ਪੰਜਾਬ : ਡੋਲੀ ਵਿਦਾ ਹੋਣ ਮਗਰੋਂ ਲਾੜੀ ਦੇ ਪੇਕੇ ਘਰ ਚੱਲੀਆਂ ਤਾਬੜਤੋੜ ਗੋਲੀਆਂ, ਲਾੜੇ ਦੇ ਭਰਾ ਨੇ...
Monday, Nov 02, 2026 - 02:04 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਤਾਜਪੁਰ ਰੋਡ ਸਥਿਤ ਨਿਊ ਸਰਪੰਚ ਕਾਲੋਨੀ 'ਚ ਵਿਆਹ ਦੇ ਕੁੱਝ ਹੀ ਘੰਟਿਆਂ ਬਾਅਦ ਲਾੜੇ ਦੇ ਛੋਟੇ ਭਰਾ ਵਲੋਂ ਉਸ ਦੇ ਸਹੁਰੇ ਪਰਿਵਾਰ ਦੇ ਘਰ ਖੂਨੀ ਤਾਂਡਵ ਮਚਾਉਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਿਨ 'ਚ ਡੀ. ਜੇ. 'ਤੇ ਨੱਚਣ ਦੌਰਾਨ ਲਾੜੀ ਦੇ ਮਾਮੇ ਨਾਲ ਹੋਈ ਬਹਿਸ ਦੀ ਰੰਜਿਸ਼ ਲੈ ਕੇ ਲਾੜੇ ਦਾ ਛੋਟਾ ਭਰਾ ਦੇਰ ਰਾਤ 20 ਤੋਂ 25 ਹਥਿਆਰਬੰਦ ਗੁੰਡਿਆਂ ਨਾਲ ਉਸ ਦੇ ਸਹੁਰੇ ਘਰ ਆ ਵੜਿਆ ਅਤੇ ਅੰਨ੍ਹੇਵਾਹ ਪਥਰਾਅ ਕੀਤਾ, ਤੋੜ-ਭੰਨ ਕੀਤੀ ਅਤੇ ਤਾਬੜਤੋੜ ਗੋਲੀਆਂ ਚਲਾਈਆਂ। ਇਸ ਹਮਲੇ ਦੌਰਾਨ ਲਾੜੀ ਦਾ ਪਿਤਾ ਜ਼ਖਮੀ ਹੋ ਗਿਆ, ਜਦੋਂ ਕਿ ਘਰ ਦੇ ਬਾਹਰ ਖੜ੍ਹੇ ਵਾਹਨ ਵੀ ਨੁਕਸਾਨੇ ਗਏ। ਵਾਰਦਾਤ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਮਿਹਰਬਾਨ ਦੀ ਪੁਲਸ ਨੇ ਮੌਕੇ 'ਤੇ .30 ਬੌਰ ਦੇ 12 ਖ਼ਾਲੀ ਕਾਰਤੂਸ ਬਰਾਮਦ ਕਰਕੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਮਿਹਰਬਾਨ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਿਊ ਸਰਪੰਚ ਕਾਲੋਨੀ ਵਾਸੀ ਮੁਹੰਮਦ ਅਨਵਰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਦੀ ਧੀ ਦਾ ਨਿਕਾਹ ਹੋਇਆ ਸੀ। ਦੁਪਹਿਰ ਦੇ ਸਮੇਂ ਘਰ ਬਾਹਰ ਡੀ. ਜੇ. ਵੱਜ ਰਿਹਾ ਸੀ ਅਤੇ ਬਰਾਤੀ ਨੱਚ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ ਅਸਤੀਫ਼ਾ ਦੇਣ ਵਾਲੇ 3 ਵਿਧਾਇਕ ਭਾਜਪਾ 'ਚ ਸ਼ਾਮਲ
ਇਸ ਦੌਰਾਨ ਲਾੜੇ ਦੇ ਛੋਟੇ ਭਰਾ ਸਮੀਰ ਅਤੇ ਲਾੜੀ ਦੇ ਮਾਮੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਿੱਖੀ ਤਕਰਾਰ ਹੋ ਗਈ। ਝਗੜਾ ਇੰਨਾ ਵੱਧ ਗਿਆ ਕਿ ਮੁਹੰਮਦ ਅਨਵਰ ਅਤੇ ਹੋਰ ਰਿਸ਼ਤੇਦਾਰਾਂ ਨੇ ਵਿੱਚ-ਬਚਾਅ ਕੀਤਾ ਅਤੇ ਦੋਹਾਂ ਧਿਰਾਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਤੋਂ ਬਾਅਦ ਨਿਕਾਹ ਦੀਆਂ ਬਾਕੀ ਸਾਰੀਆਂ ਰਸਮਾਂ ਹੱਸਦੇ-ਖੇਡਦੇ ਪੂਰੀਆਂ ਹੋਈਆਂ ਅਤੇ ਸ਼ਾਮ ਕਰੀਬ 6 ਵਜੇ ਧੀ ਦੀ ਡੋਲੀ ਸਹੁਰੇ ਘਰ ਲਈ ਸ਼ਾਂਤੀਪੂਰਨ ਤਰੀਕੇ ਨਾਲ ਵਿਦਾ ਕਰ ਦਿੱਤੀ ਗਈ। ਪੀੜਤ ਪਿਤਾ ਮੁਤਾਬਕ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਸਮੀਰ ਦੇ ਦਿਲ 'ਚ ਰੰਜਿਸ਼ ਦੀ ਅੱਗ ਬਲ੍ਹ ਰਹੀ ਹੈ। ਰਾਤ ਕਰੀਬ 11.30 ਵਜੇ ਸਮੀਰ ਆਪਣੇ ਦੋਸਤ ਅਤੇ 20-25 ਹਥਿਆਰਾਂ ਨਾਲ ਲੈਸ ਨੌਜਵਾਨਾਂ ਨੂੰ ਲੈ ਕੇ ਉਨ੍ਹਾਂ ਦੇ ਘਰ ਆ ਧਮਕਿਆ। ਦੋਸ਼ੀਆਂ ਨੇ ਆਉਂਦੇ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਘਰ 'ਤੇ ਇੱਟਾਂ-ਪੱਥਰ ਵਰ੍ਹਾਉਣ ਲੱਗੇ। ਜਦੋਂ ਮੁਹੰਮਦ ਅਨਵਰ ਨੇ ਬਾਹਰ ਨਿਕਲ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਨ੍ਹਾਂ ਦੀ ਜੰਮ ਕੇ ਕੁੱਟਮਾਰ ਕੀਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਇਸ ਤੋਂ ਬਾਅਦ ਬਦਮਾਸ਼ਾਂ ਨੇ ਘਰ ਦੇ ਬਾਹਰ ਖੜ੍ਹੀਆਂ 2 ਐਕਟਿਵਾ ਦੀ ਭੰਨ-ਤੋੜ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, 'ਆਪ' 'ਚੋਂ ਅਸਤੀਫ਼ਾ ਦੇਣ ਵਾਲੇ 3 ਵਿਧਾਇਕ ਭਾਜਪਾ 'ਚ ਸ਼ਾਮਲ
ਮੁਹੰਮਦ ਅਨਵਰ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਦਹਿਸ਼ਤ ਫੈਲਾਉਣ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਦੇ ਮੁੱਖ ਦਰਵਾਜ਼ੇ ਨੂੰ ਨਿਸ਼ਾਨਾ ਬਣਾ ਕੇ ਕਰੀਬ 30 ਤੋਂ 35 ਰਾਊਂਡ ਤਾਬੜਤੋੜ ਫਾਇਰਿੰਗ ਕੀਤੀ। ਚੰਗੀ ਗੱਲ ਇਹ ਰਹੀ ਕਿ ਗੋਲੀ ਕਿਸੇ ਪਰਿਵਾਰਕ ਮੈਂਬਰ ਨੂੰ ਨਹੀਂ ਲੱਗੀ ਅਤੇ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਇਹ ਪੂਰੀ ਖ਼ੂਨੀ ਵਾਰਦਾਤ ਘਰ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮਿਹਰਬਾਨ ਦੇ ਐੱਸ. ਐੱਚ. ਓ. ਇੰਸਪੈਕਟਰ ਜਗਦੀਪ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ। ਪੁਲਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਕਰਦੇ ਹੋਏ ਜ਼ਮੀਨ 'ਤੇ ਖਿੱਲਰੇ .30 ਬੌਰ ਦੇ ਹਥਿਆਰਾਂ ਦੇ 12 ਖ਼ਾਲੀ ਖੋਲ ਬਰਾਮਦ ਕੀਤੇ ਹਨ। ਫਾਰੈਂਸਿਕ ਟੀਮ ਇਹ ਜਾਂਚਣ 'ਚ ਜੁੱਟੀ ਹੈ ਕਿ ਫਾਇਰਿੰਗ 'ਚ ਇਸਤੇਮਾਲ ਕੀਤਾ ਗਿਆ ਹਥਿਆਰ ਲਾਇਸੈਂਸ ਸੀ ਜਾਂ ਨਹੀਂ। ਵਾਰਦਾਤ ਤੋਂ ਬਾਅਦ ਪੀੜਤ ਪਰਿਵਾਰ ਖ਼ੌਫ 'ਚ ਹੈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਸਹੁਰੇ ਘਰ ਪੁੱਜ ਚੁੱਕੀ ਨਵੀਂ ਵਿਆਹੀ ਧੀ ਦੀ ਸੁਰੱਖਿਆ ਯਕੀਨੀ ਕਰਨ ਅਤੇ ਦਰਿੰਦਗੀ 'ਤੇ ਉਤਰੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਹੰਮਦ ਅਨਵਰ ਦੀ ਸ਼ਿਕਾਇਤ 'ਤੇ ਮੁੱਖ ਦੋਸ਼ੀ ਸਮੀਰ, ਉਸ ਦੇ ਦੋਸਤ ਲੋਟਾ ਅਤੇ ਹੋਰ ਅਣਪਛਾਤੇ ਹਮਲਾਵਾਰਾਂ ਖ਼ਿਲਾਪ਼ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਭਾਲ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
