2 ਪਿੰਡਾਂ ''ਚ ਵਾਪਰੀਆਂ ਵਾਲ ਕੱਟਣ ਦੀਆਂ ਘਟਨਾਵਾਂ

Wednesday, Aug 09, 2017 - 02:56 AM (IST)

2 ਪਿੰਡਾਂ ''ਚ ਵਾਪਰੀਆਂ ਵਾਲ ਕੱਟਣ ਦੀਆਂ ਘਟਨਾਵਾਂ

ਜ਼ੀਰਾ/ਫਿਰੋਜ਼ਪੁਰ,   (ਅਕਾਲੀਆਂ ਵਾਲਾ)—  ਪਿੰਡ ਸਨ੍ਹੇਰ ਵਿਖੇ ਰਾਤ ਸਮੇਂ ਘਰ ਵਿਚ ਸੁੱਤੇ ਪਏ ਨੌਜਵਾਨ ਦੇ ਵਾਲ ਕੱਟੇ ਜਾਣ ਦੀ ਵਾਪਰੀ ਘਟਨਾ ਕਾਰਨ ਪਿੰਡ ਅਤੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਜ਼ੀਰਾ ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ ਪੁੱਤਰ ਚਰਨਜੀਤ ਸਿੰਘ ਰਾਤ ਸਮੇਂ ਆਪਣੇ ਘਰ ਪਰਿਵਾਰਕ ਮੈਂਬਰਾਂ ਤੋਂ ਥੋੜ੍ਹੀ ਦੂਰ ਸੁੱਤਾ ਪਿਆ ਸੀ ਅਤੇ ਸਵੇਰ ਹੋਣ ਤੇ ਇਸ ਨੌਜਵਾਨ ਦੀ ਮਾਂ ਜਦ ਉਸ ਕੋਲ ਗਈ ਤਾਂ ਉਸ ਨੇ ਮੰਜੇ ਦੇ ਕੋਲ ਕੋਈ ਕਾਲੇ ਰੰਗ ਦੀ ਚੀਜ਼ ਪਈ ਦੇਖੀ, ਜਿਸ ਤੋਂ ਉਸ ਨੂੰ ਸੱਪ ਹੋਣ ਦਾ ਸ਼ੱਕ ਹੋਇਆ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਜਦ ਉਨ੍ਹਾਂ ਨੇ ਨੇੜੇ ਆ ਕੇ ਦੇਖਿਆ ਤਾਂ ਗੁਰਸੇਵਕ ਸਿੰਘ ਦੇ ਵਾਲ ਕੱਟੇ ਪਏ ਸਨ ਪਰ ਉਹ ਆਪ ਅਜੇ ਸੁੱਤਾ ਪਿਆ ਸੀ ਅਤੇ ਗੁਰਸੇਵਕ ਸਿੰਘ ਨੂੰ ਆਪਣੇ ਵਾਲ ਕੱਟੇ ਜਾਣ ਸਮੇਂ ਬਿਲਕੁਲ ਪਤਾ ਨਹੀਂ ਲੱਗਿਆ। 
ਗੌਰਤਲਬ ਹੈ ਕਿ ਇਹ ਨੌਜਵਾਨ ਪਿੰਡ ਵਿਚ ਰੇਹੜ੍ਹੀ ਲਾਉਂਦਾ ਹੈ ਅਤੇ ਇਸ ਦਾ ਪਿਤਾ ਚਰਨਜੀਤ ਸਿੰਘ ਨਾਈ ਦਾ ਕੰਮ ਕਰਦਾ ਹੈ। ਜਦ ਇਸ ਸਬੰਧੀ ਐੱਸ. ਐੱਚ. ਓ. ਤਜਿੰਦਰ ਸਿੰਘ ਥਾਣਾ ਸਦਰ ਜ਼ੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ।
ਮੰਡੀ ਘੁਬਾਇਆ, (ਕੁਲਵੰਤ)—ਪਿੰਡ ਲੱਧੂ ਵਾਲਾ ਹਿਠਾੜ 'ਚ ਇਕ ਵਾਰ ਫਿਰ ਵਾਲ ਕੱਟਣ ਦੀ ਘਟਨਾ ਵਾਪਰਨ ਨਾਲ ਪਿੰਡ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇਸੇ ਪਿੰਡ 'ਚ ਹੀ ਦੋ ਦਿਨ ਪਹਿਲਾਂ ਕ੍ਰਿਸ਼ਨਾ ਰਾਣੀ ਨਾਮੀ ਔਰਤ ਦੇ ਵਾਲ ਕੱਟੇ ਗਏ ਸਨ।
ਇਸ ਤਾਜ਼ਾ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਣੀ ਕੌਰ (45) ਪਤਨੀ ਸੁਖਚੈਨ ਸਿੰਘ ਵਾਸੀ ਪਿੰਡ ਲੱਧੂ ਵਾਲਾ ਹਿਠਾੜ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:30 ਵਜੇ ਉਹ ਆਪਣੇ ਘਰ 'ਚ ਆਪਣੀ ਭੈਣ ਤੋਂ ਕੁਝ ਦੂਰ ਸੌਂ ਰਹੀ ਸੀ ਤਾਂ ਉਸ ਨੂੰ ਅਚਾਨਕ ਹੀ ਝਟਕਾ ਜਿਹਾ ਲੱਗਿਆ ਜਿਵੇਂ ਕੋਈ ਉਸ ਦੇ ਵਾਲ ਖਿੱਚ ਰਿਹਾ ਹੋਵੇ। ਉਸ ਨੇ ਖੜ੍ਹੀ ਹੋ ਕੇ ਦੇਖਿਆ ਤਾਂ ਉਸਦੀ ਗੁੱਤ ਕੱਟੀ ਹੋਈ ਮੰਜੇ ਉੱਤੇ ਪਈ ਸੀ। 
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਸੁਰਿੰਦਰ ਬਿੱਟੂ, ਮੇਹਰ ਸਿੰਘ ਹੱਡੀ ਵਾਲਾ, ਮਾਸਟਰ ਆਸ਼ੂਤੋਸ਼ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਗ਼ੈਰ ਕੁਦਰਤੀ ਘਟਨਾਵਾਂ ਪਿੱਛੇ ਪਰਿਵਾਰਕ, ਸਮਾਜਿਕ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਮਨੁੱਖਾਂ ਦਾ ਸਿੱਧਾ ਜਾਂ ਅਸਿੱਧਾ ਹੱਥ ਹੁੰਦਾ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਪਹਿਲਾਂ ਵੀ ਪੜਤਾਲ ਕੀਤੀ ਗਈ ਹੈ, ਜਿਸ ਵਿਚ ਮਨੁੱਖ ਦਾ ਫੋਕੀ ਸ਼ੋਹਰਤ ਹਾਸਲ ਕਰਨ ਦਾ ਹੱਥ ਸਾਹਮਣੇ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੋਈ ਵੀ ਵਿਅਕਤੀ ਦੈਵੀ ਸ਼ਕਤੀ ਜਾਂ ਭੂਤ ਪ੍ਰੇਤ ਸਾਬਤ ਕਰ ਦੇਵੇ ਤਾਂ ਸੁਸਾਇਟੀ ਉਸ ਨੂੰ ਇਕ ਕਰੋੜ ਦਾ ਨਕਦ ਇਨਾਮ ਦੇਵੇਗੀ।


Related News