ਧੂਮ-ਧਾਮ ਨਾਲ ਮਨਾਈ ਦੀਵਾਲੀ ਤੇ ਵਿਸ਼ਵਕਰਮਾ ਦਿਵਸ
Saturday, Oct 21, 2017 - 07:20 AM (IST)
ਖਰੜ (ਅਮਰਦੀਪ) – ਖਰੜ ਵਿਖੇ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਲੋਕਾਂ ਦਾ ਮੰਦਰਾਂ-ਗੁਰਦੁਆਰਿਆਂ ਵਿਚ ਮੱਥਾ ਟੇਕਣ ਲਈ ਤਾਂਤਾ ਲੱਗਾ ਹੋਇਆ ਸੀ, ਬਾਜ਼ਾਰਾਂ ਵਿਚ ਖੂਬ ਰੌਣਕਾਂ ਦੇਖਣ ਨੂੰ ਮਿਲੀਆਂ। ਲੋਕ ਨਵੇਂ-ਨਵੇਂ ਕੱਪੜੇ ਪਾ ਕੇ ਬਾਜ਼ਾਰਾਂ ਵਿਚ ਖ੍ਰੀਦੋ-ਫਰੋਖਤ ਕਰ ਰਹੇ ਸਨ। ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ ਵਿਚ ਦੀਪਮਾਲਾ ਕੀਤੀ ਹੋਈ ਸੀ ਤੇ ਦੀਵਾਨ ਸਜਾਏ ਗਏ।
ਜਾਣਕਾਰੀ ਅਨੁਸਾਰ ਸ਼ਹਿਰ ਵਿਚ ਕੋਈ ਵੀ ਅਣਸੁਖਾਵੀਂ ਘਟਨਾ ਦੀਵਾਲੀ ਵਾਲੇ ਦਿਨ ਨਹੀਂ ਵਾਪਰੀ ਤੇ ਨਾ ਹੀ ਪਟਾਕਿਆਂ ਨਾਲ ਕੋਈ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮੋਹਾਲੀ, (ਨਿਆਮੀਆਂ)-ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਝੰਜੇੜੀ ਕਾਲਜ ਦੇ ਐੱਨ. ਸੀ. ਸੀ. ਵਿੰਗ ਦੇ ਵਿਦਿਆਰਥੀਆਂ ਨੇ ਦੀਵਾਲੀ ਦਾ ਦਿਹਾੜਾ ਦੇਸ਼ ਦੀ ਖਾਤਿਰ ਜਾਨ ਦੀ ਪ੍ਰਵਾਹ ਨਾ ਕਰਕੇ ਆਪਣੇ ਅੰਗ ਗੁਆਉਣ ਵਾਲੇ ਸੂਰਬੀਰਾਂ ਨਾਲ ਮਨਾਇਆ। ਮੋਹਾਲੀ ਦੇ ਪੈਰਾਪਲੈਜਿਕ ਰੀਹੈਬੀਟੇਸ਼ਨ ਸੈਂਟਰ ਵਿਚ ਕੈਡਿਟਸ ਨੇ ਆਪਣੀ ਦੀਵਾਲੀ ਦੀ ਸ਼ਾਮ ਬਿਤਾਉਂਦੇ ਹੋਏ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ। ਇਸ ਦੌਰਾਨ ਇਕ ਪ੍ਰੇਰਕ ਚਰਚਾ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਲੜਾਈਆਂ ਦੌਰਾਨ ਆਪਣੇ ਸਰੀਰ ਦੇ ਕੀਮਤੀ ਅੰਗ ਗੁਆਉਣ ਵਾਲੇ ਸੂਰਬੀਰ ਸੈਨਿਕਾਂ ਨੇ ਆਪਣੀ ਲੜਾਈ ਸਮੇਂ ਦੀ ਕਹਾਣੀ ਕੈਡਿਟਾਂ ਨਾਲ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਇਹ ਬਹਾਦਰ ਸਿਪਾਹੀ ਵ੍ਹੀਲ ਚੇਅਰ 'ਤੇ ਬੈਠਣ ਨੂੰ ਮਜਬੂਰ ਹਨ ਪਰ ਉਨ੍ਹਾਂ ਦੇ ਜਜ਼ਬੇ ਕਿਸੇ ਵੀ ਪਹਾੜ 'ਤੇ ਚੜ੍ਹਨ ਦੇ ਕਾਬਿਲ ਹਨ।
