ਕੁੱਟਮਾਰ ਦੇ ਕੇਸ ‘ਚ ਅਦਾਲਤ ਵਲੋਂ ਵਿਸ਼ਾਲ ਸਿਡਾਨਾ ਸਮੇਤ 4 ਦੋਸ਼ੀ ਕਰਾਰ
Friday, Feb 07, 2025 - 10:13 PM (IST)
ਜਗਰਾਓਂ, (ਮਾਲਵਾ)- ਮਾਨਯੋਗ ਅਦਾਲਤ ਵਲੋਂ ਲੜਾਈ ਝਗੜੇ ਦੇ ਦੋਸ਼ਾ ‘ਚ 6 ਮੁਲਜਮਾਂ ਨੂੰ 6 ਮਹੀਨੇ ਦੀ ਕੈਦ ਅਤੇ ਨਗਦ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।
ਪੁਲਸ ਸਟੇਸ਼ਨ ਸਿਟੀ ਜਗਰਾਓਂ ਵਲੋਂ ਐੱਫ.ਆਈ.ਆਰ. ਨੰਬਰ 93/2017 ਵਿਚ ਆਈ.ਪੀ.ਸੀ ਦੀ ਧਾਰਾ 324, 120-ਬੀ, 148, 149 ਮੁਕੱਦਮਾ ਦਰਜ ਕੀਤਾ ਗਿਆ ਸੀ। ਕੋਰਟ ਆਰਡਰ ਅਨੁਸਾਰ 15/04/2017 ਨੂੰ ਰਾਤ 08:45 ਵਜੇ ਪੀ.ਐੱਸ. ਸਿਟੀ ਜਗਰਾਓਂ ਦੇ ਖੇਤਰ ਵਿਚ ਗੈਰ-ਕਾਨੂੰਨੀ ਸਮੂਹ ਦੇ ਮੈਂਬਰਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਨਰਿੰਦਰ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰੀਆਂ।
ਇਨ੍ਹਾਂ ਦੋਸ਼ਾਂ 'ਤੇ ਐੱਫ.ਆਈ.ਆਰ ਦਰਜ ਕੀਤੀ ਗਈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਧਾਰਾ 161 ਸੀ.ਆਰ.ਪੀ.ਸੀ. ਦੇ ਤਹਿਤ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। ਇਸ ਦੌਰਾਨ ਦੋਸ਼ੀ ਜਸਪਾਲ ਸਿੰਘ ਗੈਰ ਹਾਜ਼ਰ ਰਿਹਾ ਅਤੇ ਉਸਨੂੰ ਮਾਣਯੋਗ ਕੋਰਟ ਵਲੋਂ 29/09/2018 ਦੇ ਹੁਕਮ ਅਨੁਸਾਰ ਪੀ.ਓ. ਘੋਸ਼ਿਤ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਦੋਸ਼ੀ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ 03/11/2018 ਦੇ ਹੁਕਮ ਦੁਆਰਾ ਉਸਦੀ ਕਾਰਵਾਈ ਨੂੰ ਰੱਦ ਕਰ ਦਿੱਤਾ ਗਿਆ ਸੀ।
ਦੋਸ਼ੀ ਪੱਤਰਕਾਰ ਵਿਸ਼ਾਲ ਸਿਡਾਨਾ ਨੂੰ ਧਾਰਾ 319 ਸੀ.ਆਰ.ਪੀ.ਸੀ. ਦੇ ਤਹਿਤ ਵਜੋਂ ਸੰਮਨ ਕੀਤਾ ਗਿਆ ਸੀ ਅਤੇ ਆਈ.ਪੀ.ਸੀ ਦੀ ਧਾਰਾ 324, 148, 149 ਤਹਿਤ ਚਾਰਜ ਲਗਾਇਆ ਗਿਆ ਸੀ। ਮਾਣਯੋਗ ਕੋਰਟ ਨੇ ਸੁਣਵਾਈ ਤੋਂ ਬਾਅਦ ਫੈਸਲਾ ਕੀਤਾ ਕਿ ਦੋਸ਼ੀ ਸੰਦੀਪ ਕੁਮਾਰ, ਪਰਵੀਨ ਕੁਮਾਰ, ਪ੍ਰਦੀਪ ਕੁਮਾਰ, ਪੱਤਰਕਾਰ ਵਿਸ਼ਾਲ ਸਿਡਾਨਾ ਨੇ ਗੰਭੀਰ ਅਪਰਾਧ ਕੀਤਾ ਹੈ।
ਮਾਨਯੋਗ ਜੱਜ ਕਰਨਦੀਪ ਕੌਰ ਸਬ ਡਵੀਜਨਲ ਜੁਡੀਸ਼ੀਅਲ ਮੈਜਿਸਟਰੇਟ ਜਗਰਾਓਂ ਦੀ ਅਦਾਲਤ ਨੇ ਉਕਤ ਦੋਸ਼ੀਆਂ ਨੂੰ ਧਾਰਾ 323 ਤਹਿਤ 6 ਮਹੀਨੇ ਕੈਦ ਅਤੇ 1000 ਰੁਪਏ ਨਗਦ ਜੁਰਮਾਨਾ ਅਤੇ ਧਾਰਾ 148, 149 ਤਹਿਤ 6 ਮਹੀਨੇ ਕੈਦ ਅਤੇ 1000 ਰੁਪਏ ਨਗਦ ਜੁਰਮਾਨਾ ਲਗਾਇਆ ਹੈ।