ਬੁਲੰਦਪੁਰ ''ਚ ਹੋਇਆ ਵਿਅਕਤੀ ''ਤੇ ਹਮਲਾ, ਜਵਾਈ ਸਮੇਤ 4 ''ਤੇ ਮਾਮਲਾ ਦਰਜ

Sunday, Mar 04, 2018 - 06:56 AM (IST)

ਬੁਲੰਦਪੁਰ ''ਚ ਹੋਇਆ ਵਿਅਕਤੀ ''ਤੇ ਹਮਲਾ, ਜਵਾਈ ਸਮੇਤ 4 ''ਤੇ ਮਾਮਲਾ ਦਰਜ

ਜਲੰਧਰ, (ਰਾਜੇਸ਼ ਸ਼ਰਮਾ, ਮਾਹੀ)— ਬੁਲੰਦਪੁਰ ਇਲਾਕੇ ਦੀ ਇਕ ਡੇਅਰੀ ਵਿਚ ਸੁੱਤੇ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਨ ਵਾਲੇ ਉਸਦੇ ਜਵਾਈ ਅਤੇ ਉਸਦੇ ਸਾਥੀਆਂ 'ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਉਕਤ ਵਿਅਕਤੀ 'ਤੇ ਹਮਲਾ ਕਰੀਬ 4 ਦਿਨ ਪਹਿਲਾਂ ਹੋਇਆ ਸੀ, ਜਿਸ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਜ਼ਖ਼ਮੀ ਦੀ ਥਾਣੇ ਭੇਜੀ ਰਿਪੋਰਟ ਵਿਚ ਮਾਮਲਾ ਸੜਕ ਹਾਦਸੇ ਦਾ ਲਿਖ ਦਿੱਤਾ ਸੀ, ਜਿਸ ਕਾਰਨ ਪੁਲਸ ਕੋਈ ਕਾਰਵਾਈ ਨਹੀਂ ਕਰ ਪਾਈ ਪਰ ਪੰਡਿਤ ਦੀਨ ਦਿਆਲ ਉਪਾਧਿਆਏ ਸਮ੍ਰਿਤੀ ਮੰਚ ਦੇ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਦੇ ਮਾਮਲੇ ਵਿਚ ਦਖਲ ਦੇਣ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 
ਜ਼ਖ਼ਮੀ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਬੁਲੰਦਪੁਰ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਆਪਣੀ ਡੇਅਰੀ ਵਿਚ ਸੁੱਤਾ ਹੋਇਆ ਸੀ ਕਿ ਉਸਦੇ ਜਵਾਈ ਸੰਦੀਪ ਨੇ ਆਪਣੇ ਸਾਥੀ ਭੋਲਾ, ਸਾਬੀ, ਰਾਣਾ ਦੇ ਨਾਲ ਆ ਕੇ ਤੇਜ਼ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਤੁਰੰਤ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ। ਥਾਣਾ ਮਕਸੂਦਾਂ ਦੀ ਪੁਲਸ ਨੇ ਜ਼ਖ਼ਮੀ ਗੁਰਪ੍ਰੀਤ ਸਿੰਘ ਦੇ ਜਵਾਈ ਸੰਦੀਪ ਅਤੇ ਉਸਦੇ ਸਾਥੀ ਭੋਲਾ, ਸਾਬੀ, ਰਾਣਾ ਦੇ ਖਿਲਾਫ ਧਾਰਾ 451, 323, 324 ਤਹਿਤ ਮਾਮਲਾ ਦਰਜ ਕਰ ਦਿੱਤਾ ਹੈ, ਜਿਨ੍ਹਾਂ ਦੀ ਤਲਾਸ਼ ਵਿਚ ਪੁਲਸ ਛਾਪੇਮਾਰੀ ਕਰ ਰਹੀ ਹੈ।
ਹਮਲੇ ਦੀ ਬਜਾਏ ਸੜਕ ਹਾਦਸੇ ਦੀ ਰਿਪੋਰਟ ਦੇਣ ਵਾਲੇ ਡਾਕਟਰ ਦੀ ਦਿੱਤੀ ਸ਼ਿਕਾਇਤ : ਪੰਡਿਤ ਦੀਨ ਦਿਆਲ ਉਪਾਧਿਆਏ ਸਮ੍ਰਿਤੀ ਮੰਚ ਪੰਜਾਬ ਪ੍ਰਧਾਨ ਕਿਸ਼ਨ ਲਾਲ ਸ਼ਰਮਾ ਨੇ ਗੁਰਪ੍ਰੀਤ ਸਿੰਘ 'ਤੇ ਹੋਏ ਹਮਲੇ ਤੋਂ ਬਾਅਦ ਥਾਣੇ ਵਿਚ ਉਸਦੀ ਰਿਪੋਰਟ ਹਮਲੇ ਦੀ ਬਜਾਏ ਸੜਕ ਹਾਦਸਾ ਦੇਣ ਵਾਲੇ ਡਾਕਟਰ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ। ਕਿਸ਼ਨ ਲਾਲ ਸ਼ਰਮਾ ਨੇ ਦੱਸਿਆ ਕਿ ਹਮਲੇ ਵਿਚ ਜ਼ਖ਼ਮੀ ਦੀ ਕੋਈ ਕਾਰਵਾਈ ਪੁਲਸ ਡਾਕਟਰ ਦੀ ਗਲਤੀ ਦੇ ਕਾਰਨ ਨਹੀਂ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ ਉਕਤ ਹਸਪਤਾਲ ਦੇ ਡਾਕਟਰ ਖਿਲਾਫ ਸੋਮਵਾਰ ਨੂੰ ਸਿਵਲ ਸਰਜਨ ਦੇ ਸ਼ਿਕਾਇਤ ਦੇਣਗੇ।


Related News