ਇਸ ਮੌਕੇ ਵੱਡੀ ਗਿਣਤੀ ਵਿਚ ਕੈਡਿਟਸ ਨੇ ਇਸ ਪ੍ਰੇਰਕ ਵਾਰਤਾ ਤੋਂ ਸਿੱਖਿਆ ਲੈ ਕੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੈਨਾ ਵਿਚ ਜਾ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲਿਆ। ਇਸ ਨਾਲ ਹੀ ਸਟੇਜ 'ਤੇ ਝੰਜੇੜੀ ਕਾਲਜ ਦੇ ਕੈਡਿਟਸ ਵਲੋਂ ਦੋ ਨਾਟਕ ਵੀ ਪੇਸ਼ ਕੀਤੇ ਗਏ, ਜੋ ਕਿ ਦੇਸ਼ ਭਗਤੀ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਨਾਲ ਸਬੰਧਤ ਸਨ।
ਸ੍ਰੀ ਚਮਕੌਰ ਸਾਹਿਬ, (ਕੌਸ਼ਲ)-ਇਸ ਸਾਲ ਵੀ ਜਿਥੇ ਦੀਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਇਆ, ਉਥੇ ਹੀ ਪਟਾਕਾ ਜਗਤ ਨੂੰ ਮਾਯੂਸ ਕਰ ਗਿਆ। ਇਸ ਇਲਾਕੇ ਦੇ ਵੱਖ-ਵੱਖ ਮੰਦਿਰਾਂ ਵਿਚ ਅੱਜ ਦੀ ਰਾਤ ਭਗਵਾਨ ਸ਼੍ਰੀ ਰਾਮ ਜੀ ਦੇ ਵਾਪਸ ਅਯੁੱਧਿਆ ਵਿਚ ਪੁੱਜਣ 'ਤੇ ਲੋਕਾਂ ਨੇ ਖੁਸ਼ੀ ਮਨਾਈ ਸੀ, ਜਿਸ ਕਾਰਨ ਉਦੋਂ ਤੋਂ ਹੀ ਹੁਣ ਤਕ ਅਸੀਂ ਦੀਵਾਲੀ ਮਨਾਉਂਦੇ ਆ ਰਹੇ ਹਾਂ ਤੇ ਦੀਵਾਲੀ ਦੀਆ ਰੌਣਕਾਂ ਇਸ ਇਲਾਕੇ ਵਿਚ ਪੂਰੇ ਜੋਬਨ 'ਤੇ ਰਹੀਆਂ। ਇਸੇ ਤਰ੍ਹਾਂ ਇਸ ਇਤਿਹਾਸਕ ਨਗਰੀ ਵਿਚ ਬੰਦੀਛੋੜ ਦਿਵਸ ਕਾਰਨ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਨੂੰ ਸਜਾਇਆ ਗਿਆ ਤੇ ਦੀਪਮਾਲਾ ਕੀਤੀ ਗਈ।
ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਸਦਕਾ ਪਟਾਕੇ ਚਲਾਉਣ 'ਤੇ ਪਾਬੰਦੀ ਹੋਣ ਕਾਰਨ ਲੋਕਾਂ ਨੇ ਨਿਰਧਾਰਤ ਸਮੇਂ 'ਤੇ ਹੀ ਪਟਾਕੇ ਚਲਾਏ ਪਰ ਇਸ ਵਾਰ ਪਟਾਕਾ ਵਿਕਰੇਤਾ ਨਿਰਾਸ਼ਾ ਦੇ ਆਲਮ ਵਿਚ ਹੀ ਰਹੇ। ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ ਥਾਂ ਨਿਰਧਾਰਤ ਕੀਤੀ ਗਈ ਸੀ ਤੇ ਨਿਯਮਾਂ ਮੁਤਾਬਿਕ ਹੀ ਪਟਾਕੇ ਵੇਚਣ ਲਈ ਕੁਝ ਹੀ ਵਿਅਕਤੀਆਂ ਨੂੰ ਇਜਾਜ਼ਤ ਦਿੱਤੀ ਗਈ ਪਰ ਫਿਰ ਵੀ ਚੋਰੀ-ਛਿਪੇ ਕੁਝ ਦੁਕਾਨਦਾਰਾਂ ਵਲੋਂ ਪਟਾਕੇ ਵੇਚਣ ਦੇ ਚਰਚੇ ਵੀ ਚੱਲਦੇ ਰਹੇ। ਇਸ ਵਾਰ ਲੋਕਾਂ ਦਾ ਦੇਸ਼ ਪਿਆਰ ਉਦੋਂ ਦੇਖਣ ਨੂੰ ਮਿਲਿਆ, ਜਦੋਂ ਚੀਨ ਦਾ ਬਣਿਆ ਹਰ ਸਾਮਾਨ ਲੋਕਾਂ ਨੇ ਨਕਾਰਿਆ। ਇਸੇ ਤਰ੍ਹਾਂ ਬੇਲਾ, ਬਹਿਰਾਮਪੁਰ, ਲੁਠੇੜੀ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।
ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)-ਸਾਰੇ ਹੀ ਧਰਮਾਂ ਵਲੋਂ ਮਨਾਇਆ ਜਾਂਦਾ ਦੀਵਾਲੀ ਦਾ ਤਿਉਹਾਰ ਇਲਾਕੇ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਤੇ ਬਾਜ਼ਾਰਾਂ ਵਿਚ ਵੀ ਕਾਫੀ ਰੌਣਕ ਦੇਖਣ ਨੂੰ ਮਿਲੀ। ਦੀਵਾਲੀ ਦੇ ਸ਼ੁੱਭ ਮੌਕੇ ਲੋਕਾਂ ਨੇ ਆਪਣੇ ਦੋਸਤਾਂ-ਮਿੱਤਰਾਂ ਤੋਂ ਇਲਾਵਾ ਜਾਣਕਾਰ ਉੱਚ ਅਧਿਕਾਰੀਆਂ ਤੇ ਅਫਸਰਾਂ ਨੂੰ ਵੀ ਵੱਖ-ਵੱਖ ਤਰ੍ਹਾਂ ਦੇ ਤੋਹਫੇ ਦੇ ਕੇ ਇਸਦੀ ਵਧਾਈ ਦਿੱਤੀ। ਸ਼ਾਮ ਨੂੰ ਲੋਕਾਂ ਵਲੋਂ ਗੁਰਦੁਆਰਿਆਂ ਤੇ ਮੰਦਰਾਂ ਵਿਚ ਜਾ ਕੇ ਦੀਵੇ ਜਗਾਏ ਗਏ, ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਲੋਕਾਂ ਨੇ ਘਰਾਂ ਵਿਚ ਮਾਂ ਲਕਸ਼ਮੀ ਦੀ ਪੂਜਾ ਕੀਤੀ। ਇਸ ਵਾਰ ਆਤਿਸ਼ਬਾਜੀ ਚਲਾਉਣ ਦਾ ਰੁਝਾਨ ਬਹੁਤ ਹੀ ਘੱਟ ਦਿਖਾਈ ਦਿੱਤਾ।
ਇਸ ਤੋਂ ਇਲਾਵਾ ਜੀ-2 ਅਸਟੇਟ ਵਿਖੇ ਵੀ ਨਵ ਗਠਿਤ ਸ਼੍ਰੀ ਰਾਮਲੀਲਾ ਕਮੇਟੀ ਵਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ, ਮੈਂਬਰਾਂ ਤੇ ਕਲਾਕਾਰਾਂ ਵਲੋਂ ਭਗਵਾਨ ਸ਼੍ਰੀ ਰਾਮ, ਮਾਂ ਲਕਸ਼ਮੀ ਦੀ ਪੂਜਾ ਕੀਤੀ ਗਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਜਿਥੇ ਰਾਮਲੀਲਾ ਦੀ ਸਟੇਜ 'ਤੇ ਦੀਪਮਾਲਾ ਕਰਕੇ ਆਤਿਸ਼ਬਾਜ਼ੀ ਚਲਾਈ ਗਈ, ਉਥੇ ਹੀ ਕਮੇਟੀ ਦੇ ਸਮੂਹ ਮੈਂਬਰਾਂ ਨੇ ਡੀ. ਜੇ. 'ਤੇ ਭੰਗੜਾ ਪਾ ਕੇ ਦੀਵਾਲੀ ਦਾ ਤਿਉਹਾਰ ਖੁਸ਼ੀ ਨਾਲ ਮਨਾਇਆ। ਇਸ ਮੌਕੇ ਮੁੱਖ ਸਰਪ੍ਰਸਤ ਦਲਜੀਤ ਸਿੰਘ ਗਿੱਲ, ਚੇਅਰਮੈਨ ਦਵਿੰਦਰ ਸਿੰਘ ਬਵੇਜਾ, ਸਰਪ੍ਰਸਤ ਸਤੀਸ਼ ਸਿੰਗਲਾ, ਨਰੇਸ਼ ਬਾਂਸਲ, ਰਾਜੇਸ਼ ਲੀਹਲ, ਮੋਹਣ ਲਾਲ, ਪ੍ਰਧਾਨ ਰਘਵੀਰ ਸੂਦ, ਸੀਨੀਅਰ ਉਪ ਪ੍ਰਧਾਨ ਸ਼ਿਵਚਰਨ ਸ਼ਰਮਾ, ਸੰਜੀਵ ਲੀਹਲ, ਉਪ ਪ੍ਰਧਾਨ ਮਨੋਜ ਬਾਂਸਲ, ਰਾਜੂ ਵਰਮਾ, ਬੱਬੂ ਜੁਨੇਜਾ, ਭਾਰਤ ਜੈਨ, ਭੂਸ਼ਣ ਜੈਨ, ਕ੍ਰਿਸ਼ਨ ਲਾਲ ਕਪੂਰ, ਪਵਨ ਮੱਕੜ, ਵਿੱਕੀ ਕਪੂਰ, ਸੋਨੂੰ ਸਚਦੇਵਾ, ਰਿੰਟੂ ਜੁਨੇਜਾ, ਨਰੇਸ਼ ਖੇੜਾ, ਵਿੱਕੀ ਕੌੜਾ, ਉਮੇਸ਼ ਕੁਮਾਰ, ਹਰੀਸ਼ ਕੁਮਾਰ, ਪਰਮਜੀਤ ਸਿੰਘ ਗਿੱਲ, ਪਰਮਿੰਦਰ ਸਿੰਘ ਕੰਗ, ਸੋਨੀ ਪਹਿਲਵਾਨ, ਲਕਸ਼ ਖਾਨ, ਵਿੱਕੀ ਆਹੂਜਾ, ਰਾਹੁਲ ਗਿਰਧਰ, ਅਕਸ਼ਿਤ ਜੁਨੇਜਾ, ਸੋਨੂੰ ਸ਼ਰਮਾ, ਜਗਦੀਸ਼ ਭੂਗੜਾ, ਸੁਭਾਸ਼ ਚੰਦਰ ਭੂਗੜਾ, ਰਾਜ ਕੁਮਾਰ ਵਰਮਾ, ਅੰਕਿਤ ਸੇਠੀ, ਸਲਿਲ ਸ਼ਰਮਾ ਤੇ ਸੋਨੂੰ ਭੂਗੜਾ ਵੀ ਮੌਜ਼ੂਦ ਸਨ।
ਖਮਾਣੋਂ, (ਅਰੋੜਾ)-ਫੋਟੋਗ੍ਰਾਫਰ ਐਸੋਸੀਏਸ਼ਨ ਖਮਾਣੋਂ ਨੇ ਪ੍ਰਧਾਨ ਦਲਜੀਤ ਮਾਲਵਾ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਦੀਵਾਲੀ ਮਨਾਈ। ਸੰਸਥਾ ਵਲੋਂ ਪਿੰਡ ਬਿਲਾਸਪੁਰ, ਨੰਗਲਾਂ, ਭੁੱਟਾ, ਹਵਾਰਾ, ਚੰਡਿਆਲਾ ਪਿੰਡਾਂ ਦੇ 13 ਲੋੜਵੰਦਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਨੂੰ ਮਠਿਆਈ ਤੇ ਨਕਦ ਰਾਸ਼ੀ ਦਿੱਤੀ ਗਈ। ਇਸ ਮੌਕੇ ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।
