ਗੁਟਕਾ ਸਾਹਿਬ ''ਤੇ ਸੀਮੈਂਟ ਦੀ ਮਸ਼ਹੂਰੀ ਛਾਪਣ ਦਾ ਫੈੱਡਰੇਸ਼ਨ ਮਹਿਤਾ ਨੇ ਲਿਆ ਸਖਤ ਨੋਟਿਸ
Sunday, Dec 03, 2017 - 07:10 AM (IST)
ਅੰਮ੍ਰਿਤਸਰ (ਛੀਨਾ) - ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ 'ਤੇ ਬਿਰਲਾ ਪਲੱਸ ਸੀਮੈਂਟ ਦੀ ਮਸ਼ਹੂਰੀ ਛਾਪੇ ਜਾਣ ਨਾਲ ਸਿੱਖ ਕੌਮ 'ਚ ਭਾਰੀ ਰੋਸ ਦੀ ਲਹਿਰ ਹੈ। ਇਸ ਸਬੰਧੀ ਸਿੱਖ ਸਟੂਡੈਂਟਸ ਫੈੱਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਸਖਤ ਨੋਟਿਸ ਲੈਂਦਿਆਂ ਇਸ ਹਰਕਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਦੇ ਗੁਟਕੇ 'ਤੇ ਬਿਰਲਾ ਪਲੱਸ ਸੀਮੈਂਟ ਦੀ ਮਸ਼ਹੂਰੀ ਛਾਪਣ ਦੀ ਭੁੱਲ ਕੋਈ ਛੋਟੀ ਗੱਲ ਨਹੀਂ ਹੈ, ਇਸ ਨਾਲ ਸਿੱਖ ਕੌਮ ਨੂੰ ਭਾਰੀ ਠੇਸ ਪੁੱਜੀ ਹੈ।
ਸ. ਢੋਟ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਇਸ ਸਬੰਧੀ ਸਖਤੀ ਨਾਲ ਪੇਸ਼ ਆਉਂਦਿਆਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ 'ਚ ਮੁੜ ਕੋਈ ਅਜਿਹੀ ਭੁੱਲ ਨੂੰ ਦੁਹਰਾਉਣ ਦੀ ਹਿੰਮਤ ਨਾ ਕਰ ਸਕੇ। ਉਨ੍ਹਾਂ ਅਖੀਰ 'ਚ ਤਾੜਨਾ ਕਰਦਿਆਂ ਕਿਹਾ ਕਿ ਸਿੱਖ ਕੌਮ ਨਾਲ ਜੁੜੇ ਹੋਏ ਇਸ ਮਾਮਲੇ 'ਚ ਜੇਕਰ ਥੋੜ੍ਹੀ ਜਿਹੀ ਵੀ ਢਿੱਲਮੱਠ ਵਰਤੀ ਗਈ ਤਾਂ ਫੈੱਡਰੇਸ਼ਨ ਮਹਿਤਾ ਸੜਕਾਂ 'ਤੇ ਉਤਰ ਕੇ ਜ਼ੋਰਦਾਰ ਰੋਸ ਵਿਖਾਵੇ ਕਰੇਗੀ ਅਤੇ ਦੋਸ਼ੀਆਂ ਨੂੰ ਸਬਕ ਸਿਖਾਉਣ ਲਈ ਸਖਤ ਐਕਸ਼ਨ ਲਵੇਗੀ।
