ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਪੋਸਟਾਂ ਕੀਤੀਆਂ ਸਾਂਝੀਆਂ, ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

Tuesday, Nov 22, 2022 - 06:43 PM (IST)

ਸੋਸ਼ਲ ਮੀਡੀਆ ’ਤੇ ਹਥਿਆਰਾਂ ਨਾਲ ਪੋਸਟਾਂ ਕੀਤੀਆਂ ਸਾਂਝੀਆਂ, ਦੋ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ

ਸਮਰਾਲਾ (ਗਰਗ) : ਪੰਜਾਬ ਪੁਲਸ ਨੇ ਸੂਬੇ ’ਚੋਂ ਗੰਨ ਕਲਚਰ ਨੂੰ ਖ਼ਤਮ ਕਰਨ ਅਤੇ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਸੋਸ਼ਲ ਮੀਡੀਆ ’ਤੇ ਭੜਕਾਊ ਭਾਸ਼ਣ ਦੇਣ ਅਤੇ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਪੋਸਟ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਜੀ.ਪੀ. ਪੰਜਾਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਸਮਰਾਲਾ ਪੁਲਸ ਨੇ ਵੀ ਅੱਜ ਫੇਸਬੁੱਕ ’ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਮਾਹੌਲ ਖ਼ਰਾਬ ਕਰਨ ਵਾਲੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਮਰਾਲਾ ਵਰਿਆਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਹੋਰ ਜਨਤਕ ਥਾਵਾਂ ’ਤੇ ਹਥਿਆਰਾਂ ਨੂੰ ਪ੍ਰਦਰਸ਼ਿਤ ਕਰਨ ’ਤੇ ਪਾਬੰਦੀ ਲਗਾਈ ਗਈ ਹੈ। ਜਿਸ ਤਹਿਤ ਸਥਾਨਕ ਪੁਲਸ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ ਹਥਿਆਰ ਦਿਖਾ ਕੇ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਇੰਗਲੈਂਡ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

ਇਸ ਮੁਹਿੰਮ ਤਹਿਤ ਅੱਜ ਪੁਰਸ਼ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਨੇੜਲੇ ਪਿੰਡ ਮਾਨਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਈਸ਼ਵਰ ਸਿੰਘ ਪੁੱਤਰ ਸੁਲਤਾਨ ਸਿੰਘ ਨੇ ਆਪਣੀ ਫੇਸਬੁੱਕ ’ਤੇ ਹਥਿਆਰ ਦਿਖਾਉਂਦੇ ਹੋਏ ਆਪਣੀ ਫੋਟੋ ਪਾਈ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਨੌਜਵਾਨ ਖ਼ਿਲਾਫ਼ ਥਾਣਾ ਸਮਰਾਲਾ ’ਚ ਮਾਹੌਲ ਖਰਾਬ ਕਰਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇਕ ਹੋਰ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਨਜ਼ਦੀਕੀ ਪਿੰਡ ਬਾਲਿਓਂ ਦੇ ਖਿਲਾਫ ਵੀ ਫੇਸਬੁੱਕ 'ਤੇ ਹਥਿਆਰਾਂ ਨਾਲ ਫੋਟੋਆਂ ਪਾ ਕੇ ਆਮ ਲੋਕਾਂ ’ਚ ਗਲਤ ਪ੍ਰਭਾਵ ਪਾਉਣ ਅਤੇ ਮਾਹੌਲ ਖਰਾਬ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਭਿੰਦਰ ਸਿੰਘ ਘੱਗੂ ਨੇ ਦੱਸਿਆ ਕਿ ਪੁਲਸ ਵੱਲੋਂ ਸੋਸ਼ਲ ਮੀਡੀਆ ਦੇ ਕਈ ਹੋਰ ਪਲੇਟਫਾਰਮਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਅਜਿਹੇ ਗ਼ਲਤ ਅਨਸਰ ਭੜਕਾਊ ਪੋਸਟਾਂ ਅਤੇ ਹਥਿਆਰਾਂ ਨਾਲ ਆਪਣੀਆਂ ਫੋਟੋਆਂ ਪਾ ਕੇ ਮਾਹੌਲ ਖ਼ਰਾਬ ਕਰਨ ’ਚ ਲੱਗੇ ਹੋਏ ਹਨ, ’ਤੇ ਵੀ ਜਲਦ ਹੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਯਾਤਰੀਆਂ ਲਈ ਅਹਿਮ ਖ਼ਬਰ, ਭਾਰਤ ਦੀ ਯਾਤਰਾ ਲਈ ਹੁਣ ਨਹੀਂ ਭਰਨਾ ਪਵੇਗਾ ਇਹ ਫਾਰਮ


author

Manoj

Content Editor

Related News