ਮੋਹਾਲੀ, (ਨਿਆਮੀਆਂ)-ਦੇਸ਼ ਭਗਤ ਯੂਨੀਵਰਸਿਟੀ ਵਿਖੇ ਆਈ. ਈ. ਡੀ. ਸੀ. ਵਿਭਾਗ 'ਦੀਵਾਲੀ ਫੇਟ' ਕਰਵਾਇਆ ਗਿਆ, ਜਿਸ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ. ਚਾਂਸਲਰ ਡਾ. ਤੇਜਿੰਦਰ ਕੌਰ ਨੇ ਇਸ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਥੇ ਮਨੋਰੰਜਨ ਤੇ ਜਾਣਕਾਰੀ ਦਾ ਜ਼ਰੀਆ ਬਣਦੇ ਹਨ, ਉਥੇ ਹੀ ਵਿਦਿਆਰਥੀਆਂ ਨੂੰ ਆਪਣੀ ਕਲਾ ਦਿਖਾਉਣ ਤੇ ਵਿਵਹਾਰਿਕ ਗਿਆਨ ਹਾਸਿਲ ਕਰਨ ਦਾ ਮੌਕਾ ਮਿਲਦਾ ਹੈ।
ਇਸ ਮੌਕੇ ਵੱਖ-ਵੱਖ ਫੈਕਲਟੀਆਂ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਸਬੰਧੀ ਡਾ. ਸ਼ਾਲਿਨੀ ਗੁਪਤਾ ਨੇ ਦੱਸਿਆ ਕਿ ਸਾਡਾ ਮਕਸਦ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਦੇ ਅੰਦਰ ਦੇ ਉੱਦਮੀ ਨੂੰ ਉਭਾਰਨਾ ਸੀ।
ਇਸ ਪ੍ਰੋਗਰਾਮ ਦਾ ਖ਼ਾਸ ਆਕਰਸ਼ਣ ਰਿਹਾ ਯੂਨੀਵਰਸਿਟੀ ਵਿਚ ਪੜ੍ਹ ਰਹੇ ਮਣੀਪੁਰੀ ਵਿਦਿਆਰਥੀਆਂ ਦਾ ਲੋਕ ਨਾਚ, ਹਰਿਆਣਵੀ ਲੋਕ ਨਾਚ, ਭੰਗੜਾ ਤੇ ਮਲਵੱਈ ਗਿੱਧਾ। ਫੇਟ ਦੌਰਾਨ ਵਿਦਿਆਰਥੀਆਂ ਵਲੋਂ ਤਿਆਰ ਵੱਖ-ਵੱਖ ਵਸਤੂਆਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਦੇਸ਼ ਭਗਤ ਯੂਨਾਈਟਿਡ ਦੇ ਵਾਈਸ ਪ੍ਰੈਜ਼ੀਡੈਂਟ ਇੰਜੀ. ਸੰਦੀਪ ਸਿੰਘ ਤੇ ਵੱਖ-ਵੱਖ ਫੈਕਲਟੀਆਂ ਦੇ ਸਟਾਫ ਮੈਂਬਰ ਹਾਜ਼ਰ ਸਨ।
ਮੋਹਾਲੀ, (ਨਿਆਮੀਆਂ)-ਵਿਸ਼ਵਕਰਮਾ ਦਿਵਸ ਮੌਕੇ ਅੱਜ ਫੇਜ਼-3ਬੀ1 ਵਿਚਲੇ ਰਾਮਗੜ੍ਹੀਆ ਭਵਨ 'ਚ ਪ੍ਰਾਈਵੇਟ ਠੇਕੇਦਾਰਾ ਯੂਨੀਅਨ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੂਰਤ ਸਿੰਘ ਕਲਸੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਪਰੰਤ ਬਾਬਾ ਵਿਸ਼ਵਕਰਮਾ ਜੀ ਦੀ ਪੂਜਾ ਕੀਤੀ ਗਈ। ਬਾਅਦ ਦੁਪਹਿਰ ਤਕ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਜਿਥੇ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ, ਉਥੇ ਬਾਬਾ ਵਿਸ਼ਵਕਰਮਾ ਜੀ ਦਾ ਇਤਿਹਾਸ ਵੀ ਸੁਣਾਇਆ ਗਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਚੰਦੂਮਾਜਰਾ ਵਲੋਂ ਆਪਣੇ ਅਖਤਿਆਰੀ ਕੋਟੇ 'ਚੋਂ ਪ੍ਰਾਈਵੇਟ ਠੇਕੇਦਾਰਾ ਯੂਨੀਅਨ ਨੂੰ 3 ਲੱਖ ਰੁਪਏ ਗਾਂ੍ਰਟ ਦੇਣ ਦਾ ਐਲਾਨ ਕੀਤਾ ਗਿਆ।
