ਲੋਹੀਆਂ ’ਚ ਪੰਜ ਕਿਸਾਨਾਂ ਵਿਰੁੱਧ ਪਰਾਲੀ ਸਾੜਨ ਦੇ ਮਾਮਲੇ ਦਰਜ
Wednesday, Oct 29, 2025 - 04:59 AM (IST)
ਲੋਹੀਆਂ (ਸੁਭਾਸ਼ ਸੱਦੀ) - ਪਰਾਲੀ ਸਾੜਨ ਦੇ ਕਈ ਮਾਮਲੇ ਸਾਹਮਣੇ ਆਏ ਹਨ ਤੇ ਲੋਹੀਆਂ ਪੁਲਸ ਵੱਲੋਂ ਖੇਤਾਂ ’ਚ ਅੱਗ ਲਾਉਣ ਵਾਲੇ 5 ਕਿਸਾਨਾਂ ਵਿਰੁੱਧ ਸਰਕਾਰੀ ਆਦੇਸ਼ਾਂ ਨੂੰ ਨਾ ਮੰਨਣ ਦਾ ਮਾਮਲਾ ਦਰਜ ਕਰਦੇ ਹੋਏ ਬੀ. ਐੱਨ. ਐੱਸ. ਦੀ ਧਾਰਾ 223, ਆਈ. ਪੀ. ਸੀ. 188 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ 24 ਅਕਤੂਬਰ 2025 ਨੂੰ ਨੇੜਲੇ ਪਿੰਡ ਗਿੱਦੜਪਿੰਡੀ ’ਚ 12 ਏਕੜ ਰਕਬੇ ’ਚ ਅੱਗ ਲਾਈ ਸੀ, ਜਿਸ ਨਾਲ ਭਾਵੇਂ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸੀ ਤੇ ਇਹ ਅੱਗ ਕਿਸ ਵੱਲੋਂ ਲਾਈ, ਇਹ ਵੀ ਪਤਾ ਨਹੀਂ ਲੱਗ ਸਕਿਆ ਲੇਕਿਨ ਐੱਸ. ਡੀ. ਐੱਮ. ਵੱਲੋਂ ਖੇਤਾਂ ’ਚ ਅੱਗ ਲਾਉਣ ’ਤੇ ਮਨਾਹੀ ਕੀਤੀ ਗਈ ਹੈ, ਦੀ ਉਲੰਘਣਾ ਕਰਨ ’ਤੇ ਦੋ ਭਰਾਵਾਂ ਕਲਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਗਿਦੜਪਿੰਡੀ ਤੇ ਜਗਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਗਿਦੜਪਿੰਡੀ ਥਾਣਾ ਲੋਹੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਜੋਗਿੰਦਰ ਕੌਰ ਪੁੱਤਰੀ ਬਲਵੀਰ ਸਿੰਘ ਵਾਸੀ ਗਿਦੜਪਿੰਡੀ, ਸਤਪਾਲ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਗੱਟਾ ਮੁੰਡੀ ਕਾਸੂ ਥਾਣਾ ਲੋਹੀਆਂ ਤੇ ਗੁਰਚਰਨ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਹਿਰਾਜਵਾਲਾ ਥਾਣਾ ਲੋਹੀਆਂ ਵਿਰੁੱਧ ਵੀ ਖੇਤਾਂ ’ਚ ਅੱਗ ਲਾਉਣ ’ਤੇ ਸਰਕਾਰੀ ਆਦੇਸ਼ਾਂ ਨੂੰ ਨਾ ਮੰਨਣ ਦਾ ਮਾਮਲਾ ਦਰਜ ਕੀਤਾ ਗਿਆ ਹੈ ।
