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ 6 ਤੋਂ 9 ਅਗਸਤ ਤੱਕ ਜਨਗਣਨਾ-2021 ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਮੋਬਾਇਲ ਐਪ ਦੇ ਜ਼ਰਿਏ ਆਂਕੜੇ ਇੱਕਠੇ ਕੀਤੇ ਜਾਣਗੇ, ਜਿਸ ਨਾਲ ਇੱਕ ਤਾਂ ਗਿਣਤੀ ਕਰਨ ਵਾਲੀ ਟੀਮ ਨੂੰ ਸੌਖ ਰਹੇਗੀ ਅਤੇ ਹੱਥ ਨਾਲ ਫਾਰਮ ਭਰਨ ਨਾਲੋਂ ਸਮਾਂ ਵੀ ਘੱਟ ਲੱਗੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਮੋਬਾਇਲ ਐਪ ਦੀ ਵਰਤੋਂ ਸਬੰਧੀ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ।


Babita

Content Editor

Related News