ਪੇਪਰਾਂ ਤੋਂ ਪਹਿਲਾਂ ਸੀ. ਬੀ. ਐੱਸ. ਈ. ਵਲੋਂ ਸਖ਼ਤੀ, ਨਵੇਂ ਹੁਕਮ ਜਾਰੀ
Friday, Feb 14, 2025 - 11:22 AM (IST)
![ਪੇਪਰਾਂ ਤੋਂ ਪਹਿਲਾਂ ਸੀ. ਬੀ. ਐੱਸ. ਈ. ਵਲੋਂ ਸਖ਼ਤੀ, ਨਵੇਂ ਹੁਕਮ ਜਾਰੀ](https://static.jagbani.com/multimedia/2025_2image_11_21_568218065182.jpg)
ਲੁਧਿਆਣਾ (ਵਿੱਕੀ) : 15 ਫਰਵਰੀ ਤੋਂ ਸ਼ੁਰੂ ਹੋ ਰਹੀਆਂ ਸੀ. ਬੀ. ਐੱਸ. ਈ. 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਲਈ ਬੋਰਡ ਵਲੋਂ ਵੱਖ-ਵੱਖ ਡਿਊਟੀਆਂ ’ਤੇ ਨਿਯੁਕਤ ਕੀਤੇ ਗਏ ਸਕੂਲਾਂ ਦੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਇਹ ਖ਼ਬਰ ਬਹੁਤ ਮਹੱਤਵਪੂਰਨ ਹੈ। ਦਰਅਸਲ ਬੋਰਡ ਨੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਡਿਊਟੀ ’ਤੇ ਤਾਇਨਾਤ ਕਿਸੇ ਵੀ ਕਰਮਚਾਰੀ ਦੀ ਡਿਊਟੀ ਨਾ ਤਾਂ ਬਦਲੀ ਜਾਵੇਗੀ ਅਤੇ ਨਾ ਹੀ ਕੱਟੀ ਜਾਵੇਗੀ। ਸੀ. ਬੀ. ਐੱਸ. ਈ. ਦੇ ਰਿਜਨਲ ਅਧਿਕਾਰੀ ਰਾਜੇਸ਼ ਗੁਪਤਾ ਨੇ ਉਕਤ ਹੁਕਮਾਂ ਸਬੰਧੀ ਸਾਰੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਬੋਰਡ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਚ ਸੈਂਟਰ ਸੁਪਰਡੈਂਟ, ਆਬਜ਼ਰਵਰ, ਫਲਾਇੰਗ ਸਕੁਐਡ, ਹੈੱਡ ਐਗਜ਼ਾਮੀਨਰ ਦੇ ਤੌਰ ’ਤੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਪਰ ਪ੍ਰੀਖਿਆ ਡਿਊਟੀ ਲੱਗਣ ਤੋਂ ਬਾਅਦ ਕਈ ਅਧਿਆਪਕਾਂ ਨੇ ਇਸ ਡਿਊਟੀ ਤੋਂ ਬਚਣ ਲਈ ਬੋਰਡ ਨੂੰ ਕਈ ਤਰ੍ਹਾਂ ਦੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਚੁੱਕਿਆ ਗਿਆ ਵੱਡਾ ਕਦਮ, ਦਿੱਤੀ ਗਈ ਚਿਤਾਵਨੀ
ਇਹ ਦੱਸਿਆ ਗਿਆ ਹੈ ਕਿ ਕਈਆਂ ਨੇ ਆਪਣੇ ਨਿੱਜੀ ਮੁੱਦਿਆਂ, ਡਾਕਟਰੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਬਿਨਾਂ ਕਿਸੇ ਸਹਾਇਕ ਦਸਤਾਵੇਜ਼ਾਂ ਤੋਂ ਡਿਊਟੀ ਬਦਲਣ ਜਾਂ ਰੱਦ ਕਰਨ ਦੀ ਬੇਨਤੀ ਕੀਤੀ ਹੈ, ਜਦਕਿ ਕਈਆਂ ਨੇ ਸਿਫਾਰਸ਼ਾਂ ਰਾਹੀਂ ਆਪਣੀ ਡਿਊਟੀ ਘਟਾਉਣ ਜਾਂ ਬਦਲਣ ਦੀ ਬੇਨਤੀ ਕੀਤੀ ਹੈ ਪਰ ਸੀ. ਬੀ. ਐੱਸ. ਈ. ਨੇ ਅਜਿਹੀਆਂ ਸਾਰੀਆਂ ਅਰਜ਼ੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਵਿਅਕਤੀ ਨੂੰ ਜਿਥੇ ਵੀ ਸੌਂਪੀ ਗਈ ਹੈ, ਉਸ ਨੂੰ ਆਪਣੀ ਡਿਊਟੀ ਕਰਨੀ ਪਵੇਗੀ। ਇਸ ਨੂੰ ਨਾ ਤਾਂ ਹੁਣ ਕੱਟਿਆ ਜਾਵੇਗਾ ਅਤੇ ਨਾ ਹੀ ਬਦਲਿਆ ਜਾਵੇਗਾ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ Good News, ਆਖਿਰ ਮਿਲ ਗਈ ਵੱਡੀ ਖ਼ੁਸ਼ਖਬਰੀ
ਸਿਰਫ ਸਿਵਲ ਸਰਜਨ ਦੁਆਰਾ ਪ੍ਰਮਾਣਿਤ ਮੈਡੀਕਲ ਸਰਟੀਫਿਕੇਟ ਵਾਲੀਆਂ ਅਰਜ਼ੀਆਂ ’ਤੇ ਹੀ ਕੀਤਾ ਜਾਵੇਗਾ ਵਿਚਾਰ
ਪੱਤਰ ’ਚ ਸਪੱਸ਼ਟ ਤੌਰ ’ਤੇ ਕਿਹਾ ਗਿਆ ਹੈ ਕਿ ਅਜਿਹੀ ਸਥਿਤੀ ਨੂੰ ਸਿਰਫ ਜਾਇਜ਼ ਮੈਡੀਕਲ ਕਾਰਨ ਜਾਂ ਐਮਰਜੈਂਸੀ ਮੈਡੀਕਲ ਆਧਾਰ ’ਤੇ ਹੀ ਮੰਨਿਆ ਜਾਵੇਗਾ ਪਰ ਇਸ ਲਈ ਵੀ ਸਿਵਲ ਸਰਜਨ ਵਲੋਂ ਪ੍ਰਮਾਣਿਤ ਸਰਟੀਫਿਕੇਟ ਹੀ ਜਾਇਜ਼ ਹੋਵੇਗਾ। ਜੇਕਰ ਕੋਈ ਸਟਾਫ ਡਿਊਟੀ ਅਲਾਟ ਕੀਤੇ ਜਾਣ ਤੋਂ ਪਹਿਲਾਂ ਕਿਸੇ ਜਾਇਜ਼ ਕਾਰਨ ਕਰ ਕੇ ਮੈਡੀਕਲ ਛੁੱਟੀ ’ਤੇ ਹੈ, ਤਾਂ ਉਸ ਨੂੰ ਛੋਟ ਦਿੱਤੀ ਜਾ ਸਕਦੀ ਹੈ ਪਰ ਇਸ ਲਈ ਸਕੂਲ ਤੋਂ ਉਸ ਦਾ ਮੈਡੀਕਲ ਰਿਕਾਰਡ ਵੀ ਦੇਖਿਆ ਜਾਵੇਗਾ। ਬੋਰਡ ਦੇ ਅਧਿਕਾਰੀ ਨੇ ਕਿਹਾ ਹੈ ਕਿ ਜੇਕਰ ਡਿਊਟੀ ’ਤੇ ਕਿਸੇ ਸਟਾਫ ਦਾ ਕੋਈ ਰਿਸ਼ਤੇਦਾਰ ਜਾਂ ਨਜ਼ਦੀਕੀ ਉਸੇ ਪ੍ਰੀਖਿਆ ਕੇਂਦਰ ’ਚ ਪ੍ਰੀਖਿਆ ਦੇ ਰਿਹਾ ਹੈ, ਤਾਂ ਉਸ ਨੂੰ ਪਹਿਲਾਂ ਹੀ ਸੀ. ਬੀ. ਐੱਸ. ਈ. ਨੂੰ ਸੂਚਿਤ ਕਰਨਾ ਹੋਵੇਗਾ। ਰਿਜਨਲ ਅਧਿਕਾਰੀ, ਸੀ. ਬੀ. ਈ . ਚੰਡੀਗੜ੍ਹ ਰਾਜੇਸ਼ ਗੁਪਤਾ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਸਬੰਧੀ ਜਾਰੀ ਹਦਾਇਤਾਂ ਦੀ ਹਰ ਹਾਲਤ ’ਚ ਪਾਲਣਾ ਕਰਨਾ ਜ਼ਰੂਰੀ ਹੈ। ਜੇਕਰ ਕਿਤੇ ਵੀ ਕੋਈ ਅਣਗਹਿਲੀ ਪਾਈ ਜਾਂਦੀ ਹੈ ਤਾਂ ਸਕੂਲ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਧਿਆਪਕ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਹਾਈਵੇਅ 'ਤੇ ਬਣੇ 25 ਫੁੱਟੇ ਉੱਚੇ ਪੁਲ ਤੋਂ ਥੱਲੇ ਡਿੱਗਾ ਟਰਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e