ਪਟਾਕਾ ਮਾਰਕੀਟ ਨੂੰ ਅੱਗ ਲੱਗਣ ਦੇ ਮਾਮਲੇ ''ਚ 8 ਦੁਕਾਨਦਾਰਾਂ ਖਿਲਾਫ ਕੇਸ ਦਰਜ

Saturday, Oct 21, 2017 - 09:32 AM (IST)

ਪਟਾਕਾ ਮਾਰਕੀਟ ਨੂੰ ਅੱਗ ਲੱਗਣ ਦੇ ਮਾਮਲੇ ''ਚ 8 ਦੁਕਾਨਦਾਰਾਂ ਖਿਲਾਫ ਕੇਸ ਦਰਜ

ਪਟਿਆਲਾ (ਬਲਜਿੰਦਰ)-ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ਦੀ ਦੁਸਹਿਰਾ ਗਰਾਊਂਡ ਵਿਚ ਪਟਾਕਾ ਮਾਰਕੀਟ ਨੂੰ ਲੱਗੀ ਅੱਗ ਦੇ ਮਾਮਲੇ 'ਚ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ 8 ਦੁਕਾਨਦਾਰਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਦੁਕਾਨਦਾਰਾਂ ਵੱਲੋਂ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਪਟਾਕਿਆਂ ਦੀਆਂ ਦੁਕਾਨਾਂ ਲਾਈਆਂ ਗਈਆਂ ਸਨ। 
ਇਸ ਮਾਮਲੇ ਵਿਚ ਜਿਹੜੇ ਦੁਕਾਨਦਾਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਸੋਨੀ ਪੁੱਤਰ ਪੱਪੂ ਠੇਕੇਦਾਰ ਵਾਸੀ ਥੇਹੜੀ ਪਟਿਆਲਾ, ਰਾਜੀਵ ਪੁਰੀ ਪੁੱਤਰ ਬਾਲ ਕ੍ਰਿਸ਼ਨ, ਮੁਖਤਿਆਰ ਸਿੰਘ ਪੁੱਤਰ ਰਾਮ ਸਰੂਪ, ਸ਼ਕੀਲ ਮੁਹੰਮਦ, ਸੰਦੀਪ ਵਾਸੀ ਫੇਜ਼-2 ਅਰਬਨ ਅਸਟੇਟ ਪਟਿਆਲਾ, ਰਾਜੀਵ ਕੁਮਾਰ ਪੁੱਤਰ ਭਗਤ ਰਾਮ, ਮਨਪ੍ਰੀਤ ਖੋਸਲਾ ਪੁੱਤਰ ਅਸ਼ੋਕ ਖੋਸਲਾ ਵਾਸੀ ਅਰਬਨ ਅਸਟੇਟ ਫੇਜ਼-3 ਤੇ ਹਰਵਿੰਦਰ ਸਿੰਘ ਗਿੱਲ ਪੁੱਤਰ ਬਲਵੰਤ ਸਿੰਘ ਵਾਸੀ ਖਾਲਸਾ ਮੁਹੱਲਾ ਪਟਿਆਲਾ ਸ਼ਾਮਲ ਹਨ। ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 188 ਅਤੇ 427 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।  ਇਥੇ ਇਹ ਦੱਸਣਯੋਗ ਹੈ ਕਿ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਹਿਰ ਦੇ ਅਰਬਨ ਅਸਟੇਟ ਇਲਾਕੇ ਵਿਚ ਪਟਾਕਾ ਮਾਰਕੀਟ ਵਿਚ ਅੱਗ ਲੱਗ ਗਈ ਸੀ। ਇਸ ਵਿਚ ਇੱਕ ਦਰਜਨ ਦੇ ਲਗਭਗ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਸਨ। ਲੱਖਾਂ ਰੁਪਏ ਦੇ ਪਟਾਕੇ ਸੜ ਕੇ ਸੁਆਹ ਹੋ ਗਏ ਸਨ। 
ਇਸੇ ਤਰ੍ਹਾਂ ਕਸਬਾ ਬਲਬੇੜਾ ਵਿਖੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮਾਰਕੀਟ ਵਿਚ ਲੱਗੀ ਅੱਗ ਦੇ ਮਾਮਲੇ 'ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਰਾਕੇਸ਼ ਕੁਮਾਰ ਪੁੱਤਰ ਜਗਨ ਲਾਲ ਵਾਸੀ ਬਲਬੇੜਾ ਖਿਲਾਫ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿਚ ਵੀ ਪੁਲਸ ਨੇ ਡਿਪਟੀ ਕਮਿਸ਼ਨਰ ਦੀ ਮਨਜ਼ੂਰੀ ਤੋਂ ਬਿਨਾਂ ਬੱਸ ਅੱਡਾ ਬਲਬੇੜਾ ਵਿਖੇ ਪਟਾਕੇ ਰੱਖਣ ਦੇ ਦੋਸ਼ 'ਚ ਉਕਤ ਵਿਅਕਤੀ ਖਿਲਾਫ 188 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ। ਇਥੇ ਅੱਗ ਲੱਗਣ ਨਾਲ ਨੇੜੇ ਦੀਆਂ ਦੁਕਾਨਾਂ ਅਤੇ 2 ਖੜ੍ਹੇ ਮੋਟਰਸਾਈਕਲ ਸੜ ਕੇ ਸੁਆਹ ਹੋ ਗਏ ਸਨ। ਬਲਬੇੜਾ ਕਸਬਾ ਵਿਖੇ ਵੀ ਅੱਗ ਨਾਲ ਭਾਰੀ ਨੁਕਸਾਨ ਹੋਇਆ ਸੀ।


Related News