ਮਨੁੱਖੀ ਤਸਕਰੀ ਮਾਮਲੇ ''ਚ CBI ਵਲੋਂ 3 ਏਜੰਟ ਨਾਮਜਦ, ਕਪੂਰਥਲਾ ਦੇ ਬੱਚੇ ਅਜੇ ਵੀ ਲਾਪਤਾ

12/30/2017 11:31:49 AM

 ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਮਨੁੱਖੀ ਤਸਕਰੀ ਦੇ ਸਬੰਧ 'ਚ ਇਕ ਮਾਮਲਾ ਦਰਜ ਕੀਤਾ ਹੈ। ਇਹ ਮਾਮਲੇ 'ਚ 3 ਏਜੰਟਾਂ ਦੇ ਖਿਲਾਫ ਦਰਜ ਕੀਤਾ ਗਿਆ ਹੈ ਜਿਨ੍ਹਾਂ ਨੇ ਬੀਤੇ ਸਾਲ ਰਗਬੀ ਟ੍ਰੇਨਿੰਗ ਸੈਸ਼ਨ ਦੇ ਬਹਾਨੇ 25 ਬੱਚਿਆਂ ਨੂੰ ਫਰਾਂਸ 'ਚ ਛੱਡ ਦਿੱਤਾ ਸੀ। ਸੀ.ਬੀ.ਆਈ. ਦੇ ਧਿਆਨ 'ਚ ਇਹ ਮਾਮਲਾ ਉਸ ਸਮੇਂ ਆਇਆ ਜਦੋਂ ਫ੍ਰੈਂਚ ਜਾਂਚਕਰਤਾਵਾਂ ਨੇ ਇਨ੍ਹਾਂ 25 ਬੱਚਿਆਂ 'ਚੋਂ ਇਕ ਬੱਚਾ ਫੜ ਲਿਆ ਅਤੇ ਮਾਮਲੇ ਦੀ ਜਾਣਕਾਰੀ ਇੰਟਰਪੋਲ ਨੂੰ ਦਿੱਤੀ। ਇੰਟਰਪੋਲ ਤੋਂ ਸੂਚਨਾ ਮਿਲਣ 'ਤੇ ਸੀ. ਬੀ. ਆਈ ਨੇ ਸ਼ੱਕੀ ਮਨੁੱਖੀ ਤਸਕਰੀ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਦਿੱਲੀ ਅਤੇ ਫਰੀਦਾਬਾਦ ਦੇ 3 ਏਜੰਟਾਂ ਲਲੀਤ ਡੇਵਿਡ ਡੀ, ਸੰਜੀਵ ਰਾਜ ਅਤੇ ਵਰੁਣ ਚੌਧਰੀ ਅਤੇ ਹੋਰਾਂ ਖਿਲਾਫ ਅਪਰਾਧਿਕ ਸਾਜ਼ਿਸ਼ ਰਚਣ, ਮਨੁੱਖੀ ਤਸਕਰੀ, ਫਰਜ਼ੀਵਾੜਾ, ਧੋਖਾਧੜੀ, ਆਦਿ ਦੋਸ਼ਾਂ ਤਹਿਤ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ਼ ਕਰ ਲਿਆ ਹੈ।
ਸੀ.ਬੀ.ਆਈ. ਦੇ ਬੁਲਾਰੇ ਅਭਿਸ਼ੇਕ ਦਿਆਲ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਰਗਬੀ ਟ੍ਰੇਨਿੰਗ ਸੈਸ਼ਨ ਲਈ ਫਰਾਂਸ ਲਿਜਾਣ ਤੇ ਲਿਆਉਣ ਲਈ 25 ਤੋਂ 30 ਲੱਖ ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵਸੂਲ ਕੀਤੇ ਸਨ। ਇਨ੍ਹਾਂ ਬੱਚਿਆਂ ਦੀ ਉਮਰ 13 ਤੋਂ 18 ਸਾਲ ਦੇ ਵਿਚਕਾਰ ਸੀ ਤੇ ਇਹ ਬੱਚੇ ਦਿੱਲੀ, ਹਰਿਆਣਾ ਤੇ ਪੰਜਾਬ ਦੇ ਕਪੂਰਥਲਾ ਨਾਲ ਸੰਬੰਧਤ ਸਨ। ਮਾਪਿਆਂ ਨੂੰ ਭਰੋਸੇ 'ਚ ਲੈਣ ਲਈ ਏਜੰਟਾਂ ਨੇ ਇਕ ਰਗਬੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਭਾਰਤ 'ਚ ਵੀ ਕੀਤਾ ਸੀ, ਜਿਸ ਦੌਰਾਨ ਇਨ੍ਹਾਂ 25 ਬੱਚਿਆਂ ਨੂੰ ਫਰਾਂਸ ਲੈ ਕੇ ਜਾਣ ਲਈ ਚੁਣਿਆ ਗਿਆ। ਇਨ੍ਹਾਂ ਏਜੰਟਾਂ ਨੇ ਫਰਾਂਸ ਤੋਂ ਕਥਿਤ ਤੌਰ 'ਤੇ ਰਗਬੀ ਮੈਚਾਂ ਲਈ ਸੱਦਾ-ਪੱਤਰ ਖਰੀਦਿਆ ਸੀ, ਜਿਸ ਦੇ ਆਧਾਰ 'ਤੇ ਉਨ੍ਹਾਂ ਨੇ ਫ੍ਰੈਂਚ ਅੰਬੈਸੀ ਤੋਂ ਵੀਜ਼ਾ ਅਤੇ ਟਿਕਟਾਂ ਬੁੱਕ ਕਰਵਾਈਆਂ ਸਨ। ਇਸ ਤੋਂ ਬਾਅਦ ਫਰਵਰੀ 2016 'ਚ 25 ਬੱਚੇ ਫਰਾਂਸ ਭੇਜੇ ਗਏ, ਜਿੱਥੇ ਉਨ੍ਹਾਂ ਨੂੰ ਏਜੰਟਾਂ ਜਾਂ ਉਨ੍ਹਾਂ ਦੇ ਲੋਕਾਂ ਵਲੋਂ ਇਕ ਗੁਰਦੁਆਰੇ 'ਚ ਛੱਡ ਦਿੱਤਾ ਗਿਆ। 
ਇਸ ਦੌਰਾਨ ਬੱਚਿਆਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਏਜੰਟਾਂ ਕੋਲ ਹੀ ਸਨ ਅਤੇ ਜਿਸ ਕਾਰਨ ਏਜੰਟਾਂ ਨੇ ਬੱਚਿਆਂ ਅਤੇ ਉਨ੍ਹਾਂ ਦੀਆਂ ਫਰਾਂਸ ਤੋਂ ਵਾਪਸੀ ਟਿਕਟਾਂ ਰੱਦ ਕਰਵਾ ਦਿੱਤੀਆਂ ਪਰ ਟਿਕਟਾਂ ਰੱਦ ਹੋਣ ਤੋਂ ਪਹਿਲਾਂ ਹੀ ਕਿਸੇ ਤਰੀਕੇ 2 ਬੱਚੇ ਭਾਰਤ ਪਰਤ ਆਏ। 2017 'ਚ ਬਾਕੀ 23 ਬੱਚਿਆਂ 'ਚੋਂ ਇਕ ਬੱਚਾ ਫਰਾਂਸ ਦੀ ਪੁਲਸ ਦੇ ਹੱਥੇ ਚੜ੍ਹ ਗਿਆ, ਜਿਸ ਨੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦੇ ਦਿੱਤੀ, ਜਿਸ ਤੋਂ ਬਾਅਦ ਫਰਾਂਸ ਦੀ ਪੁਲਸ ਤੁਰੰਤ ਹਰਕਤ 'ਚ ਆ ਗਈ। ਅੰਤਰਰਾਸ਼ਟਰੀ ਮਾਮਲਾ ਹੋਣ ਕਾਰਨ ਫਰਾਂਸ ਪੁਲਸ ਨੇ ਸਾਰੀ ਜਾਣਕਾਰੀ ਇੰਟਰਪੋਲ ਨੂੰ ਦੇ ਦਿੱਤੀ। ਇੰਟਰਪੋਲ ਰਾਹੀਂ ਜਾਣਕਾਰੀ ਮਿਲਣ ਤੋਂ ਬਾਅਦ ਸੀ.ਬੀ.ਆਈ. ਚੌਕਸ ਹੋ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਫਰਾਂਸ ਪੁਲਸ ਵੀ ਇਨ੍ਹਾਂ ਲਾਪਤਾ 22 ਬੱਚਿਆਂ ਦੀ ਭਾਲ 'ਚ ਲੱਗੀ ਹੋਈ ਹੈ।


Related News