ਗੈਰ-ਕਾਨੂੰਨੀ ਢੰਗ ਨਾਲ ਰੇਤਾ ਭਰ ਕੇ ਲਿਆਉਣ ਵਾਲੇ 2 ਟ੍ਰੈਕਟਰ-ਟਰਾਲੀਆਂ ਦੇ ਚਾਲਕਾਂ ''ਤੇ ਮਾਮਲਾ ਦਰਜ
Thursday, Oct 05, 2017 - 05:24 AM (IST)
ਰਾਹੋਂ, (ਪ੍ਰਭਾਕਰ)- ਸਤਲੁਜ ਦਰਿਆ 'ਚੋਂ ਚੋਰੀ ਰੇਤਾ ਭਰ ਕੇ ਲਿਆਉਣ ਵਾਲੇ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਰਾਹੋਂ ਦੇ ਐੱਸ. ਐੱਚ. ਓ. ਸੁਭਾਸ਼ ਬਾਠ ਨੇ ਦੱਸਿਆ ਕਿ ਏ. ਐੱਸ. ਆਈ. ਮਨਜੀਤ ਲਾਲ ਪੁਲਸ ਪਾਰਟੀ ਨਾਲ ਸਤਲੁਜ ਦਰਿਆ ਵੱਲ ਮਾਈਨਿੰਗ ਸੰਬੰਧੀ ਚੈਕਿੰਗ ਕਰਨ ਲਈ ਜਾ ਰਹੇ ਸਨ ਕਿ ਸਾਹਮਣਿਓਂ ਇਕ ਟ੍ਰੈਕਟਰ-ਟਰਾਲੀ ਰੇਤਾ ਨਾਲ ਭਰੀ ਆ ਰਹੀ ਸੀ। ਟ੍ਰੈਕਟਰ ਦੇ ਚਾਲਕ ਨੂੰ ਰੋਕ ਕੇ ਪੁਖਤਾ ਸਬੂਤ ਦਿਖਾਉਣ ਲਈ ਕਿਹਾ ਤਾਂ ਉਹ ਕੁਝ ਵੀ ਨਾ ਦਿਖਾ ਸਕਿਆ। ਚਾਲਕ ਲਛਮਣ ਸਿੰਘ ਪੁੱਤਰ ਸੰਤ ਸਿੰਘ ਵਾਸੀ ਪਿੰਡ ਲਾਲੇਵਾਲ ਖਿਲਾਫ਼ ਏ. ਐੱਸ. ਆਈ. ਮਨਜੀਤ ਨੇ ਮਾਮਲਾ ਦਰਜ ਕਰ ਕੇ ਟ੍ਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ।
ਇਸੇ ਤਰ੍ਹਾਂ ਹੈੱਡ ਕਾਂਸਟੇਬਲ ਹੇਮ ਰਾਜ ਪੁਲਸ ਪਾਰਟੀ ਨਾਲ ਰਾਹੋਂ ਤੋਂ ਚੈਕਿੰਗ ਕਰਨ ਲਈ ਪਿੰਡ ਖੋਜੇ ਨੂੰ ਜਾ ਰਹੇ ਸਨ ਕਿ ਸਾਹਮਣਿਓਂ ਇਕ ਬਿਨਾਂ ਮਨਜ਼ੂਰੀ ਰੇਤਾ ਨਾਲ ਭਰੀ ਟ੍ਰੈਕਟਰ-ਟਰਾਲੀ ਆ ਰਹੀ ਸੀ।
ਚਾਲਕ ਨੂੰ ਰੋਕ ਕੇ ਉਸ ਦਾ ਨਾਂ-ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂ ਲਛਮਣ ਸਿੰਘ ਪੁੱਤਰ ਬਲਦੇਵ ਸਿੰਘ ਪਿੰਡ ਲਾਲੇਵਾਲ ਦੱਸਿਆ। ਇਸ ਖਿਲਾਫ਼ ਰਾਹੋਂ ਵਿਖੇ ਹੈੱਡ ਕਾਂਸਟੇਬਲ ਹੇਮਰਾਜ ਨੇ ਮਾਮਲਾ ਦਰਜ ਕਰ ਕੇ ਰੇਤਾ ਨਾਲ ਭਰੀ ਟ੍ਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ ਹੈ।