ਯੂਨੀਅਨ ਵਲੋਂ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ ਜਸਵੰਤ ਸਿੰਘ ਭੁੱਲਰ, ਮਨਮੋਹਨ ਸਿੰਘ ਸਲੈਚ ਤੇ ਜਸਵੀਰ ਸਿੰਘ ਭੰਵਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੂਰਤ ਸਿੰਘ ਕਲਸੀ ਨੇ ਦੱਸਿਆ ਕਿ ਅੱਜ ਦੇ ਦਿਨ ਸਾਰਾ ਕ੍ਰਿਤੀ ਸਮਾਜ ਆਪਣੇ ਔਜ਼ਾਰਾਂ ਦੀ ਪੂਜਾ ਕਰਦੇ ਹਨ ਤੇ ਆਉਣ ਵਾਲਾ ਸਾਰਾ ਸਾਲ ਚੰਗਾ ਬਤੀਤ ਹੋਵੇ, ਇਸ ਦੀ ਕਾਮਨਾ ਕਰਦੇ ਹਨ।
ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ, ਸਤਿੰਦਰ ਸਿੰਘ ਭੰਵਰਾ ਪ੍ਰਧਾਨ ਰਾਮਗੜ੍ਹੀਆ ਸਭਾ, ਦੀਦਾਰ ਸਿੰਘ ਕਲਸੀ, ਬਲਵਿੰਦਰ ਸਿੰਘ ਕਲਸੀ, ਰਾਜਬੰਸ ਸ਼ਰਮਾ ਤੇ ਲਖਬੀਰ ਸਿੰਘ ਆਦਿ ਹਾਜ਼ਰ ਸਨ।
ਮਾਛੀਵਾੜਾ ਸਾਹਿਬ, (ਟੱਕਰ, ਸਚਦੇਵਾ)-ਸ਼੍ਰੀ ਵਿਸ਼ਵਕਰਮਾ ਮੰਦਰ ਸਭਾ ਵਲੋਂ ਸਥਾਨਕ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਮਹਾਨ ਸ਼ਿਲਪਕਾਰ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਤੇ ਰਾਜ ਤਿਲਕ ਸਬੰਧੀ 65ਵਾਂ ਸਮਾਗਮ ਕਰਵਾਇਆ ਗਿਆ। ਸ਼੍ਰੀ ਵਿਸ਼ਵਕਰਮਾ ਸਭਾ ਵਲੋਂ ਸਥਾਨਕ ਵਿਸ਼ਵਕਰਮਾ ਮੰਦਰ ਵਿਚ ਕਰਵਾਏ ਗਏ ਧਾਰਮਿਕ ਸਮਾਰੋਹ ਵਿਚ ਤੜਕੇ ਚਾਰ ਵਜੇ ਮੰਦਰ ਵਿਚ ਸਥਿਤ ਪਵਿੱਤਰ ਮੂਰਤੀਆਂ ਨੂੰ ਇਸ਼ਨਾਨ ਕਰਵਾਏ ਗਏ ਤੇ ਹਵਨ ਯੱਗ ਵਿਚ ਆਹੂਤੀਆਂ ਪਾਈਆਂ ਗਈਆਂ। ਸ਼੍ਰੀ ਵਿਸ਼ਵਕਰਮਾ ਸਭਾ ਦੇ ਸਮੂਹ ਮੈਂਬਰਾਂ ਵਲੋਂ ਮੰਦਰ ਵਿਚ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਪੁੱਜੇ, ਜਿਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਜੀ ਦਾ ਆਸ਼ੀਰਵਾਦ ਲਿਆ ਤੇ ਲੰਗਰ ਦੀ ਸ਼ੁਰੂਆਤ ਕਰਵਾਈ। ਮੰਦਰ ਦੀ ਪ੍ਰਬੰਧਕ ਕਮੇਟੀ ਵਲੋਂ ਗੁਰੂ ਨਾਨਕ ਮੁਹੱਲੇ 'ਚ ਬਣੀ ਵਿਸ਼ਵਕਰਮਾ ਧਰਮਸ਼ਾਲਾ ਲਈ ਗ੍ਰਾਂਟ ਦੀ ਮੰਗ ਕਰਨ 'ਤੇ ਢਿੱਲੋਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦ ਹੀ ਇਮਾਰਤ ਦੇ ਨਿਰਮਾਣ ਲਈ ਸਰਕਾਰ ਤੋਂ ਵੱਧ ਤੋਂ ਵੱਧ ਗ੍ਰਾਂਟ ਦਿਵਾਉਣਗੇ। ਸਮਾਰੋਹ ਦੌਰਾਨ ਗਾਇਕਾਂ ਮਨਦੀਪ ਕੌਰ ਤੇ ਮਨਜੀਤ ਭੱਟੀ ਨੇ ਵਿਸ਼ਵਕਰਮਾ ਜੀ ਦੀ ਮਹਿਮਾ ਗਾ ਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।
ਇਸ ਤੋਂ ਇਲਾਵਾ ਪਿੰਡ ਗੜ੍ਹੀ ਤਰਖਾਣਾ ਵਿਖੇ ਵੀ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ, ਜਿਥੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਪੁੱਜ ਕੇ ਸੰਗਤਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੁੰਦਰਾ, ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਸਾਬਕਾ ਕੌਂਸਲਰ ਪਰਮਜੀਤ ਪੰਮੀ, ਵਿਜੈ ਕੁਮਾਰ ਚੌਧਰੀ, ਚੇਤਨ ਕੁਮਾਰ, ਸਤਨਾਮ ਸਿੰਘ ਝੜੌਦੀ, ਸੁਰਿੰਦਰ ਜੋਸ਼ੀ ਆਦਿ ਵੀ ਮੌਜੂਦ ਸਨ। ਇਸ ਤੋਂ ਇਲਾਵਾ ਮੰਦਰ ਕਮੇਟੀ ਦੇ ਪ੍ਰਧਾਨ ਮੋਹਣ ਲਾਲ, ਜਨਰਲ ਸਕੱਤਰ ਕਰਮਜੀਤ ਸਿੰਘ ਪੰਜੇਟਾ, ਖਜ਼ਾਨਚੀ ਗੁਰਦਿੱਤ ਕੁਮਾਰ ਸਹਾਰਨ, ਸੀਨੀਅਰ ਮੀਤ ਪ੍ਰਧਾਨ ਕਮਲਜੀਤ ਸਿੰਘ, ਗੁਦਰਸ਼ਨ ਸਿੰਘ ਲੀਹਲ, ਸਕੱਤਰ ਭੀਮ ਸਹਿਰਾਬ ਮੈਣ, ਸਹਾਇਕ ਖਜ਼ਾਨਚੀ ਹਰਪ੍ਰੀਤ ਸਿੰਘ ਅਭੈਪਾਲ, ਜੀਵਨ ਲੀਹਲ, ਦਲਵੀਰ ਚੰਦ, ਸਰਪ੍ਰਸਤ ਦੇਸ ਰਾਜ ਧੀਰ, ਦੇਸ ਰਾਜ ਲੀਹਲ, ਨਰੇਸ਼ ਕੁਮਾਰ ਲੀਹਲ, ਪ੍ਰੇਮ ਚੰਦ ਲੀਹਲ, ਭਗਤ ਰਾਮ ਲੀਹਲ, ਸੁਖਦੇਵ ਰਾਮ ਧੀਰ, ਰਾਜ ਕੁਮਾਰ ਸਹਾਰਨ, ਅਮਰ ਚੰਦ ਰੱਟੇ, ਲਕਸ਼ਮੀ ਨਰਾਇਣ ਮੈਣ ਆਦਿ ਵੀ ਮੌਜੂਦ ਸਨ।
