ਫਰਵਰੀ ਤੋਂ ਬਾਅਦ ਕਰਵਾਈਆਂ ਜਾਣਗੀਆਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ, ਆਫਲਾਈਨ ਮੋਡ ''ਚ ਪੈਣਗੇ ਪੇਪਰ

12/23/2020 10:02:11 AM

ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ) ਨੇ ਪ੍ਰੀਖਿਆਵਾਂ ਦੀ ਡੇਟਸ਼ੀਟ ਹੁਣ ਘੋਸ਼ਿਤ ਨਹੀਂ ਕੀਤੀ ਪਰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਦੇ ਬਾਅਦ ਕਰਵਾਈਆਂ ਜਾ ਸਕਦੀਆਂ ਹਨ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰੀਅਲ ਨਿਸ਼ੰਕ ਨੇ ਮੰਗਲਵਾਰ ਨੂੰ ਸਕੂਲੀ ਸਿੱਖਿਆ ਨਾਲ ਆਨਲਾਈਨ ਕਾਨਫਰੰਸ ਕਰਦੇ ਦੱਸਿਆ ਕਿ ਸੀ. ਬੀ. ਐੱਸ. ਈ ਦੀਆਂ ਪ੍ਰੀਖਿਆਵਾਂ ਰੱਦ ਨਹੀਂ ਹੋਣਗੀਆਂ।

ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਵਾਂ ਯਕੀਨੀ ਤੌਰ 'ਤੇ ਹੋਣਗੀਆਂ ਕਿਉਂਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਪ੍ਰੀਖਿਆਵਾਂ ਕਰਵਾਉਣਾ ਬਹੁਤ ਜ਼ਰੂਰੀ ਹੈ। ਨਿਸ਼ੰਕ ਨੇ ਕਿਹਾ ਕਿ ਜਨਵਰੀ-ਫਰਵਰੀ ਮਹੀਨੇ ਤੱਕ ਬੋਰਡ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਹੋਵੇਗਾ। ਫਰਵਰੀ ਦੇ ਬਾਅਦ ਪ੍ਰੀਖਿਆਵਾਂ ਕਦ ਕਰਵਾਈਆਂ ਜਾ ਸਕਦੀਆਂ ਹਨ, ਇਸ ’ਤੇ ਵਿਚਾਰ ਵਟਾਂਦਰਾ ਕਰਨਗੇ ਅਤੇ ਅੱਗੇ ਸੂਚਨਾ ਦਿੱਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੀ. ਬੀ. ਐੱਸ. ਈ ਦੇ ਲਗਭਗ 24 ਹਜ਼ਾਰ ਸਕੂਲ ਗ੍ਰਾਮੀਣ ਖੇਤਰਾਂ 'ਚ ਸਥਿਤ ਹਨ।

ਇਸ ਲਈ ਆਨਲਾਈਨ ਪ੍ਰੀਖਿਆਵਾਂ ਕਰਵਾਉਣਾ ਸੰਭਵ ਨਹੀਂ ਹੈ। ਇਕ ਅਧਿਆਪਕਾ ਨੇ ਪ੍ਰਸ਼ਨ ਪੁੱਛਿਆ, ਕੀ ਬੋਰਡ ਪ੍ਰੀਖਿਆ ਮੁਲਤਵੀ ਸੰਭਵ ਹੈ ? ਕੀ ਇਸ 'ਚ ਤਿੰਨ ਮਹੀਨੇ ਦੀ ਦੇਰੀ ਹੋ ਸਕਦੀ ਹੈ ? ਇਸ ਦੇ ਜਵਾਬ 'ਚ ਸਿੱਖਿਆ ਮੰਤਰੀ ਨਿਸ਼ੰਕ ਨੇ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਦੇ ਨਾਲ ਹੈ। ਅਸੀਂ ਲਗਾਤਾਰ ਵਿਦਿਆਰਥੀਆਂ ਦੇ ਨਾਲ ਗੱਲ ਕਰ ਰਹੇ ਹਾਂ। ਅਸੀਂ ਕੋਰੋਨਾ ਕਾਲ 'ਚ ਜੇ. ਈ. ਈ ਮੇਨ ਅਤੇ ਨੀਟ ਵਰਗੀਆਂ ਵੱਡੀਆਂ ਪ੍ਰੀਖਿਆਵਾਂ ਕਰਵਾਈਆਂ ਹਨ। ਜਨਵਰੀ-ਫਰਵਰੀ 'ਚ ਬੋਰਡ ਪ੍ਰੀਖਿਆਵਾਂ ਨਹੀਂ ਹੋਣਗੀਆਂ। ਫਰਵਰੀ ਮਹੀਨੇ ਤੱਕ ਇਸ ਨੂੰ ਕਰਵਾਉਣਾ ਸੰਭਵ ਨਹੀਂ ਹੋਵੇਗਾ।

ਫਰਵਰੀ ਦੇ ਬਾਅਦ ਪ੍ਰੀਖਿਆਵਾਂ ਕਦ ਕਰਵਾਈਆਂ ਜਾ ਸਕਦੀਆਂ ਹਨ, ਇਸ ’ਤੇ ਮੰਥਨ ਕਰਨਗੇ, ਅੱਗੇ ਸੂਚਨਾ ਦਿੱਤੀ ਜਾਵੇਗੀ ਅਤੇ ਲਗਾਤਾਰ ਗੱਲ ਚੱਲ ਰਹੀ ਹੈ, ਉਮੀਦ ਹੈ ਕਿ ਅਗਲੇ ਮਹੀਨੇ ਮਤਲਬ ਜਨਵਰੀ ਦੇ ਪਹਿਲੇ ਹਫ਼ਤੇ ’ਚ ਸੀ. ਬੀ. ਐੱਸ. ਈ ਪ੍ਰੀਖਿਆ ਮਿਤੀ ਜਾਰੀ ਕਰ ਦੇਵੇਗਾ। ਜਿਵੇਂ ਕਿ ਕੇਂਦਰੀ ਸਿੱਖਿਆ ਮੰਤਰੀ ਨੇ ਸੰਕੇਤ ਦਿੱਤਾ ਹੈ ਕਿ ਪ੍ਰੀਖਿਆ ਫਰਵਰੀ ਦੇ ਬਾਅਦ ਕਰਵਾਉਣ ਦਾ ਵਿਚਾਰ ਕੀਤਾ ਜਾਵੇਗਾ। ਇਸ ਹਿਸਾਬ ਨਾਲ ਦੇਖੀਏ ਤਾਂ ਇਸ ਸਾਲ ਬੋਰਡ ਪ੍ਰੀਖਿਆਵਾਂ ਮਾਰਚ 'ਚ ਕਿਸੇ ਵੀ ਤਾਰੀਖ਼ ਤੋਂ ਸ਼ੁਰੂ ਕਰਵਾਈਆਂ ਜਾ ਸਕਦੀਆਂ ਹਨ ਭਾਂਵੇ ਕਿ ਸੀ. ਬੀ. ਐੱਸ. ਈ ਪ੍ਰੀਖਿਆ 2021 ਡੇਟਸ਼ੀਟ/ਸ਼ੈਡਿਊਲ ਜਾਰੀ ਹੋਣ ਦੇ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ। ਕੇਂਦਰੀ ਸਿੱਖਿਆ ਮੰਤਰੀ ਨਿਸ਼ੰਕ ਨੇ ਇਸ ਮੌਕੇ ’ਤੇ ਕਈ ਅਧਿਆਪਕਾਂ ਦੇ ਸਵਾਲਾਂ ਨੂੰ ਲਿਆ ਅਤੇ ਆਨਲਾਈਨ ਕਲਾਸਾਂ ਅਤੇ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਸ਼ੱਕ ਦਾ ਹੱਲ ਵੀ ਕੀਤਾ।
 


Babita

Content Editor

Related News